nabaz-e-punjab.com

ਖਾੜਕੂ ਕਾਰਕੁਨ ਤੇਜਿੰਦਰ ਸਿੰਘ ਤੇਜਾ ਨੂੰ ਜੇਲ੍ਹ ਭੇਜਿਆ

ਲੁਧਿਆਣਾ ਵਿੱਚ ਦੋ ਕਿੱਲੋ ਸੋਨੇ ਦੀ ਡਕੈਤੀ ਮਾਮਲਾ ਦਾ ਮਾਸਟਰ ਮਾਈਂਡ ਸੀ ਮੁਲਜ਼ਮ ਤੇਜਾ

ਸਾਥੀਆਂ ਨਾਲ ਮਿਲ ਕੇ ਸਰਹੱਦੋਂ ਪਾਰ ਮੰਗਵਾਉਂਦਾ ਸੀ ਅਸਲਾ ਤੇ ਕਾਰਤੂਸ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਪੰਜਾਬ ਪੁਲੀਸ ਦੇ ਸਟੇਟ ਕਰਾਈਮ ਕੰਟਰੋਲ ਯੂਨਿਟ ਵੱਲੋਂ ਸਮਾਜ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿੱਚ ਗ੍ਰਿਫ਼ਤਾਰ ਖਾੜਕੂ ਕਾਰਕੁਨ ਤੇਜਿੰਦਰ ਸਿੰਘ ਉਰਫ਼ ਤੇਜਾ ਵਾਸੀ ਪਿੰਡ ਮਹੇਂਦਪੁਰ (ਨਵਾਂ ਸ਼ਹਿਰ) ਨੂੰ ਛੇ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਸੋਮਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਸਟੇਟ ਕਰਾਈਮ ਕੰਟਰੋਲ ਯੂਨਿਟ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਇੱਥੋਂ ਦੇ ਫੇਜ਼-1 ਸਥਿਤ ਸਪੈਸ਼ਲ ਸੈੱਲ ਦੇ ਥਾਣੇ ਵਿੱਚ ਅਸਲਾ ਐਕਟ ਸਮੇਤ ਹੋਰ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਮੁਹਾਲੀ ਦੇ ਡੀਐਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਦੀ ਸੂਚਨਾ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਚੀਨ ਦਾ ਬਣਿਆ .30 ਬੋਰ ਦਾ ਪਿਸਤੌਲ, 10 ਕਾਰਤੂਸ, ਇਕ ਅਪਟਰਾ ਕਾਰ, ਪੁਲੀਸ ਦੀ ਵਰਦੀ ਅਤੇ ਪੁਲੀਸ ਦਾ ਜਾਅਲੀ ਆਈ ਕਾਰਡ (ਸੀਮਾ ਸੁਰੱਖਿਆ ਬਲ) ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਲੁਧਿਆਣਾ ਵਿੱਚ ਦੋ ਕਿੱਲੋ ਸੋਨੇ ਦੀ ਡਕੈਤੀ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦੀ ਸੀ। ਪੁਲੀਸ ਅਨੁਸਾਰ ਮੁਲਜ਼ਮ ਤੇਜਾ ਨੇ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਪੈਸਿਆਂ ਦੇ ਜੁਗਾੜ ਲਈ ਸੋਨੇ ਦੀ ਲੁੱਟ ਕੀਤੀ ਸੀ। ਮੁਲਜ਼ਮ ਖ਼ਾਲਿਸਤਾਨ ਏਜੰਡੇ ਤਹਿਤ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਤਾਕ ਵਿੱਚ ਸੀ। ਜਿਸ ਨੂੰ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਜਨਵਰੀ ਮਹੀਨੇ ਖਰੜ ’ਚੋਂ ਇਕ ਫਾਰਚੂਨਰ ਗੱਡੀ ਵੀ ਖੋਹੀ ਸੀ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਹੋਰ ਨਕਲੀ ਆਈਡੀ ਕਾਰਡ ਜਿਵੇਂ ਕਿ ਆਧਾਰ ਕਾਰਡ, ਨੋਇਡਾ (ਯੂਪੀ) ਤੋਂ ਡਰਾਈਵਿੰਗ ਲਾਇਸੈਂਸ ਵੀ ਤਿਆਰ ਕੀਤੇ ਸਨ।
