Share on Facebook Share on Twitter Share on Google+ Share on Pinterest Share on Linkedin ਖਾੜਕੂ ਗਤੀਵਿਧੀਆਂ: ਮੁਹਾਲੀ ਅਦਾਲਤ ਨੇ ਨੌਜਵਾਨ ਦੇ ਪੁਲੀਸ ਰਿਮਾਂਡ ’ਚ ਵਾਧਾ, ਨਰਸ ਨੂੰ ਜੇਲ੍ਹ ਭੇਜਿਆ ਸਪੈਸ਼ਲ ਅਪਰੇਸ਼ਨ ਸੈੱਲ ਨੇ ਮਾਨ ਦਲ ਦੇ ਸਰਕਲ ਪ੍ਰਧਾਨ ਰਾਣਾ ਨੂੰ ਹਿਰਾਸਤ ਵਿੱਚ ਲੈ ਕੇ ਕੀਤੀ ਪੁੱਛਗਿੱਛ, ਰਿਹਾਅ ਬਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਦੀ ਕਹਾਣੀ ਨੂੰ ਝੂਠਾ ਦੱਸਿਆ, ਕਿਹਾ ਮੁਲਜ਼ਮਾਂ ਕੋਲੋਂ ਹੁਣ ਤੱਕ ਨਹੀਂ ਹੋਇਆ ਕੁਝ ਬਰਾਮਦ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਨਵੰਬਰ: ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਸਮਾਜ ਵਿਰੋਧੀ ਅਤੇ ਖਾੜਕੂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਸ਼ੱਕ ਤਹਿਤ ਗ੍ਰਿਫ਼ਤਾਰ ਕੀਤੇ ਲਖਵੀਰ ਸਿੰਘ ਵਾਸੀ ਹੁਸ਼ਿਆਰਪੁਰ ਅਤੇ ਸੁਰਿੰਦਰ ਕੌਰ ਵਾਸੀ ਫਰੀਦਕੋਟ ਨੂੰ ਪਹਿਲਾਂ ਦਿੱਤਾ ਦੋ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਬੁੱਧਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਲਖਵੀਰ ਸਿੰਘ ਦੇ ਪੁਲੀਸ ਰਿਮਾਂਡ ਵਿੱਚ ਇਕ ਦਿਨ ਦਾ ਹੋਰ ਵਾਧਾ ਕਰਨ ਅਤੇ ਮਹਿਲਾ ਮੁਲਜ਼ਮ ਸੁਰਿੰਦਰ ਕੌਰ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਬਚਾਅ ਪੱਖ ਦੀ ਅਪੀਲ ’ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਦਾਲਤ ਨੇ ਪੁਲੀਸ ਦੀ ਝਾੜ-ਝੰਬ ਵੀ ਕੀਤੀ ਅਤੇ ਸਾਫ਼ ਕਿਹਾ ਕਿ ਮੁਲਜ਼ਮਾਂ ਨੂੰ ਪੇਸ਼ ਕਰਨ ਵੇਲੇ ਜਾਂਚ ਅਧਿਕਾਰੀ ਖ਼ੁਦ ਹਾਜ਼ਰ ਹੋਣ। ਮੁਲਜ਼ਮਾਂ ’ਤੇ ਖਾੜਕੂ ਕਾਰਕੁਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਕਰਵਾਉਣ ਦਾ ਦੋਸ਼ ਹੈ। ਉਨ੍ਹਾਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੁਰਿੰਦਰ ਕੌਰ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਦੀ ਨਰਸ ਹੈ ਜਦੋਂਕਿ ਲਖਵੀਰ ਦੁਬਈ ਵਿੱਚ ਡਰਾਈਵਰੀ ਕਰਦਾ ਹੈ। ਪਿਛਲੇ ਦਿਨੀਂ ਉਸ ਨੂੰ ਏਅਰਪੋਰਟ ਨੇੜਿਓਂ ਗ੍ਰਿਫ਼ਤਾਰ ਕੀਤਾ ਦੱਸਿਆ ਗਿਆ ਹੈ ਜਦੋਂਕਿ ਨਰਸ ਨੂੰ ਲੁਧਿਆਣਾ ’ਚੋਂ ਕਾਬੂ ਕੀਤਾ ਗਿਆ ਸੀ। ਉਧਰ, ਸਪੈਸ਼ਲ ਅਪਰੇਸ਼ਨ ਸੈੱਲ ਦੀ ਟੀਮ ਵੱਲੋਂ ਅੱਜ ਸਵੇਰੇ ਅਕਾਲੀ ਦਲ (ਮਾਨ) ਦੇ ਰਾਜਪੁਰਾ ਸਰਕਲ ਦੇ ਪ੍ਰਧਾਨ ਜਗਪਾਲ ਸਿੰਘ ਰਾਣਾ ਨੂੰ ਹਿਰਾਸਤ ਵਿੱਚ ਲੈ ਕੇ ਲੰਮੀ ਪੁੱਛਗਿੱਛ ਕੀਤੀ ਗਈ। ਰਾਣਾ ਅਤੇ ਲਖਵੀਰ ਫੇਸਬੁੱਕ ਫਰੈਂਡ ਹਨ। ਸੁਰਿੰਦਰ ਕੌਰ ਵੀ ਫੇਸਬੁੱਕ ਅਕਾਊਂਟ ’ਤੇ ਉਸ ਨਾਲ ਜੁੜੀ ਸੀ। ਜਿਵੇਂ ਹੀ ਮਾਨ ਦਲ ਦੇ ਬੰਦਿਆਂ ਨੂੰ ਰਾਣਾ ਨੂੰ ਘਰੋਂ ਚੁੱਕਣ ਬਾਰੇ ਪਤਾ ਲੱਗਿਆ ਤਾਂ ਕਾਫੀ ਸਰਗਰਮ ਆਗੂ ਮੁਹਾਲੀ ਸਥਿਤ ਸਪੈਸ਼ਲ ਅਪਰੇਸ਼ਨ ਸੈੱਲ ਦੇ ਦਫ਼ਤਰ ਦੇ ਬਾਹਰ ਪਹੁੰਚ ਗਏ ਅਤੇ ਜਗਪਾਲ ਰਾਣਾ ਨੂੰ ਬੇਕਸੂਰ ਦੱਸਦਿਆਂ ਉਸ ਦਾ ਚਾਲ ਚੱਲਣ ਸਾਫ਼ ਸੁਥਰਾ ਦੱਸਿਆ ਗਿਆ। ਪੁਲੀਸ ਨੇ ਮੁੱਢਲੀ ਪੁੱਛਗਿੱਛ ਤੋਂ ਬਾਅਦ ਰਾਣਾ ਨੂੰ ਰਿਹਾਅ ਕਰ ਦਿੱਤਾ। ਪੁਲੀਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਲਖਵੀਰ ਨੇ ਸਿੱਖ ਰੈਜ਼ੀਮੈਂਟ ਨਾਂ ਦਾ ਸੋਸ਼ਲ ਮੀਡੀਆ ’ਤੇ ਗਰੁੱਪ ਬਣਾਇਆ ਹੋਇਆ ਹੈ। ਇਸ ਗਰੁੱਪ ਵਿੱਚ ਪਾਕਿਸਤਾਨ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਕਈ ਹੋਰਨਾਂ ਮੁਲਕਾਂ ਦੇ ਲੋਕ ਵੀ ਸ਼ਾਮਲ ਹਨ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਦਾ ਯੂਪੀ ਦੇ ਰਾਜ ਸਿੰਘ ਨਾਲ ਵੀ ਤਾਰ ਜੁੜੇ ਹੋਏ ਹਨ। ਜਿਸ ਨੇ ਲਖਵੀਰ ਨੂੰ ਗਰਨੇਡ ਮੁਹੱਈਆ ਕਰਵਾਉਣਾ ਸੀ। ਦੋਵਾਂ ਦੀ ਵਸਟਐਪ ਗਰੁੱਪ ’ਤੇ ਹਥਿਆਰਾਂ ਨੂੰ ਲੈ ਕੇ ਗੱਲ ਵੀ ਚੱਲ ਰਹੀ ਸੀ। ਇਸ ਗਰੁੱਪ ਵਿੱਚ ਸ਼ਾਮਲ ਇੰਦਰਜੀਤ ਸਿੰਘ, ਬਲਜੀਤ ਸਿੰਘ ਅਤੇ ਬਲਬੀਰ ਸਿੰਘ ਸਮੇਤ ਹੋਰਨਾਂ ਵਿਅਕਤੀਆਂ ਤੋਂ ਵੀ ਪੁੱਛਗਿੱਛ ਕਰਨੀ ਬਾਕੀ ਹੈ। ਮੁਲਜ਼ਮ ਲਖਵੀਰ ਦੇ ਖਾਤੇ ਵਿੱਚ ਤਿੰਨ ਵਾਰ ਵਿਦੇਸ਼ ’ਚੋਂ ਹਜ਼ਾਰਾਂ ਰੁਪਏ ਦੀ ਰਾਸ਼ੀ ਟਰਾਂਸਫਰ ਹੋਈ ਅਤੇ ਮੁਲਜ਼ਮ ਕੋਲੋਂ ਇਕ ਪਿਸਤੌਲ ਵੀ ਬਰਾਮਦ ਕਰਨਾ ਹੈ। ਉਧਰ, ਬਚਾਅ ਪੱਖ ਦੇ ਵਕੀਲਾਂ ਚੰਦਰ ਸੇਖਰ ਬਾਵਾ ਅਤੇ ਕੁਲਵਿੰਦਰ ਕੌਰ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਪੁਲੀਸ ਦੀ ਕਹਾਣੀ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਿਛਲੇ ਅੱਠ ਦਿਨਾਂ ਤੋਂ ਪੁਲੀਸ ਦੀ ਹਿਰਾਸਤ ਵਿੱਚ ਹਨ ਲੇਕਿਨ ਹੁਣ ਤੱਕ ਪੁਲੀਸ ਕੁਝ ਵੀ ਬਰਾਮਦ ਨਹੀਂ ਕਰ ਸਕੀ। ਬਚਾਅ ਪੱਖ ਨੇ ਵਿਦੇਸ਼ੀ ਫੰਡਿੰਗ ਦੇ ਦੋਸ਼ਾਂ ਨੂੰ ਵੀ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸਿੱਖ ਰੈਜ਼ੀਮੈਂਟ ਗਰੁੱਪ ਦੀ ਗੱਲ ਹੈ, ਅਜਿਹੇ ਗਰੁੱਪ ਸੋਸ਼ਲ ਮੀਡੀਆ ’ਤੇ ਬਹੁਤ ਮਿਲ ਜਾਣਗੇ। ਜੇਕਰ ਕੋਈ ਸੋਸ਼ਲ ਮੀਡੀਆ ਗਰੁੱਪ ’ਤੇ ਕੁਮੈਂਟਸ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ ਹੈ। ਆਜ਼ਾਦ ਭਾਰਤ ਵਿੱਚ ਹਰੇਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਪੁਰਾ ਹੱਕ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