Nabaz-e-punjab.com

ਦੁੱਧ ਉਤਪਦਕਾਂ ਵੱਲੋਂ ਮਿਲਕਫੈਡ ਦੇ ਖ਼ਿਲਾਫ਼ ਧਰਨਾ, ਦੁੱਧ ਦੀ ਕੀਮਤ ਤੈਅ ਕਰਨ ਦੀ ਨੀਤੀ ਖ਼ਿਲਾਫ਼ ਦਿੱਤਾ ਮੰਗ ਪੱਤਰ

ਮਿਲਕਫੈਡ ਦੀ ਅਣਦੇਖੀ ਕਾਰਨ ਦੁੱਧ ਉਤਪਾਦਕ ਡਾਢੇ ਪ੍ਰੇਸ਼ਾਨ, ਦੁੱਧ ਦਾ ਸਹਾਇਕ ਧੰਦਾ ਛੱਡਣ ਲਈ ਮਜਬੂਰ ਹੋਏ ਦੋਧੀ

ਪ੍ਰਤੀ ਕਿੱਲੋ ਦੁੱਧ ਦੀ ਪੈਦਾਵਾਰ ’ਤੇ ਆਉਂਦੇ ਖ਼ਰਚੇ ਨੂੰ ਆਧਾਰ ਬਣਾ ਕੇ ਦੁੱਧ ਦਾ ਭਾਅ ਤੈਅ ਕਰੇ ਸਰਕਾਰ: ਚਲਾਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਪੰਜਾਬ ਦੇ ਵੱਖ ਵੱਖ ਦੁੱਧ ਉਤਪਾਦਕਾਂ ਵੱਲੋਂ ਅੱਜ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਸਾਹਮਣੇ ਮਿਲਕਫੈਡ ਖ਼ਿਲਾਫ਼ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਮਿਲਕਫੈਡ ਵੱਲੋਂ ਦੁੱਧ ਦੀ ਕੀਮਤ ਤੈਅ ਕਰਨ ਦੀ ਨੀਤੀ ਬਦਲ ਕੇ ਦੁੱਧ ਉਤਪਾਦਕਾਂ ਦੇ ਹੱਕ ਵਿੱਚ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਬੋਲਦਿਆਂ ਨੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ ਅਤੇ ਬਲਬੀਰ ਸਿੰਘ ਭੱਟੋ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਵੇਰਕਾ ਮਿਲਕ ਪਲਾਂਟ ਮੁਹਾਲੀ ਐਮਪੀਸੀਐਸ ਸੁਸਾਇਟੀ ਅਤੇ ਕਮਰਸ਼ੀਅਲ ਦੁੱਧ ਉਤਪਾਦਕ ਵੇਰਕਾ ਮਿਲਕ ਪਲਾਂਟ ਨੂੰ ਦੁੱਧ ਵੇਚਦੇ ਹਨ ਪ੍ਰੰਤੂ ਮਿਲਕਫੈਡ ਵੱਲੋਂ ਤੈਅ ਕੀਤੇ ਜਾਂਦੇ ਦੁੱਧ ਦੇ ਰੇਟ ਲਾਹੇਵੰਦ ਨਾ ਹੋਣ ਕਾਰਨ ਡੇਅਰੀ ਧੰਦੇ ਨਾਲ ਜੁੜੇ ਲੋਕ ਆਰਥਿਕ ਮੰਦਹਾਲੀ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਤੀ ਕਿੱਲੋ ਦੁੱਧ ਦੀ ਪੈਦਾਵਾਰ ’ਤੇ ਆਉਂਦੇ ਖ਼ਰਚੇ ਨੂੰ ਆਧਾਰ ਬਣਾ ਕੇ ਦੁੱਧ ਦਾ ਭਾਅ ਤੈਅ ਕੀਤਾ ਜਾਵੇ।
