ਮੁਹਾਲੀ ਤੋਂ ਦੂਜੇ ਦਿਨ ਵਿਸ਼ੇਸ਼ ਰੇਲਗੱਡੀ ਰਾਹੀਂ ਹਰਦੋਈ ਭੇਜੇ 1301 ਪ੍ਰਵਾਸੀ ਮਜ਼ਦੂਰ

91 ਹੋਰ ਪ੍ਰਵਾਸੀ ਮਜ਼ਦੂਰ ਤਿੰਨ ਬੱਸਾਂ ਵਿੱਚ ਉੱਤਰਾਖੰਡ ਲਈ ਹੋਏ ਰਵਾਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਜ਼ਿਲ੍ਹਾ ਪ੍ਰਸ਼ਾਸਨ ਦੀ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਪਿੱਤਰੀ ਰਾਜਾਂ ਵਿੱਚ ਭੇਜਣ ਦਾ ਸਿਲਸਿਲਾ ਜਾਰੀ ਹੈ। ਅੱਜ ਦੂਜੇ ਦਿਨ ਮੁਹਾਲੀ ਰੇਲਵੇ ਸਟੇਸ਼ਨ ਤੋਂ 1301 ਪ੍ਰਵਾਸੀ ਵਿਅਕਤੀਆਂ ਨੂੰ ਵਿਸ਼ੇਸ਼ ਰੇਲਗੱਡੀ ਰਾਹੀਂ ਹਰਦੋਈ (ਯੂਪੀ) ਵਿੱਚ ਭੇਜਿਆ ਗਿਆ। ਇੰਜ ਹੀ 91 ਵਿਅਕਤੀਆਂ ਨੂੰ ਤਿੰਨ ਬੱਸਾਂ ਰਾਹੀਂ ਉੱਤਰਾਖੰਡ ਪਹੁੰਚਾਇਆ ਗਿਆ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਮੁਹਾਲੀ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਰੇਲਗੱਡੀ ਰਵਾਨਾ ਹੋਈ। ਜਿਸ ਵਿੱਚ 3100 ਤੋਂ ਵੱਧ ਵਿਅਕਤੀ ਸਵਾਰ ਸਨ। ਰੇਲਗੱਡੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਅਤੇ ਪੈਕ ਕੀਤਾ ਖਾਣਾ ਪਰੋਸਿਆ ਗਿਆ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਸਾਰੇ ਯਾਤਰੀਆਂ ਨੂੰ ਰਸਤੇ ਵਿੱਚ ਭੁੱਖ ਮਿਟਾਉਣ ਲਈ ਵੱਖਰੇ ਤੌਰ ’ਤੇ ਬਿਸਕੁਟ ਅਤੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਇਹ ਨਾਨ-ਸਟਾਪ ਰੇਲਗੱਡੀ ਰਸਤੇ ਵਿੱਚ ਕਿਸੇ ਸਟੇਸ਼ਨ ’ਤੇ ਨਹੀਂ ਰੁਕੇਗੀ ਅਤੇ ਸਿੱਧਾ ਯੂਪੀ ਦੇ ਹਰਦੋਈ ਸਟੇਸ਼ਨ ’ਤੇ ਜਾ ਕੇ ਰੁਕੇਗੀ।
ਉਧਰ, ਯੂਪੀ ਅਤੇ ਉੱਤਰਾਖੰਡ ਜਾਣ ਲਈ ਪ੍ਰਵਾਸੀ ਵਿਅਕਤੀਆਂ ਦੀ ਭੀੜ ਜਮ੍ਹਾ ਹੋ ਗਈ ਅਤੇ ਰੇਲਗੱਡੀ ਵਿੱਚ ਸਵਾਰ ਹੋਣ ਤੋਂ ਪਹਿਲਾਂ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਗਈਆਂ। ਜ਼ਿਆਦਾਤਰ ਯਾਤਰੀ ਇਕ ਦੂਜੇ ਨਾਲ ਜੁੜੇ ਕੇ ਖੜੇ ਹੋਏ ਸੀ ਅਤੇ ਰੇਲਗੱਡੀ ਵਿੱਚ ਬੈਠਣ ਸਮੇਂ ਵੀ ਪਰਿਵਾਰ ਦੇ ਜੀਅ ਇਕੱਠੇ ਸੀਟਾਂ ’ਤੇ ਆਹਮੋ ਸਾਹਮਣੇ ਬੈਠੇ ਸੀ। ਉਂਜ ਮੁਹਾਲੀ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਰੇਲ ਗੱਡੀ ਅਤੇ ਬੱਸਾਂ ਨੂੰ ਸੈਨੇਟਾਈਜ਼ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…