nabaz-e-punjab.com

ਨੇਪਾਲ ਸਮੇਤ ਚਾਰ ਰਾਜਾਂ ਵਿੱਚ ਧੱਕੇ ਖਾਣ ਵਾਲੇ ਪ੍ਰਵਾਸੀ ਮਜਦੂਰ ਦੇ ਪੁੱਤ ਦਾ ਪੰਜਾਬ ਆ ਕੇ ਹੋਇਆ ਦਿਲ ਦਾ ਮੁਫਤ ਸਫਲ ਅਪਰੇਸਨ

ਪੰਜਾਬ ਵਿੱਚ ਮਿਲਦੀਆਂ ਚੰਗੀਆਂ ਸਿਹਤ ਸਹੂਲਤਾਂ ਨੇ ਜਗਾਈ ਸੀ ਇਲਾਜ ਦੀ ਆਸ – ਪ੍ਰਵਾਸੀ ਮਜਦੂਰ

ਆਰ.ਬੀ.ਐਸ.ਕੇ. ਟੀਮ ਢੁੱਡੀਕੇ ਨੇ ਬੱਚੇ ਦੇ ਦਿਲ ਦਾ ਮੁਫਤ ਅਪਰੇਸ਼ਨ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ/ਢੁੱਡੀਕੇ, 20 ਜੂਨ:
ਸਿਵਲ ਹਸਪਤਾਲ ਢੁੱਡੀਕੇ ਦੀ ਆਰ.ਬੀ.ਐਸ.ਕੇ. ਟੀਮ ਵੱਲੋਂ ਰਾਸ਼ਟਰੀਯ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੇ ਦਿਲ ਦਾ ਮੁਫਤ ਅਪਰੇਸ਼ਨ ਫੋਰਟਿਸ ਹਸਪਤਾਲ ਮੁਹਾਲੀ ਤੋਂ ਸਫਲਤਾਪੂਰਵਕ ਕਰਵਾਇਆ ਹੈ। ਇਹ ਵਿਦਿਆਰਥੀ ਇਕ ਪ੍ਰਵਾਸੀ ਦਿਹਾੜੀਦਾਰ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਇਸਦੇ ਪਰਿਵਾਰ ਨੇ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸਮੇਂ ਸਿਰ ਅੱਗੇ ਹੋ ਕੇ ਕਰਵਾਏ ਇਸ ਇਲਾਜ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦਾ ਧੰਨਵਾਦ ਕੀਤਾ ਹੈ। ਵਿਦਿਆਰਥੀ ਬਿਕਰਮ ਸਿੰਘ ਦੇ ਪਿਤਾ ਵਿੰਦੇਸਵਰ ਸਿੰਘ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਉਸਦਾ ਲੜਕਾ ਹਾਲੇ ਦੋ ਸਾਲਾਂ ਦਾ ਹੀ ਸੀ ਕਿ ਉਸਨੂੰ ਚੱਲਦੇ ਚੱਲਦੇ ਨੂੰ ਸਾਹ ਚੜਨ ਦੀ ਸਮੱਸਿਆ ਆਉਣ ਲੱਗੀ। ਕਈ ਵਾਰ ਤਾਂ ਉਹ ਸਾਹੋ ਸਾਹ ਹੋ ਕੇ ਡਿੱਗ ਵੀ ਪੈਂਦਾ ਸੀ। ਵੱਖ ਵੱਖ ਡਾਕਟਰਾਂ ਦੀਆਂ ਸਲਾਹਾਂ ਉੱਤੇ ਉਸਨੇ ਆਪਣੇ ਲੜਕੇ ਦਾ ਇਲਾਜ ਕਰਾਉਣ ਲਈ ਨੇਪਾਲ, ਪੂਰਨੀਆ, ਪਟਨਾ, ਪਾਣੀਪਤ, ਦਿੱਲੀ ਅਤੇ ਉੱਤਰ ਪ੍ਰਦੇਸ ਦੇ ਕਈ ਨਾਮੀਂ ਹਸਪਤਾਲਾਂ ਦੇ ਚੱਕਰ ਕੱਢੇ ਪਰ ਕੁਝ ਵੀ ਪੱਲੇ ਨਾ ਪਿਆ। ਇਕ ਵਾਰ ਤਾਂ ਉਸਨੂੰ ਦਿੱਲੀ ਦੇ ਇਕ ਨਾਮੀਂ ਹਸਪਤਾਲ ਵਿੱਚੋਂ ਪੁਲਿਸ ਦਾ ਡਰਾਵਾ ਦੇ ਕੇ ਰਾਤ ਨੂੰ ਆਪਣੇ ਬੱਚੇ ਨੂੰ ਲੈ ਕੇ ਦੌੜਨਾ ਪਿਆ। ਉਸਨੇ ਦੱਸਿਆ ਕਿ ਇਸ ਕਸਮਕਸ ਵਿਚ ਉਸਨੂੰ ਕਿਸੇ ਨੇ ਪੰਜਾਬ ਵਿੱਚ ਵਧੀਆ ਸਿਹਤ ਸਹੂਲਤਾਂ ਹੋਣ ਬਾਰੇ ਦੱਸਿਆ ਤਾਂ ਉਸ ਨੇ ਪੰਜਾਬ ਆਉਣ ਦਾ ਮਨ ਬਣਾ ਲਿਆ। ਆਪਣੇ ਪੁੱਤ ਦੇ ਇਲਾਜ ਦੀ ਆਸ ਵਿੱਚ ਉਹ ਜਲਿਾ ਮੋਗਾ ਦੇ ਪਿੰਡ ਬੁੱਘੀਪੁਰਾ ਵਿਖੇ ਰਹਿਣ ਲੱਗਾ ਅਤੇ ਆਪਣੇ ਗੁਜਰ ਬਸਰ ਲਈ ਕਿਸੇ ਜਮੀਨਦਾਰ ਪਰਿਵਾਰ ਨਾਲ ਸੀਰੀ ਰਲ ਗਿਆ। ਉਸਨੇ ਆਪਣੇ ਪੁੱਤ ਨੂੰ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਦਾਖਲਾ ਦਿਵਾ ਦਿੱਤਾ। ਇਸੇ ਦੌਰਾਨ ਇੱਕ ਦਿਨ ਸਿਵਲ ਹਸਪਤਾਲ ਢੁੱਡੀਕੇ ਦੀ ਆਰ.