ਮੁਹਾਲੀ ਵਿੱਚ ਦੁਧਾਰੂ ਪਸ਼ੂ ਚੋਰੀ ਕਰਨ ਵਾਲਾ ਗਰੋਹ ਸਰਗਰਮ, ਪਿੰਡ ਧਰਮਗੜ੍ਹ ਤੇ ਕੰਡਾਲਾ ’ਚੋਂ ਅੱਠ ਪਸ਼ੂ ਚੋਰੀ

ਸੀਸੀਟੀਵੀ ਕੈਮਰੇ ਦੀ ਫੋਟੇਜ ਅਨੁਸਾਰ ਕੈਂਟਰ ਅਤੇ ਸਵਰਾਜ ਮਾਜ਼ਦਾ ਗੱਡੀ ਵਿੱਚ ਆਏ ਸੀ ਚੋਰ

ਸੋਹਾਣਾ ਥਾਣਾ ਦੇ ਐਸਐਚਓ ਦਲਜੀਤ ਗਿੱਲ ਤੇ ਜਾਂਚ ਅਧਿਕਾਰੀ ਨੈਬ ਸਿੰਘ ਨੇ ਕੀਤਾ ਪਿੰਡਾਂ ਦਾ ਦੌਰਾ, ਪਸ਼ੂ ਪਾਲਕਾਂ ਦੀ ਗੱਲ ਸੁਣੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਪਿੰਡਾਂ ਵਿੱਚ ਚੰਗੀ ਨਸਲ ਦੇ ਦੁਧਾਰੂ ਪਸ਼ੂ ਚੋਰੀ ਕਰਨ ਵਾਲਾ ਫਿਰ ਤੋਂ ਸਰਗਰਮ ਹੋ ਗਿਆ ਹੈ। ਇੱਥੋਂ ਦੇ ਨਜ਼ਦੀਕੀ ਪਿੰਡ ਧਰਮਗੜ੍ਹ ਅਤੇ ਕੰਡਾਲਾ ਵਿੱਚ ਲੰਘੀ ਰਾਤ ਦੋ ਪਰਿਵਾਰਾਂ ਦੇ ਅੱਠ ਪਸ਼ੂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਕਈ ਪਿੰਡਾਂ ਵਿੱਚ ਚੰਗੀ ਨਸਲ ਦੇ ਦੁਧਾਰੂ ਪਸ਼ੂ ਚੋਰੀ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਪਿੰਡ ਧਰਮਗੜ੍ਹ ਦੇ ਵਸਨੀਕ ਬਲਕਾਰ ਸਿੰਘ ਉਰਫ਼ ਗੋਗੀ ਪੁੱਤਰ ਨਿਰਮੈਲ ਸਿੰਘ ਦੇ ਵਾੜੇ ’ਚੋਂ 5 ਪਸ਼ੂ ਚੋਰੀ ਕੀਤੇ ਗਏ ਜਦੋਂਕਿ ਨੇੜਲੇ ਪਿੰਡ ਕੰਡਾਲਾ ਦੇ ਗੁਰਪ੍ਰੀਤ ਸਿੰਘ ਅਤੇ ਭਾਗ ਸਿੰਘ ਉਰਫ਼ ਭਾਗਾ ਪੁੱਤਰ ਰਚਨ ਸਿੰਘ ਦੇ ਵਾੜੇ ’ਚੋਂ ਤਿੰਨ ਮੱਝਾਂ ਅਤੇ ਇਕ ਕੱਟਾ ਚੋਰੀ ਹੋਇਆ ਹੈ। ਪੀੜਤ ਪਰਿਵਾਰਾਂ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਉਧਰ, ਸੂਚਨਾ ਮਿਲਦੇ ਹੀ ਸੋਹਾਣਾ ਥਾਣਾ ਦੇ ਐਸਐਚਓ ਦਲਜੀਤ ਸਿੰਘ ਗਿੱਲ ਅਤੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਨੈਬ ਸਿੰਘ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਪਸ਼ੂ ਚੋਰੀ ਹੋਣ ਬਾਰੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਪਸ਼ੂ ਪਾਲਕਾ ਦੀਆਂ ਸਮੱਸਿਆਵਾਂ ਅਤੇ ਚੋਰਾਂ ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਦਿੱਤਾ। ਪਿੰਡ ਕੰਡਾਲਾ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਅਨੁਸਾਰ ਲੰਘੀ ਰਾਤ ਕਈ ਵਿਅਕਤੀ ਇਕ ਕੈਂਟਰ ਅਤੇ ਸਵਰਾਜ ਮਾਜ਼ਦਾ ਗੱਡੀ ਵਿੱਚ ਆਏ ਸੀ, ਜੋ ਉਕਤ ਪਸ਼ੂ ਚੋਰੀ ਕਰਕੇ ਲੈ ਗਏ।
ਬਲਕਾਰ ਸਿੰਘ ਨੇ ਰੋਜ਼ਾਨਾ ਵਾਂਗ ਬੀਤੀ ਸ਼ਾਮ ਆਪਣੇ ਘਰ ਦੇ ਨੇੜੇ ਪਸ਼ੂ ਵਾੜੇ ਵਿੱਚ ਮੱਝਾਂ ਬੰਨੀਆਂ ਸਨ ਅਤੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਸ ਦੀਆਂ ਪੰਜ ਦੁਧਾਰੂ ਮੱਝਾਂ ਚੋਰੀ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ 80-80 ਹਜ਼ਾਰ ਦੀਆਂ ਦੋ ਚੰਗੀ ਨਸਲ ਦੀਆਂ ਮੱਝਾਂ ਖਰੀਦੀਆਂ ਗਈਆਂ ਸਨ।
ਇਸ ਮੌਕੇ ਪੈਰੀਫੈਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਕਿਸਾਨ ਗੁਰਦੇਵ ਸਿੰਘ ਭੁੱਲਰ, ਕਾਂਗਰਸ ਆਗੂ ਰਜਿੰਦਰ ਸਿੰਘ ਧਰਮਗੜ੍ਹ ਅਤੇ ਮਨਜੀਤ ਸਿੰਘ ਕੰਡਾਲਾ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਚੰਗੀ ਨਸਲ ਦੇ ਦੁਧਾਰੂ ਪਸ਼ੂ ਚੋਰੀ ਕਰਨ ਵਾਲਾ ਗਰੋਹ ਸਰਗਰਮ ਹੈ। ਇਸ ਤੋਂ ਪਹਿਲਾਂ ਪਿੰਡ ਨੰਡਿਆਲੀ ਅਤੇ ਸੇਖਨ ਮਾਜਰਾ ’ਚੋਂ ਪਸ਼ੂ ਪਾਲਕਾ ਨੂੰ ਰੱਸੇ ਨਾਲ ਬੰਨ੍ਹ ਕੇ ਦੁਧਾਰੂ ਪਸ਼ੂ ਚੋਰੀ ਕੀਤੇ ਗਏ ਸਨ ਅਤੇ ਪਸ਼ੂ ਚੋਰੀ ਕਰਨ ਆਉਂਦੇ ਲੋਕ ਅਸਲਾ ਅਤੇ ਹੋਰ ਮਾਰੂ ਹਥਿਆਰਾਂ ਨਾਲ ਲੈਸ ਹੁੰਦੇ ਹਨ। ਪਿੱਛੇ ਜਿਹੇ ਉਨ੍ਹਾਂ ਨੇ ਇਕ ਪਸ਼ੂ ਪਾਲਕ ’ਤੇ ਫਾਇਰਿੰਗ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ। ਉਨ੍ਹਾਂ ਮੰਗ ਕੀਤੀ ਕਿ ਪੇਂਡੂ ਇਲਾਕੇ ਵਿੱਚ ਰਾਤ ਨੂੰ ਪੁਲੀਸ ਗਸ਼ਤ ਵਧਾਈ ਜਾਵੇ ਅਤੇ ਪਸ਼ੂ ਚੋਰੀ ਕਰਨ ਵਾਲੇ ਗਰੋਹ ਨੂੰ ਜਲਦੀ ਫੜਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…