ਐਮਆਈਜੀ ਸੁਪਰ ਮਕਾਨਾਂ ਦੀ ਐਸੋਸੀਏਸ਼ਨ ਦੀ ਚੋਣ ਦਾ ਮੁੱਦਾ ਭਖਿਆ, ਪ੍ਰਧਾਨ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ
ਪੀੜਤਾਂ ਨੇ ਐਸਡੀਐਮ ਨੂੰ ਪੱਤਰ ਸੌਂਪ ਕੇ ਸਾਰੇ ਮੈਂਬਰਾਂ ਦੀਆਂ ਵੋਟਾਂ ਬਣਾਉਣ ਤੇ ਪ੍ਰਬੰਧਕ ਨਿਯੁਕਤ ਕਰਨ ਦੀ ਮੰਗ
ਨਬਜ਼-ਏ-ਪੰਜਾਬ, ਮੁਹਾਲੀ, 12 ਫਰਵਰੀ:
ਇੱਥੋਂ ਦੇ ਸੈਕਟਰ-70 ਸਥਿਤ ਐਮਆਈਜੀ ਸੁਪਰ ਮਕਾਨਾਂ ਦੀ ਐਸੋਸੀਏਸ਼ਨ ਦੀ 16 ਫਰਵਰੀ ਨੂੰ ਹੋਣ ਜਾ ਰਹੀ ਚੋਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਕੁੱਝ ਪੀੜਤ ਵਿਅਕਤੀਆਂ ਨੇ ਐਸਡੀਐਮ ਨੂੰ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਸੁਸਾਇਟੀ ਵਿੱਚ ਰਹਿੰਦੇ ਸਾਰੇ ਵਸਨੀਕਾਂ ਦੀਆਂ ਵੋਟਾਂ ਬਣਾਈਆਂ ਜਾਣ ਅਤੇ ਪ੍ਰਬੰਧਕ ਦੀ ਨਿਗਰਾਨੀ ਹੇਠ ਸੰਸਥਾ ਦੀ ਚੋਣ ਕਰਵਾਈ ਜਾਵੇ। ਐਮਆਈਜੀ ਸੁਪਰ ਦੇ ਵਸਨੀਕਾਂ ਮਹਿੰਦਰ ਸਿੰਘ, ਦਲੀਪ ਸਿੰਘ, ਪ੍ਰੇਮ ਚੰਦ, ਗੁਰਦੇਵ ਸਿੰਘ ਚੌਹਾਨ, ਦੀਪਕ ਸ਼ਰਮਾ, ਰਾਕੇਸ਼ ਭੱਲਾ, ਗੋਪਾਲ ਕ੍ਰਿਸ਼ਨ, ਐਡਵੋਕੇਟ ਮਹਾਦੇਵ ਸਿੰਘ, ਪੰਕਜ ਮੈਣੀ, ਡਾ. ਕੇਵਲ ਕ੍ਰਿਸ਼ਨ ਭੁੱਕਲ, ਅਜੀਤ ਸਿੰਘ ਡੋਡ, ਜਤਿੰਦਰ ਕੁਮਾਰ, ਤਰਨਜੋਤ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਐੱਮਆਈਜੀ ਸੁਪਰ ਵਿੱਚ ਕੁੱਲ 784 ਫਲੈਟਾਂ ਦੀ ਸੁਪਰ ਐਸੋਸੀਏਸ਼ਨ ਆਫ਼ ਵੈੱਲਫੇਅਰ ਪਿਛਲੇ ਕਰੀਬ 27 ਸਾਲਾਂ ਤੋਂ ਕੰਮ ਕਰ ਰਹੀ ਹੈ। ਇਸ ਸੰਸਥਾ ਦੇ ਪ੍ਰਧਾਨ ਆਰਪੀ ਕੰਬੋਜ ਅਤੇ ਜਨਰਲ ਸਕੱਤਰ ਆਰਕੇ ਗੁਪਤਾ ਨੇ ਕਦੇ ਵੀ ਜਨਰਲ ਇਜਲਾਸ ਸੱਦ ਕੇ ਐਸੋਸੀਏਸ਼ਨ ਦੀ ਚੋਣ ਨਹੀਂ ਕਰਵਾਈ।
ਸ਼ਿਕਾਇਤਕਰਤਾਵਾਂ ਨੇ ਕਿਹਾ ਕਿ 784 ਫਲੈਟ ਮੈਂਬਰਾਂ ’ਚੋਂ ਸਿਰਫ਼ 241 ਮੈਂਬਰਾਂ ਨੂੰ ਹੀ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ ਜਦੋਂਕਿ ਕਾਨੂੰਨ ਅਨੁਸਾਰ ਹਰੇਕ ਸਾਲ ਜਨਰਲ ਬਾਡੀ ਦੀ ਮੀਟਿੰਗ ਸੱਦ ਕੇ ਨਵੀਂ ਚੋਣ ਕਰਵਾਉਣੀ ਹੁੰਦੀ ਹੈ ਪਰ ਇਸ ਪ੍ਰਕਿਰਿਆ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਨਗਰ ਨਿਗਮ ਵੱਲੋਂ ਐਸੋਸੀਏਸ਼ਨ ਨੂੰ ਪਾਰਕਾਂ ਦੀ ਦੇਖਭਾਲ ਤੇ ਮੈਂਟੀਨੈਂਸ ਲਈ ਹਰ ਮਹੀਨੇ 23000 ਦਿੱਤੇ ਜਾਂਦੇ ਹਨ, ਇਸ ਦੇ ਬਾਵਜੂਦ ਪਾਰਕਾਂ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਕਾਬਜ਼ ਧਿਰ ਆਪਣੇ ਪੱਧਰ ’ਤੇ ਐਸੋਸੀਏਸ਼ਨ ਦੀ ਚੋਣ ਕਰਵਾ ਰਹੀ ਹੈ, ਜਦੋਂਕਿ ਵੱਡੀ ਗਿਣਤੀ ਵਿੱਚ ਸਥਾਨਕ ਵਸਨੀਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਹੈ।
ਉਧਰ, ਦੂਜੇ ਪਾਸੇ ਐਸੋਸੀਏਸ਼ਨ ਦੇ ਪ੍ਰਧਾਨ ਆਰਪੀ ਕੰਬੋਜ ਨੇ ਸਾਰੇ ਵਸਨੀਕਾਂ ਦੀਆਂ ਵੋਟਾਂ ਨਾ ਬਣਾਉਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਕਰਵਾਏ ਸਭਿਆਚਾਰਕ ਪ੍ਰੋਗਰਾਮ ਦੌਰਾਨ ਮੈਂਬਰਾਂ ਨੂੰ ਫੀਸ ਭਰਕੇ ਮੈਂਬਰਸ਼ਿਪ ਨਵਿਆਉਣ ਲਈ ਕਿਹਾ ਗਿਆ ਸੀ। ਇਸ ਮਗਰੋਂ 15 ਦਸੰਬਰ ਨੂੰ ਜਨਰਲ ਬਾਡੀ ਮੀਟਿੰਗ ਸੱਦ ਕੇ 1 ਫਰਵਰੀ ਤੱਕ ਵੋਟਾਂ ਬਣਾਉਣ ਦਾ ਸਮਾਂ ਤੈਅ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ 30 ਜਨਵਰੀ ਨੂੰ ਕਾਰਜਕਾਰਨੀ ਦੀ ਮੀਟਿੰਗ ਵਿੱਚ ਗੋਪਾਲ ਕ੍ਰਿਸ਼ਨ ਦੀ ਤਜਵੀਜ਼ ’ਤੇ ਵੋਟਾਂ ਬਣਾਉਣ ਦੀ ਤਰੀਕ 5 ਫਰਵਰੀ ਤੱਕ ਵਧਾਈ ਗਈ ਸੀ। ਇਸ ਦੌਰਾਨ ਵਾਰ-ਵਾਰ ਮੈਂਬਰਾਂ ਨੂੰ ਸਾਲਾਨਾ ਫ਼ੀਸ ਜਮ੍ਹਾਂ ਕਰਵਾ ਕੇ ਵੋਟ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਵਿਅਕਤੀਆਂ ਨੇ ਫ਼ੀਸ ਭਰ ਕੇ ਵੋਟਾਂ ਬਣਾਈਆਂ ਹਨ। ਸਿਰਫ਼ ਉਹੀ ਮੈਂਬਰ 16 ਫਰਵਰੀ ਨੂੰ ਹੋਣ ਵਾਲੀ ਚੋਣ ਵਿੱਚ ਭਾਗ ਲੈ ਸਕਣਗੇ। ਸ੍ਰੀ ਕੰਬੋਜ ਨੇ ਦੱਸਿਆ ਕਿ ਪਾਰਕਾਂ ਦੀ ਹਾਲਤ ਬਹੁਤ ਵਧੀਆਂ ਹੈ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਵਾਲੇ ਵਿਅਕਤੀਆਂ ਦਾ ਇੱਕੋ ਇੱਕ ਮੰਤਵ ਹੈ ਕਿ ਜਥੇਬੰਦੀ ਦੀ ਚੋਣ ਨਾ ਹੋਣ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਵਿੱਚ ਚੋਣਾਂ ਵਿੱਚ ਹਿੱਸਾ ਲੈਣ ਦੀ ਹਿੰਮਤ ਹੀ ਨਹੀਂ ਹੈ।