ਮਿੱਡੂਖੇੜਾ ਕਤਲ ਮਾਮਲਾ: ਪੀੜਤ ਪਰਿਵਾਰ ਤੇ ਅਕਾਲੀ ਵਰਕਰਾਂ ਵੱਲੋਂ ਇਨਸਾਫ਼ ਲਈ ਵਿਸ਼ਾਲ ਰੋਸ ਮਾਰਚ

120 ਦਿਨ ਬੀਤ ਜਾਣ ਦੇ ਬਾਵਜੂਦ ਪੁਲੀਸ ਹਾਲੇ ਤੱਕ ਸਪੱਸ਼ਟ ਨਹੀਂ ਕਰ ਸਕੀ ਮਿੱਠੂਖੇੜਾ ਕਤਲ ਦੀ ਵਜ੍ਹਾ

ਪੀੜਤ ਪਰਿਵਾਰ ਡਰ ਤੇ ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ ਮਿੱਠੂਖੇੜਾ ਦੇ ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਅਤੇ ਅਕਾਲੀ ਵਰਕਰਾਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਸ਼ਹਿਰ ਵਿੱਚ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ’ਚੋਂ ਕੱਢੇ ਗਏ ਰੋਸ ਮਾਰਚ (ਇਨਸਾਫ਼ ਮਾਰਚ) ਦੀ ਅਗਵਾਈ ਸੀਨੀਅਰ ਅਕਾਲੀ ਆਗੂ ਅਤੇ ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਅਜੈਪਾਲ ਸਿੰਘ ਮਿੱਠੂਖੇੜਾ ਨੇ ਕੀਤੀ। ਸਾਬਕਾ ਡਿਪਟੀ ਮੇਅਰ ਤੇ ਟਕਸਾਲੀ ਆਗੂ ਮਨਜੀਤ ਸਿੰਘ ਸੇਠੀ ਨੇ ਸਮੇਤ ਸਿਵਲ ਸੁਸਾਇਟੀਆਂ ਦੇ ਮੈਂਬਰਾਂ, ਵੱਖ-ਵੱਖ ਸੰਸਥਾਵਾਂ, ਸੇਵਾਮੁਕਤ ਨੌਕਰਸ਼ਾਹ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ਆਪਣੇ ਹੱਥਾਂ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਾਲੀਆਂ ਤਖ਼ਤੀਆਂ ਅਤੇ ਬੈਨਰ ਫੜੇ ਹੋਏ ਸੀ।
ਮਿੱਠੂਖੇੜਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਅੱਜ ਵੀ ਡਰ ਅਤੇ ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਿਹਾ ਹੈ ਲੇਕਿਨ ਹੈਰਾਨੀ ਦੀ ਗੱਲ ਹੈ ਕਿ 120 ਦਿਨ ਬਾਤ ਦੇ ਬਾਵਜੂਦ ਪੁਲੀਸ ਹੁਣ ਤੱਕ ਉਸ ਦੇ ਛੋਟੇ ਭਰਾ ਵਿੱਕੀ ਮਿੱਠੂਖੇੜਾ ਦੇ ਕਤਲ ਸਬੰਧੀ ਹਾਲੇ ਤੱਕ ਕਤਲ ਦੀ ਵਜ੍ਹਾ ਰੰਜ਼ਸ਼ ਦਾ ਪਤਾ ਨਹੀਂ ਲਗਾ ਸਕੀ ਹੈ ਅਤੇ ਨਾ ਹੀ ਹੁਣ ਤੱਕ ਅਸਲ ਦੋਸ਼ੀ ਫੜੇ ਗਏ ਹਨ। ਬੀਤੀ 7 ਅਗਸਤ ਨੂੰ ਇੱਥੋਂ ਦੇ ਸੈਕਟਰ-71 ਦੀ ਮਾਰਕੀਟ ਵਿੱਚ ਦਿਨ ਦਿਹਾੜੇ ਵਿੱਚ ਨਕਾਬਪੋਸ਼ ਹਮਲਾਵਰਾਂ ਨੇ ਵਿੱਕੀ ਮਿੱਠੂਖੇੜਾ ਨੂੰ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ।