ਬੀ.ਐਸ.ਕੇ. ਟੀਮ ਡਾ. ਸਿਮਰਪਾਲ ਸਿੰਘ ਅਤੇ ਡਾ. ਨੇਹਾ ਸਿੰਗਲਾ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਕੀਤੀ ਗਈ ਸਿਹਤ ਜਾਂਚ ਵਿੱਚ ਬਿਕਰਮ ਨੂੰ ਜਮਾਂਦਰੂ ਦਿਲ ਵਿਚ ਸੁਰਾਖ ਦੀ ਬਿਮਾਰੀ ਤੋਂ ਪੀੜਤ ਪਾਇਆ ਗਿਆ। ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਉਪਰੰਤ ਇਸ ਵਿਦਿਆਰਥੀ ਦੇ ਦਿਲ ਦਾ ਅਪਰੇਸ਼ਨ ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਇਲਾਜ ਲਈ ਚਲਾਏ ਜਾ ਰਹੇ ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਫੋਰਟਿਸ ਹਸਪਤਾਲ ਮੁਹਾਲੀ ਤੋਂ ਬਿਲਕੁਲ ਮੁਫਤ ਸਫਲਤਾਪੂਰਵਕ ਕਰਵਾਇਆ ਗਿਆ ਹੈ। ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਨੀਲਮ ਭਾਟੀਆ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਜੀਰੋ ਤੋਂ ਅਠਾਰਾਂ ਸਾਲ ਦੇ ਬੱਚਿਆਂ ਦੀਆਂ 30 ਭਿਆਨਕ ਬਿਮਾਰੀਆਂ ਦੇ ਮੁਫਤ ਇਲਾਜ ਲਈ ਆਂਗਣਵਾੜੀਆਂ ਤੇ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ। ਇਸ ਸਿਹਤ ਜਾਂਚ ਵਿੱਚ ਬੱਚਿਆਂ ਦੇ ਜਮਾਂਦਰੂ ਨੁਕਸ, ਬਿਮਾਰੀ, ਸਰੀਰਿਕ ਘਾਟ ਅਤੇ ਸਰੀਰਿਕ ਵਾਧੇ ਦੀ ਘਾਟ ਆਦਿ ਨੂੰ ਦੇਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਜਲਦ ਬਿਮਾਰੀ ਦੀ ਪਹਿਚਾਣ ਕਰ ਲੈਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਪੂਰੀ ਤਰਾਂ ਸੰਭਵ ਹੈ। ਸੋ ਬੱਚਿਆਂ ਦੀ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੇਅਰ, ਸੁਪੋਰਟ ਅਤੇ ਇਲਾਜ ਤਹਿਤ ਕੀਤੀ ਜਾਂਦੀ ਹੈ। ਆਰਬੀਐਸਕੇ ਢੁੱਡੀਕੇ ਟੀਮ ਵਿੱਚ ਮਨਜੌਤ ਕੌਰ ਸਟਾਫ ਨਰਸ, ਜਸਵੰਤ ਸਿੰਘ ਫਾਰਮਾਸਿਸਟ, ਬਲਾਕ ਐਜੂਕੇਟਰ ਲਖਵਿੰਦਰ ਸਿੰਘ ਅਤੇ ਫਾਰਮੇਸੀ ਅਫਸਰ ਰਾਜ ਕੁਮਾਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਹੈ ਤਾਂ ਤੁਰੰਤ ਆਰ.ਬੀ.ਐਸ.ਕੇ ਟੀਮਾਂ ਨਾਲ ਸੰਪਰਕ ਕੀਤਾ ਜਾਵੇ। ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਤਹਿਤ ਉੱਚ ਪੱਧਰ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਸੰਭਵ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…