ਮਿਲਟਰੀ ਲਿਟਰੇਚਰ ਫੈਸਟੀਵਲ: ਘੋੜਸਵਾਰਾਂ ਦੇ ਹੈਰਤ ਅੰਗੇਜ਼ ਕਰਤੱਬਾਂ ਨੇ ਸਮਾਂ ਬੰਨ੍ਹਿਆ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਦਸੰਬਰ:
ਚੰਡੀਗੜ੍ਹ ਵਿੱਚ ਹੋਣ ਵਾਲੇ ਪਹਿਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਪੂਰਵ ਸੰਧਿਆ ਮੌਕੇ ਫੈਸਟੀਵਲ ਦੇ ਸਮਾਗਮਾਂ ਦੀ ਲੜੀ ਤਹਿਤ ਅੱਜ ਕਰਵਾਏ ਗਏ ਘੋੜਸਵਾਰੀ ਸ਼ੋਅ ਦੌਰਾਨ ਘੋੜਸਵਾਰਾਂ ਦੇ ਹੈਰਤ ਅੰਗੇਜ਼ ਕਰਤੱਬਾਂ ਨੇ ਸਮਾਂ ਬੰਨ੍ਹਿਆਂ। ਭਲਕੇ 7 ਤੋਂ 9 ਦਸੰਬਰ ਤੱਕ ਕਰਵਾਏ ਜਾਣ ਵਾਲੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਰਸਮੀ ਆਗਾਜ਼ ਭਲਕੇ ਹੋਵੇਗਾ ਪ੍ਰੰਤੂ ਅੱਜ ਦੇ ਘੋੜਸਵਾਰੀ ਸ਼ੋਅ ਨੇ ਸਿਟੀ ਬਿਊਟੀਫੁੱਲ ਦੇ ਬਾਸ਼ਿੰਦਿਆਂ ਦਾ ਮਨੋਰੰਜਨ ਕਰ ਕੇ ਅੱਜ ਤੋਂ ਇਸ ਫੈਸਟੀਵਲ ਨਾਲ ਜੋੜ ਲਿਆ। ਪੰਜਾਬ ਸਿਵਲ ਸਕੱਤਰੇਤ ਦੇ ਗਰਾਊਂਡ ਵਿਖੇ ਹੋਏ ਘੋੜਸਵਾਰੀ ਸ਼ੋਅ ਦੌਰਾਨ ਜਿੱਥੇ ਘੋੜਸਵਾਰਾਂ ਵੱਲੋਂ ਕਰਤੱਵ ਦਿਖਾਏ ਜਾ ਰਹੇ ਸਨ ਉਥੇ ਪੰਜਾਬ ਪੁਲਿਸ ਅਤੇ ਭਾਰਤੀ ਸੈਨਾ ਦੇ ਬੈਂਡ ਵੱਲੋਂ ਵਜਾਈਆਂ ਗਈਆਂ ਮਧੁਰ ਤੇ ਬੀਰ ਰਸ ਭਰਪੂਰ ਧੁਨਾਂ ਨੇ ਮਾਹੌਲ ਵਿੱਚ ਸੰਗੀਤਕ ਜੋਸ਼ ਭਰਿਆ। ਪੰਜਾਬ ਆਰਮਡ ਪੁਲਿਸ, ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ, ਭਾਰਤੀ ਸੈਨਾ ਦੀ ਆਰਮੀ ਸਪਲਾਈ ਕੋਰ ਅਤੇ 879 ਐਨੀਮਲ ਟਰਾਂਸਪੋਰਟ ਕੰਪਨੀ ਦੇ ਘੋੜਸਵਾਰ ਜਵਾਨਾਂ ਨੇ ਵੱਖ-ਵੱਖ ਤਰ੍ਹਾਂ ਦੇ ਕਰਤੱਬ ਦਿਖਾਏ।
ਘੋੜਸਵਾਰਾਂ ਵੱਲੋਂ ਜੰਪਿੰਗ, ਤੀਹਰੀ ਟੈਂਟ ਪੈਗਿੰਗ ਅਤੇ ਕਰਾਸ ਟੈਂਟ ਸ਼ੋਅ ਕਰਦਿਆਂ ਦਰਸ਼ਕ ਪੱਬਾਂ ਭਾਰ ਹੋ ਗਏ। ਘੋੜਸਵਾਰਾਂ ਨੇ ਗਰਾਊਂਡ ਵਿੱਚ ਰੱਖੇ ਡਰੰਪ, ਬੈਰੀਅਰ, ਜਾਲ, ਜਿਪਸੀਆਂ, ਮੋਟਰ ਸਾਈਕਲਾਂ ਅਤੇ ਅੱਗ ਦੇ ਗੋਲਿਆਂ ਵਿੱਚੋਂ ਦਲੇਰੀ ਨਾਲ ਪਾਰ ਕਰਦਿਆਂ ਦਰਸ਼ਕਾਂ ਦਾ ਖੂਬ ਸਿਹਤਮੰਦ ਮਨੋਰੰਜਨ ਕੀਤਾ। ਕਈ ਘੋੜਸਵਾਰਾਂ ਵੱਲੋਂ ਦੌੜਦਿਆਂ ਧਰਤੀ ’ਤੇ ਰੱਖੇ ਰੰਗ ਬਿਰੰਗੇ ਰੁਮਾਲ ਵੀ ਚੁੱਕੇ ਗਏ। ਜੋਸ਼ ਭਰਪੂਰ ਘੋੜਸਵਾਰੀ ਸ਼ੋਅ ਦੌਰਾਨ 879 ਐਨੀਮਲ ਟਰਾਂਸਪੋਰਟ ਬਟਾਲੀਅਨ ਵੱਲੋਂ ਹਾਸੇ ਭਰਪੂਰ ਸ਼ੋਅ ਵੀ ਕੀਤਾ ਗਿਆ ਜਿਸ ਵਿੱਚ ਜੋਕਰ ਦੇ ਕਰਤੱਬ ਸਭ ਤੋਂ ਵੱਧ ਖਿੱਚ ਭਰਪੂਰ ਸੀ। ਇਨ੍ਹਾਂ ਵੱਲੋਂ ਅੌਖੇ ਪੜਾਅ ਵੀ ਪਾਰ ਕੀਤੇ ਗਏ।
ਘੋੜਸਵਾਰੀ ਦਾ ਸਭ ਤੋਂ ਅੌਖਾ ਈਵੈਂਟ ਸੁਖਮਨ ਪ੍ਰੀਤ ਸਿੰਘ ਸੰਧੂ ਨੇ ਤੀਹਰੀ ਟੈਂਟ ਪੈਗਿੰਗ ਰਾਹੀਂ ਕੀਤਾ ਜਦੋਂ ਉਸ ਨੇ ਘੋੜੇ ਉਪਰ ਦੌੜਦਿਆਂ ਦੋਵਾਂ ਹੱਥਾਂ ਅਤੇ ਇਕ ਮੂੰਹ ਰਾਹੀਂ ਪਕੜੇ ਨੇਜ਼ੇ ਨਾਲ ਵਾਰੋ-ਵਾਰੀ ਤਿੰਨ ਨਿਸ਼ਾਨੇ ਚੁੱਕੇ। ਘੋੜਸਵਾਰੀ ਦਾ ਸ਼ੋਅ ਉਸ ਵੇਲੇ ਸਿਖਰ ’ਤੇ ਪਹੁੰਚ ਗਿਆ ਜਦੋਂ ਘੋੜਸਵਾਰਾਂ ਵਿੱਚ ਸ਼ਾਮਲ ਇਕ ਮਹਿਲਾ ਅਫਸਰ ਲੈਫਟੀਨੈਂਟ ਰਿਤੀਕਾ ਦਹੀਆ ਨੇ ਆਪਣੇ ਨੈਪੋਲੀਅਨ ਘੋੜੇ ਉਤੇ ਸਵਾਰੀ ਕਰਦਿਆਂ ਅੱਗ ਦੇ ਗੋਲੇ ਨੂੰ ਪਾਰ ਕੀਤਾ। ਮਹਿਲਾ ਸਸ਼ਕਤੀਕਰਨ ਦੀ ਪ੍ਰਤੀਕ ਰਿਤੀਕਾ ਦੇ ਈਵੈਂਟ ਉਪਰ ਸਭ ਤੋਂ ਵੱਧ ਤਾੜੀਆਂ ਪਈਆਂ।
ਇਸ ਸ਼ੋਅ ਦੌਰਾਨ ਛੋਟੇ ਬੱਚੇ ਵੀ ਪਿੱਛੇ ਨਹੀਂ ਰਹੇ। ਚੰਡੀਗੜ੍ਹ ਹੌਰਸ ਰਾਈਡਿੰਗ ਸੁਸਾਇਟੀ, ਪੱਛਮੀ ਕਮਾਂਡ ਤ੍ਰਿਵੈਣੀ ਰਾਈਡਿੰਗ ਸਕੂਲ ਦੇ ਨੌਜਵਾਨ ਮੈਂਬਰਾਂ ਨੇ ਵੀ ਘੋੜਸਵਾਰੀ ਦੇ ਕਰਤੱਬ ਦਿਖਾਏ। ਸਮਾਗਮ ਦੌਰਾਨ ਪੰਜਾਬ ਪੁਲਿਸ ਦੇ ਬਰਾਸ ਬੈਂਡ ਅਤੇ ਭਾਰਤੀ ਫੌਜ ਦੀ ਛੇਵੀਂ ਡੋਗਰਾ ਬਟਾਲੀਅਨ ਵੱਲੋਂ ਵਜਾਈਆਂ ਮਧੁਰ ਧੁਨਾਂ ਨੇ ਸੰਗੀਤਕ ਮਾਹੌਲ ਬਣਾਇਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ (ਰਿਟਾਇਡ) ਨੇ ਕਿਹਾ ਕਿ ਇਹੋ ਜਿਹੇ ਈਵੈਂਟ ਨੂੰ ਕਰਾਉਣ ਦਾ ਮਨੋਰਥ ਨਾ ਸਿਰਫ਼ ਗਿਆਨ ਦਾ ਪਸਾਰਾ ਕਰਨਾ ਤੇ ਮਿਲਟਰੀ ਦਾ ਇਤਿਹਾਸ ਦਰਸਾਉਣਾ ਹੈ ਬਲਕਿ ਆਮ ਜਨ ਸਮੂਹ ਖਾਸ ਤੌਰ ’ਤੇ ਬੱਚਿਆਂ ਨੂੰ ਭਾਰਤੀ ਆਰਮਡ ਫੋਰਸਜ਼ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਾਉਣਾ ਵੀ ਹੈ। ਉਨ੍ਹਾਂ ਦੱਸਿਆ ਕਿ ਇਸ ਫੈਸਟੀਵਲ ਵਿਚ ਟਰਾਈਸਿਟੀ ਨਾਲ ਲੱਗਦੇ ਇਲਾਕਿਆਂ ਦੇ 1200 ਤੋਂ ਵੱਧ ਬੱਚੇ ਭਾਗ ਲੈਣਗੇ ਅਤੇ ਬਹਾਦਰ ਯੋਧਿਆਂ ਨੂੰ ਸਮਰਪਿਤ “ਸੰਵਾਦ” ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਪੈਰਾਮੋਟਰ ਪੇਸ਼ਕਾਰੀ, ਬੈਂਡ ਦੀਆਂ ਮਨਮੋਹਕ ਧੁਨਾਂ ਅਤੇ ਮੋਟਰ ਸਾਈਕਲ ਡੇਅਰਡੈਵਿਲ ਟੀਮ ਨੇ ਰਿਹਰਸਲ ਕਰਕੇ ਸੁਖਨਾ ਝੀਲ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਦੇ ਲੋਕਾਂ ਦਾ ਦਿਲ ਟੁੰਬਿਆ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…