ਉਂਜ ਅਜੈਪਾਲ ਮਿੱਠੂਖੇੜਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮੁਹਾਲੀ ਪੁਲੀਸ ’ਤੇ ਪੂਰਾ ਭਰੋਸਾ ਹੈ ਪਰ ਛੋਟੇ ਭਰਾ ਦੇ ਕਾਤਲਾਂ ਨੂੰ ਫੜਨ ਵਿੱਚ ਦੇਰੀ ਹੋਣਾ ਬਹੁਤ ਦੁਖਦਾਈ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਵਿੱਕੀ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਸੀ। ਇਸ ਲਈ ਕੋਈ ਉਸ ਨੂੰ ਕਿਉਂ ਮਾਰੇਗਾ? ਇਹ ਗੱਲ ਉਨ੍ਹਾਂ ਦੇ ਪਰਿਵਾਰ ਦੀ ਸਮਝ ਤੋਂ ਬਾਹਰ ਹੈ। ਉਨ੍ਹਾਂ ਮੰਗ ਕੀਤੀ ਕਿ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਇਹ ਵੀ ਖ਼ਦਸ਼ਾ ਪ੍ਰਗਟ ਕੀਤਾ ਕਿ ਵਿੱਕੀ ਦੇ ਕਤਲ ਲਈ ਜ਼ਿੰਮੇਵਾਰ ਵਿਅਕਤੀ ਕਿਸੇ ਵੀ ਸਮੇਂ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਇਸ ਲਈ ਉਨ੍ਹਾਂ ਦੇ ਪਰਿਵਾਰ ਸਮੇਤ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਸਮਰਥਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।

‘ਇਨਸਾਫ਼ ਮਾਰਚ ਵਿੱਚ ਹਿੱਸਾ ਲੈਣ ਵਾਲਿਆਂ ਨੇ ਕਿਹਾ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ ਅਤੇ ਗੈਂਗਸਟਰ ਦਵਿੰਦਰ ਬੰਬੀਹਾ ਗਰੋਹ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਪਰ ਪੁਲੀਸ ਦੇ ਲੰਮੇ ਹੱਥ ਹੁਣ ਤੱਕ ਦੋਸ਼ੀਆਂ ਤੱਕ ਨਹੀਂ ਪਹੁੰਚ ਸਕੇ। ਗੌਰਵ ਪਟਿਆਲ ਉਰਫ਼ ਲੱਕੀ ਅਰਮੇਨੀਆ ਤੋਂ ਦਵਿੰਦਰ ਬੰਬੀਹਾ ਗਰੋਹ ਚਲਾ ਰਿਹਾ ਹੈ। ਜਿਸ ਨੂੰ ਜਲਦੀ ਭਾਰਤ ਲਿਆਉਣ ਦੀ ਕਾਨੂੰਨੀ ਪ੍ਰਕਿਰਿਆ ਤੇਜ਼ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਵਿੱਕੀ ਦੇ ਵਹਿਸ਼ੀ ਕਤਲ ਪਿੱਛੇ ਮੁੱਖ ਸਾਜ਼ਿਸ਼ਕਰਤਾ ਕੌਣ ਹਨ।

Load More Related Articles

Check Also

ਪੰਜਾਬ ਦੇ ਸਰੋਤਾਂ ਨੂੰ ਲੁੱਟਣ ਵਾਲਿਆਂ ਨੂੰ ਭਾਜਪਾ ’ਤੇ ਦੋਸ਼ ਲਗਾਉਣ ਦਾ ਕੋਈ ਅਧਿਕਾਰ ਨਹੀਂ: ਬੀਬੀ ਰਾਮੂਵਾਲੀਆ

ਪੰਜਾਬ ਦੇ ਸਰੋਤਾਂ ਨੂੰ ਲੁੱਟਣ ਵਾਲਿਆਂ ਨੂੰ ਭਾਜਪਾ ’ਤੇ ਦੋਸ਼ ਲਗਾਉਣ ਦਾ ਕੋਈ ਅਧਿਕਾਰ ਨਹੀਂ: ਬੀਬੀ ਰਾਮੂਵਾਲੀ…