
ਮਿਲਕ ਪਲਾਂਟ ਚੋਣਾਂ: ਕਿਸਾਨ ਪੱਖੀ ਉਮੀਦਵਾਰਾਂ ਨਾਲ ਧੱਕੇਸ਼ਾਹੀ ਹੋਣ ਦਾ ਖ਼ਦਸ਼ਾ: ਕੁਲਵੰਤ ਤ੍ਰਿਪੜੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੁਲਾਈ:
ਮਿਲਕ ਪਲਾਂਟ ਮੁਹਾਲੀ ਦੇ ਡਾਇਰੈਕਟਰਜ਼ ਦੀ ਹੋ ਰਹੀ ਚੋਣ ਸਬੰਧੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਨਾਮਜ਼ਦਗੀ ਪੱਤਰ 2 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਹਨ। ਉਸ ਵਿੱਚ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਉਮੀਦਵਾਰ ਦੀ ਕਥਿਤ ਸੰਭਾਵੀ ਹਾਰ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ ਜੋ ਕਿ ਜ਼ੋਨ ਨੰਬਰ 5 ਤੋਂ ਉਮੀਦਵਾਰ ਹਨ, ਉਨ੍ਹਾਂ ਦੇ ਨਾਮਜ਼ਦਗੀ ਪੇਪਰ ਧੱਕੇਸ਼ਾਹੀ ਕਰਕੇ ਰੱਦ ਕਰਵਾਉਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸਥਾਨਕ ਆਗੂ ਕੁਲਵੰਤ ਸਿੰਘ ਤ੍ਰਿਪੜੀ ਨੇ ਪੱਤਰਕਾਰਾਂ ਨੂੰ ਜਾਰੀ ਲਿਖਤੀ ਬਿਆਨ ਵਿੱਚ ਕੀਤਾ।
ਉਨ੍ਹਾਂ ਕਿਹਾ ਕਿ ਮਿਲਕ ਪਲਾਟ ਮੁਹਾਲੀ ਲਈ ਜ਼ੋਨ ਨੰਬਰ 5 ਤੋਂ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਚੋਣ ਲੜ ਰਹੇ ਹਨ ਅਤੇ ਸਾਨੂੰ ਖਦਸ਼ਾ ਹੈ ਕਿ ਕੈਬਨਿਟ ਮੰਤਰੀ ਚਰਨਜੀਤ ਚੰਨੀ ਉਨ੍ਹਾਂ ਦੇ ਧੱਕੇਸ਼ਾਹੀ ਨਾਲ ਨਾਮਜ਼ਦਗੀ ਪੇਪਰ ਰੱਦ ਕਰਵਾ ਸਕਦੇ ਹਨ। ਜੇਕਰ ਇਹ ਗੱਲ ਕੀਤੀ ਜਾਂਦੀ ਹੈ ਤਾਂ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ਇਸ ਮੰਤਰੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਚੋਣ ਨੂੰ ਨਿਰਪੱਖ ਕਰਵਾਇਆ ਜਾਵੇ ਅਤੇ ਜੋ ਦਖ਼ਲਅੰਦਾਜ਼ੀ ਕਰਨ ਦੀਆਂ ਸੰਭਾਵਨਾ ਬਣੀਆਂ ਹੋਈਆਂ ਹਨ, ਉਹ ਤੁਰੰਤ ਬੰਦ ਕੀਤੀ ਜਾਵੇ। ਮਿਲਕ ਪਲਾਟ ਮੁਹਾਲੀ ਲਈ ਜ਼ਿਲ੍ਹਾ ਮੁਹਾਲੀ ਸਮੇਤ ਰੂਪਨਗਰ, ਫਤਹਿਗੜ੍ਹ ਸਾਹਿਬ, ਸ਼ਹੀਦ ਭਗਤ ਸਿੰਘ ਨਗਰ ਆਦਿ ਜ਼ਿਲ੍ਹਿਆਂ ’ਚੋਂ ਮਿਲਕ ਪਲਾਂਟ ਮੁਹਾਲੀ ਲਈ ਕੁੱਲ 12 ਡਾਇਰੈਕਟਰ ਚੁਣੇ ਜਾਂਦੇ ਹਨ।