ਏਆਈਜੀ ਨੇ ਕਿਹਾ ਕਿ ਭਗੌੜਾ ਹੋਣ ਪਿੱਛੋਂ ਉਹ ਹੁਣ ਤੱਕ ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਵੱਖ-ਵੱਖ ਥਾਵਾਂ ’ਤੇ ਲੁਕਿਆ ਰਿਹਾ ਹੈ। ਤੇਜਾ ਪਹਿਲਾਂ ਵੀ ਕਤਲ, ਕਤਲ ਦੀ ਕੋਸ਼ਿਸ਼, ਕਾਰ ਖੋਹਣ, ਡਕੈਤੀ ਆਦਿ ਕਰੀਬ ਦੋ ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੋਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਹੋਰ ਖੁਲਾਸਾ ਕੀਤਾ ਕਿ ਉਹ ਕੱਟੜਪੰਥੀ ਸੀ ਅਤੇ ਕੁਝ ਕੱਟੜ ਖਾੜਕੂ ਕਾਰਕੁਨਾਂ ਵੱਲੋਂ ਮਿਥਕੇ ਕਤਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਮੁਲਜ਼ਮ ਵੱਖ-ਵੱਖ ਜੇਲ੍ਹਾਂ ਵਿੱਚ ਬੰਦੀ ਦੌਰਾਨ ਖਾੜਕੂ ਕਾਰਕੁਨਾਂ ਦੇ ਸੰਪਰਕ ਵਿੱਚ ਆਇਆ ਸੀ।
ਮੁੱਢਲੀ ਪੁੱਛਗਿੱਛ ਦੌਰਾਨ ਤੇਜਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਅਤੇ ਉਸ ਦਾ ਨਜ਼ਦੀਕੀ ਸਾਥੀ ਰਛਪਾਲ ਸਿੰਘ ਉਰਫ਼ ਦੌਲਾ ਵਾਸੀ ਪਿੰਡ ਭੁੱਚਰ ਕਲਾਂ (ਜ਼ਿਲਾ ਤਰਨ ਤਾਰਨ) ਮੌੜ ਅਤੇ ਤਲਵੰਡੀ ਸਾਬੋ ਵਿੱਚ ਐਸਬੀਆਈ ਦੀਆਂ ਮੁੱਖ ਸ਼ਾਖਾਵਾਂ ਤੋਂ ਕਰੰਸੀ ਲੈਣ ਲਈ ਵਰਤੀ ਜਾਂਦੀ ਇੱਕ ਬੈਂਕ ਕੈਸ਼ ਵੈਨ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਇਸ ਬਾਰੇ ਰਸਤਾ ਵੀ ਚੈੱਕ ਕਰ ਲਿਆ ਸੀ ਅਤੇ ਹੋਰ ਜਾਂਚ ਵੀ ਕੀਤੀ ਸੀ। ਦਸੰਬਰ 2019 ਵਿੱਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਅਤੇ ਰਛਪਾਲ ਸਿੰਘ ਉਰਫ ਦੌਲਾ, ਜੋ ਪਹਿਲਾਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਕਰਕੇ ਜੇਲ੍ਹ ਵਿੱਚ ਸਨ, ਨੇ ਸਰਹੱਦ ਪਾਰੋਂ ਅਤਿ ਆਧੁਨਿਕ ਹਥਿਆਰ ਪ੍ਰਾਪਤ ਕੀਤੇ। ਇਹ ਹੁਣ ਤਰਨਤਾਰਨ ਵਿੱਚ ਕਤਲ ਦੇ ਇਕ ਤਾਜ਼ਾ ਮਾਮਲੇ ਵਿੱਚ ਫਰਾਰ ਸੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…