
ਵਾਈਪੀਐਸ ਚੌਂਕ ਨੇੜੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ
ਨਲਕੇ ਦੀ ਹੱਥੀ ਨਾਲ ਸਿਰ ’ਚ ਵਾਰ ਕਰਕੇ ਮਜ਼ਦੂਰ ਨੂੰ ਮੌਤ ਦੇ ਘਾਟ ਉਤਾਰਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ:
ਮੁਹਾਲੀ ਪੁਲੀਸ ਨੇ ਅੱਜ ਇੱਥੋਂ ਦੇ ਵਾਈਪੀਐਸ ਚੌਂਕ ਫੇਜ਼-8 ਨੇੜੇ ਸ਼ਰਾਬ ਦੇ ਠੇਕੇ ਦੇ ਪਿੱਛੇ ਖਾਲੀ ਗਰਾਉਂਡ ਵਿੱਚ ਖੂਨ ਨਾਲ ਲੱਥਪੱਥ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਪਛਾਣ ਰਾਜਾ ਰਾਮ (30) ਵਾਸੀ ਅੰਬ ਸਾਹਿਬ ਕਲੋਨੀ ਵਜੋਂ ਹੈ। ਉਹ ਇੱਥੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਕੋਲ ਰਹਿੰਦਾ ਸੀ। ਰਾਜਾ ਰਾਮ ਮਾਲੀ ਅਤੇ ਮਜ਼ਦੂਰੀ ਦਾ ਕਰਦਾ ਸੀ। ਇਸ ਸਬੰਧੀ ਠੇਕੇ ਕੋਲੋਂ ਲੰਘ ਰਹੇ ਇਕ ਰਾਹਗੀਰ ਨੇ ਸਵੇਰੇ 9 ਵਜੇ ਪੁਲੀਸ ਨੂੰ ਇਤਲਾਹ ਦਿੱਤੀ। ਸੂਚਨਾ ਮਿਲਦੇ ਸੈਂਟਰਲ ਥਾਣਾ ਫੇਜ਼-8 ਦੇ ਏਐਸਆਈ ਰਸ਼ਪ੍ਰੀਤ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ। ਬਾਅਦ ਵਿੱਚ ਡੀਐਸਪੀ (ਸਿਟੀ-2) ਦੀਪ ਕੰਵਲ ਅਤੇ ਥਾਣਾ ਮੁਖੀ ਇੰਸਪੈਕਟਰ ਰਜਨੀਸ਼ ਚੌਧਰੀ ਨੇ ਵੀ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਲਾਸ਼ ਕੋਲੋਂ ਖੂਨ ਨਾਲ ਲਿੱਬੜੀ ਹੋਈ ਨਲਕੇ ਦੀ ਹੱਥੀ ਵੀ ਬਰਾਮਦ ਕੀਤੀ ਹੈ। ਪੁਲੀਸ ਦਾ ਮੰਨਣਾ ਹੈ ਕਿ ਨਲਕੇ ਦੀ ਹੱਥੀ ਨਾਲ ਸਿਰ ਵਿੱਚ ਕਈ ਵਾਰ ਕਰਕੇ ਕਤਲ ਕੀਤਾ ਗਿਆ ਹੈ। ਮ੍ਰਿਤਕ ਦੀ ਇਕ ਬਾਂਹ ’ਤੇ ਬਣੇ ਟੈਟੂ ਦੇ ਦਿਲ ਵਿੱਚ ਰਾਜਾ ਰਾਮ ਲਿਖਿਆ ਹੋਇਆ ਹੈ, ਜੋ ਦੇਖਣ ਨੂੰ ਪ੍ਰਵਾਸੀ ਮਜ਼ਦੂਰ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਟੀਮ ਨੇ ਵੀ ਮੌਕੇ ’ਤੇ ਪਹੁੰਚ ਕੇ ਸੈਂਪਲ ਲਏ ਹਨ।
ਉਧਰ, ਡੀਐਸਪੀ (ਸਿਟੀ-2) ਦੀਪ ਕੰਵਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਨਲਕੇ ਦੀ ਹੱਥੀ ਨਾਲ ਸਿਰ ਵਿੱਚ ਹਮਲਾ ਕਰਕੇ ਪ੍ਰਵਾਸੀ ਮਜ਼ਦੂਰ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਡੀਐਸਪੀ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਵੱਲੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਜਾਵੇਗੀ। ਜ਼ਿਕਰਯੋਗ ਹੈ ਕਿ ਲੌਕਡਾਊਨ ਦੌਰਾਨ ਕੁਝ ਦਿਨ ਪਹਿਲਾਂ ਵੀ ਇਸੇ ਗਰਾਉਂਡ ਵਿੱਚ ਇਕ ਮਜ਼ਦੂਰ ਦਾ ਕਤਲ ਕੀਤਾ ਗਿਆ ਸੀ।