Nabaz-e-punjab.com

ਪਰਵਾਸੀ ਮਜ਼ਦੂਰਾਂ ਦਾ ਪੰਜਾਬ ’ਚੋਂ ਵਾਪਸ ਪਿਤਰੀ ਰਾਜਾਂ ਨੂੰ ਜਾਣਾ ਗੰਭੀਰ ਸਮੱਸਿਆ: ਬੀਰਦਵਿੰਦਰ ਸਿੰਘ

ਪੰਜਾਬ ਦਾ ਕਿਰਤ ਤੇ ਸਿਹਤ ਵਿਭਾਗ ਪਰਖ ਦੀ ਘੜੀ ਵਿੱਚ ਹਰ ਪੱਖੋਂ ਫੇਲ੍ਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਕਰੋਨਾਵਾਇਰਸ ਦੀ ਮਹਾਮਾਰੀ ਦੇ ਖ਼ੌਫ਼ ਦੇ ਚੱਲਦਿਆਂ ਪੰਜਾਬ ’ਚੋਂ ਲੱਖਾਂ ਦੀ ਗਿਣਤੀ ਵਿੱਚ ਪਰਵਾਸੀ ਮਜ਼ਦੂਰਾਂ ਦਾ ਵਾਪਸ ਪਿਤਰੀ ਰਾਜਾਂ ਨੂੰ ਜਾਣਾ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੇ। ਖਾਸ ਕਰਕੇ ਉਦਯੋਗਿਕ ਇਕਾਈਆਂ ਵਿੱਚ ਕੰਮ ਕਰਦੇ ਮਾਹਰ ਕਾਮਿਆਂ ਦੇ ਚਲੇ ਜਾਣ ਨਾਲ ਸੂਬੇ ਵਿੱਚ ਪਹਿਲਾਂ ਤੋਂ ਹੀ ਦਮ ਤੋੜ ਰਹੀ ਸਨਅਤਾਂ ਵਿੱਚ ਕਾਰੋਬਾਰ ਠੱਪ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਲਗਭਗ ਸਾਢੇ ਸੱਤ ਲੱਖ ਉਦਯੋਗਿਕ ਅਤੇ ਖੇਤ ਮਜ਼ਦੂਰਾਂ ਦੇ ਘਰ ਵਾਪਸੀ ਕਾਰਨ ਪੈਦਾ ਹੋਇਆ ਖੱਪਾ ਭਰਨਾ ਅੌਖਾ ਹੋ ਜਾਵੇਗਾ, ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੇ ਕਿਰਤ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਇਸ ਪਰਖ ਦੀ ਘੜੀ ਵਿੱਚ ਹਰ ਪੱਖੋਂ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ।
ਉਨ੍ਹਾਂ ਕਿਹਾ ਕਿ ਕਰਫਿਊ ਵਿੱਚ ਫਸੇ ਇਨ੍ਹਾਂ ਮਜ਼ਦੂਰਾਂ ਦੀ ਕਿਰਤ ਵਿਭਾਗ ਨੇ ਕੋਈ ਸਾਰ ਨਹੀਂ ਲਈ। ਜਿਸ ਕਾਰਨ ਮਾਯੂਸ ਹੋ ਕੇ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ, ਜਦੋਂਕਿ ਕਿਰਤ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਮਜ਼ਦੂਰਾਂ ਦੇ ਕੈਂਪ ਲਗਾ ਕੇ ਉਨ੍ਹਾਂ ਦੀਆਂ ਤਕਲੀਫ਼ਾਂ ਤੋਂ ਜਾਣੂ ਹੁੰਦੇ ਅਤੇ ਉਨ੍ਹਾਂ ਨੂੰ ਯੋਗ ਪ੍ਰਬੰਧ ਕਰਨ ਦੀ ਕੋਈ ਤਸੱਲੀ ਦਿੰਦੇ ਅਤੇ ਆਪਣੇ ਪੱਧਰ ’ਤੇ ਸਾਰਥਿਕ ਦਖ਼ਲ ਨਾਲ ਉਦਯੋਗਪਤੀਆਂ ਨੂੰ ਪ੍ਰੇਰਿਤ ਕਰਕੇ ਘੱਟੋ-ਘੱਟ ਕਿਰਤ ਵਿਭਾਗ ਦੀ ਸੂਚੀ ਵਿੱਚ ਦਰਜ਼ ਕਾਮਿਆਂ ਨੂੰ ਅਪਰੈਲ ਮਹੀਨੇ ਦੀ ਉਜ਼ਰਤ ਅਦਾ ਕਰਵਾਉਂਦੇ। ਇਸ ਤਰ੍ਹਾਂ ਸੁਹਿਰਦ ਯਤਨਾਂ ਰਾਹੀਂ ਉਨ੍ਹਾਂ ਉਦਾਸ ਅਤੇ ਅੰਦਰੋਂ ਖੌਫ਼ਜ਼ਦਾ ਮਜ਼ਦੂਰਾਂ ਨੂੰ ਘਰਾਂ ਨੂੰ ਵਾਪਸ ਨਾ ਪਰਤਣ ਲਈ ਪ੍ਰੇਰਿਤ ਕਰਦੇ ਪਰ ਅਫ਼ਸੋਸ ਕਿ ਅਜਿਹਾ ਕੋਈ ਵੀ ਉਦਮ ਨਹੀਂ ਹੋਇਆ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਕਿਰਤ ਵਿਭਾਗ ਦੇ ਉਦਮਾਂ ਅਤੇ ਸਹਾਰਿਆਂ ਦੀ ਅਣਹੋਂਦ ਕਾਰਨ ਕਿਰਤੀ ਕਾਮੇਂ, ਪਸਤ ਹੌਸਲਿਆਂ ਨਾਲ ਆਪਣੇ ਘਰਾਂ ਨੂੰ ਵਾਪਸ ਪਰਤਣ ਲਈ ਮਜਬੂਰ ਹੋ ਰਹੇ ਹਨ। ਕਿਉਂਕਿ ਕਰੋਨਾ ਮਹਾਮਾਰੀ ਦੇ ਖਤਮ ਹੋਣ ਦੀ ਕੋਈ ਵੀ ਉਮੀਦ ਦੀ ਕਿਰਨ ਨੇੜ ਭਵਿੱਖ ਵਿੱਚ ਨਜ਼ਰ ਨਹੀਂ ਆ ਰਹੀ ਹੈ। ਇਸ ਲਈ ਝੋਨੇ ਦੀ ਲਵਾਈ ਸਮੇਂ ਪੰਜਾਬ ਦੀ ਕਿਰਸਾਨੀ ਨੂੰ ਖੇਤ-ਮਜ਼ਦੂਰਾਂ ਦੇ ਤੱਦ ਤੱਕ ਪੰਜਾਬ ਵਾਪਸ ਨਾ ਪਰਤਣ ਦੀ ਅਵਸਥਾ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਨੇ ਰਾਜਸੀ ਪੱਤਾ ਖੇਡਦਿਆਂ ਇਹ ਐਲਾਨ ਕੀਤਾ ਹੈ ਕਿ ਜੇ ਕੇਂਦਰ ਸਰਕਾਰ ਪਰਵਾਸੀ ਮਜ਼ਦੂਰਾਂ ਨੂੰ ਘਰ ਵਾਪਸ ਪਰਤਣ ਲਈ ਰੇਲ ਗੱਡੀਆਂ ਦੇ ਭਾੜੇ ਦਾ ਖਰਚਾ ਨਹੀਂ ਚੁੱਕਦੀ ਤਾਂ ਇਹ ਭਾੜਾ ਕਾਂਗਰਸ ਦੀਆਂ ਰਾਜ ਇਕਾਈਆਂ ਦੇ ਫੰਡ ’ਚੋਂ ਅਦਾ ਕੀਤਾ ਜਾਵੇਗਾ। ਸ੍ਰੀਮਤੀ ਸੋਨੀਆਂ ਗਾਂਧੀ ਇਹ ਐਲਾਨ ਸੁਣਦਿਆਂ ਹੀ ਮੁੱਖ ਮੰਤਰੀ ਨੇ ਤੁਰੰਤ ਹੀ ‘ਤੁਗਲਕੀ ਫੁਰਮਾਨ’ ਜਾਰੀ ਕਰ ਦਿੱਤਾ ਹੈ ਕਿ ਪੰਜਾਬ ’ਚੋਂ ਵਾਪਸ ਪਰਤਣ ਵਾਲੇ ਮਜ਼ਦੂਰਾ ਦਾ ਰੇਲਵੇ ਦੀ ਟਿਕਟ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀਮਤੀ ਸੋਨੀਆਂ ਗਾਂਧੀ ਦਾ ਇਹ ਸਪੱਸ਼ਟ ਐਲਾਨ ਹੈ ਕਿ ਇਹ ਸਾਰਾ ਖਰਚਾ ਕਾਂਗਰਸ ਚੁੱਕੇਗੀ, ਫਿਰ ਪੰਜਾਬ ਦੇ ਖਾਲੀ ਖਜ਼ਾਨੇ ’ਤੇ ਇਹ ਲਗਪਗ 40 ਕਰੋੜ ਰੁਪਏ ਦਾ ਬੋਝ ਮਹਿਜ਼ ਸੋਨੀਆ ਗਾਂਧੀ ਦੀ ਖੁਸ਼ਨੂਦੀ ਹਾਸਲ ਕਰਨ ਲਈ ਕਿਉਂ ਪਾਇਆ ਜਾ ਰਿਹਾ ਹੈ? ਬਾਕੀ ਸਾਰੇ ਪੰਜਾਬ ਦੇ ਕੰਮਾਂ ਲਈ ਸਰਕਾਰੀ ਖਜਾਨਾ ਖਾਲੀ ਹੈ ਪਰ ਕਾਂਗਰਸ ਪ੍ਰਧਾਨ ਨੂੰ ਖ਼ੁਸ਼ ਕਰਨ ਲਈ ਸਰਕਾਰੀ ਖਜਾਨੇ ਦੀ ਲੁੱਟ ਕਰਾਈ ਜਾ ਰਹੀ ਹੈ, ਜਿਸ ਨੂੰ ਪੰਜਾਬ ਦੇ ਲੋਕ ਕਤੱਈ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਉੱਚ ਅਦਾਲਤ ਦਾ ਬੁੂਹਾ ਖੜਕਾਇਆ ਜਾਵੇਗਾ ਅਤੇ ਅਦਾਲਤ ਵਿੱਚ ਇਹ ਯਾਚਨਾ ਕੀਤੀ ਜਾਵੇਗੀ ਕਿ ਇਸ ਅਯੋਗ ਖ਼ਰਚੇ ਦੀ ਭਰਪਾਈ ਮੁੱਖ ਮੰਤਰੀ ਆਪਣੇ ਨਿੱਜੀ ਸਾਧਨਾਂ ’ਚੋਂ ਸਰਕਾਰੀ ਖਜ਼ਾਲੇ ’ਚ ਜਮ੍ਹਾ ਕਰਵਾਉਣ। ਇਸ ਸਬੰਧੀ ਨੌਕਰਸ਼ਾਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਜ਼ਰੂਰੀ ਹੈ ਤਾਂ ਜੋ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਤੋਂ ਬਚਾਇਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…