Nabaz-e-punjab.com

ਦੁੱਧ ਉਤਪਾਦਕਾਂ ਦਾ ਵਫ਼ਦ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਿਆ

ਦੁੱਧ ਉਤਪਾਦਕਾਂ ਨੇ ਮੰਤਰੀ ਨੂੰ ਮੰਗ ਪੱਤਰ ਦੇ ਨਾਲ ਬੰਦ ਹੋਏ 151 ਡੇਅਰੀ ਫਾਰਮਰਾਂ ਦੀ ਸੂਚੀ ਵੀ ਸੌਂਪੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਕਮਰਸ਼ੀਅਲ ਦੁੱਧ ਉਤਪਾਦਕਾਂ ਦੇ ਇਕ ਉੱਚ ਪੱਧਰੀ ਵਫ਼ਦ ਨੇ ਵੇਰਕਾ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ ਅਗਵਾਈ ਹੇਠ ਅੱਜ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ ਅਤੇ ਦੁੱਧ ਉਤਪਾਦਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਪੰਜਾਬ ਵਿੱਚ ਦੁੱਧ ਦੀ ਪੈਦਾਵਾਰ ’ਤੇ ਆਉਂਦੇ ਖ਼ਰਚੇ ਮੁਤਾਬਕ ਦੁੱਧ ਦਾ ਭਾਅ ਘੱਟ ਹੋਣ ਕਰਕੇ ਡੇਅਰੀ ਫਾਰਮਰਾਂ ਨੂੰ ਵਿੱਤੀ ਨੁਕਸਾਨ ਤੋਂ ਬਚਾਉਣ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ। ਦੁੱਧ ਉਤਪਾਦਕਾਂ ਨੇ ਮੰਤਰੀ ਨੂੰ ਮੰਗ ਪੱਤਰ ਦੇ ਨਾਲ ਪਿਛਲੇ ਸਮੇਂ ਦੌਰਾਨ ਬੰਦ ਹੋਏ 151 ਡੇਅਰੀ ਫਾਰਮਰਾਂ ਦੀ ਸੂਚੀ ਵੀ ਸੌਂਪੀ।
ਦੁੱਧ ਉਤਪਾਦਕਾਂ ਨੇ ਮੰਤਰੀ ਨੂੰ ਦੱਸਿਆ ਕਿ ਫੀਡ ਤੇ ਹਰੇ ਚਾਰੇ ਤੂੜੀ ਦਾ ਰੇਟ ਪਿਛਲੇ ਸਾਲ ਮੁਤਾਬਕ 25 ਪ੍ਰਤੀਸ਼ਤ ਵੱਧ ਚੁੱਕਾ ਹੈ ਪਰ ਦੁੱਧ ਦਾ ਰੇਟ ਦੁੱਧ ਤੋਂ ਆਏ ਪ੍ਰਤੀ ਲੀਟਰ ਖ਼ਰਚ ਮੁਤਾਬਕ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੱਝਾਂ ਦੀ ਗਿਣਤੀ 35 ਪ੍ਰਤੀਸ਼ਤ ਘੱਟ ਹੋ ਗਈ ਹੈ ਅਤੇ ਦੁੱਧ 3 ਪ੍ਰਤੀਸ਼ਤ ਤੋਂ 5 ਪ੍ਰਤੀਸ਼ਤ ਤੱਕ ਘੱਟ ਚੁੱਕਾ ਹੈ।
ਪਸ਼ੂ ਪਾਲਕਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਦੁੱਧ ਦੇ ਧੰਦੇ ਨੂੰ ਬਚਾਉਣ ਲਈ ਹਰਿਆਣਾ, ਗੋਆ, ਕਰਨਾਟਕਾ ਸੂਬਿਆਂ ਦੀ ਤਰਜ਼ ’ਤੇ 6 ਰੁਪਏ ਪ੍ਰਤੀ ਲੀਟਰ ਸਪੋਰਟ ਪ੍ਰਾਈਸ ਦਿੱਤਾ ਜਾਵੇ। ਡੇਅਰੀ ਫਾਰਮਰਾਂ ਨੇ ਡੇਰਾਬਸੀ ਵਿੱਚ ਬੰਦ ਪਏ ਸਲਾਟਰ ਹਾਊਸ ਨੂੰ ਚਾਲੂ ਕਰਨ ਅਤੇ ਹੋਰ ਸਲਾਟਰ ਹਾਊਸ ਬਣਾਉਣ ਅਤੇ ਵੇਰਕਾ ਪਲਾਟ ਨੂੰ ਸਾਈਲੇਜ ਦੀਆਂ ਗੰਢਾਂ ਬਣਾਉਣ ਵਾਲੀਆਂ ਮਸ਼ੀਨਾਂ ਖ਼ਰੀਦਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੋ-ਆਪਰੇਟਿਵ ਸੁਸਾਇਟੀ ਦੀ ਤਰਜ਼ ’ਤੇ ਸਾਈਲੇਜ ਤੇ ਫੀਡ ਖ਼ਰੀਦਣ ਲਈ ਘੱਟ ਵਿਆਜ ’ਤੇ ਲੋਨ ਦਿੱਤਾ ਜਾਵੇ। ਪਸ਼ੂ ਹਸਪਤਾਲ ਵਿੱਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਵਫ਼ਦ ਨੇ ਮੰਗ ਕੀਤੀ ਕਿ ਵਿਦੇਸ਼ੀ ਦੁਧਾਰੂ ਗਾਵਾਂ ਨੂੰ ਦੂਜੇ ਸੂਬਿਆਂ ਵਿੱਚ ਲਿਜਾਉਣ ਦੀ ਖੁੱਲ੍ਹ ਦੇਣ ਦੀ ਮੰਗ ਕੀਤੀ।
ਇਸ ਮੌਕੇ ਗਿਆਨ ਸਿੰਘ ਧੜਾਕ, ਸੁਖਦੀਪ ਸਿੰਘ ਭੰਗੂ, ਹਰਮਨਪ੍ਰੀਤ ਸਹੇੜੀ, ਬਚਿੱਤਰ ਸਿੰਘ ਸਹੇੜੀ, ਜਰਨੈਲ ਸਿੰਘ ਮੜੋਲੀ, ਸਰਬਨ ਸਿੰਘ ਮੜੋਲੀ, ਖੁਸ਼ਵੰਤ ਸਿੰਘ, ਗੁਰਮੇਲ ਸਿੰਘ ਬਾੜਾ, ਬਲਵੀਰ ਸਿੰਘ ਭੁੱਟੋ, ਜਸਵੀਰ ਸਿੰਘ ਨੁਰਪੁਰਬੇਦੀ, ਬਲਵੀਰ ਸਿੰਘ ਬਹਿਰਾਮਪੁਰ, ਕੁਲਵੰਤ ਸਿੰਘ ਦੇਦੜਾ ਸਾਬਕਾ ਚੇਅਰਮੈਨ ਮੋਰਿੰਡਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…