ਬੁਲਾਰਿਆ ਨੇ ਕਿਹਾ ਕਿ ਫੀਡ, ਹਰਾ ਚਾਰਾ, ਦਵਾਈਆਂ, ਲੇਬਰ ਅਤੇ ਬਿਜਲੀ ਦੇ ਖਰਚੇ ਇੰਨੇ ਵੱਧ ਚੁੱਕੇ ਹਨ ਕਿ ਉਹ ਇਹ ਧੰਦਾ ਬੰਦ ਕਰਨ ਕੰਢੇ ਪੰਹੁਚ ਚੁੱਕੇ ਹਨ। ਬੁਲਾਰਿਆਂ ਨੇ ਕਿਹਾ ਕਿ ਮਿਕਫੈਡ ਵਲੋੱ ਐਸਐਨਐਫ 8.1 ਅਤੇ 8.2 ਅਤੇ ਮੱਝਾਂ ਦੀ 9.0 ਦੀ ਸ਼ਰਤ ਲਗਾ ਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਹ ਫਾਰਮੂਲਾ 10 ਫੈਟ ਤੇ ਆਧਾਰਿਤ ਹੈ ਅਤੇ 65 ਰੁਪਏ ਮੁਤਾਬਿਕ ਬਣਾਇਆ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਮਿਲਕ ਪਲਾਂਟ ਮੁਹਾਲੀ ਲਗਭਗ ਤਿੰਨ ਸਾਲ ਪਹਿਲਾਂ 62 ਰੁਪਏ ਦੇ ਕਰੀਬ ਦੇ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੱਝਾਂ ਦੀ 10 ਫੈਟ ਆਉਂਦੀ ਹੈ ਤਾਂ ਮੱਝ ਦਾ ਦੁੱਧ ਇਕ ਕਿੱਲੋ ਰਹਿ ਜਾਂਦਾ ਹੈ। ਜਦਕਿ ਗਾਵਾਂ ਦੀ 4.5 ਫੈਟ ਦਾ ਫਾਰਮੂਲਾ ਬਣਾਇਆ ਗਿਆ ਹੈ। ਗਰਮੀਆਂ ਵਿੱਚ ਕਿਸੇ ਵੀ ਦੁੱਧ ਉਤਪਾਦਕ ਦੀ ਫੈਟ 3.4-3.8 ਤੋਂ ਵੱਧ ਨਹੀਂ ਆਉਂਦੀ ਅਤੇ ਇਨਾਂ ਫਾਰਮੂਲਿਆਂ ਮੁਤਾਬਕ ਦੁੱਧ ਉਤਪਾਦਕਾਂ ਦੀ ਰੱਜ ਕੇ ਲੁੱਟ ਕੀਤੀ ਜਾਂਦੀ ਹੈ। ਬੁਲਾਰਿਆਂ ਨੇ ਕਿਹਾ ਕਿ ਇੱਕ ਵੱਛੀ 10 ਹਜ਼ਾਰ ਦਾ ਦੁੱਧ ਪੀ ਜਾਂਦੀ ਹੈ ਅਤੇ ਕੋਈ ਖਰੀਦਦਾਰ 5 ਹਜ਼ਾਰ ਰੁਪਏ ਦੇਣ ਲਈ ਤਿਆਰ ਨਹੀਂ ਹੁੰਦਾ। ਇਸ ਮੰਦਹਾਲੀ ਕਰਕੇ ਬਹੁਤ ਸਾਰੇ ਡੇਅਰੀ ਫਾਰਮਰ ਦੁੱਧ ਦਾ ਧੰਦਾ ਬੰਦ ਕਰ ਗਏ ਹਨ ਅਤੇ ਵੱਡੀ ਪੱਧਰ ’ਤੇ ਡੇਅਰੀ ਫਾਰਮਾਂ ਦੇ ਸ਼ੈਡ ਖਾਲੀ ਹੋ ਗਏ ਹਨ। ਪਿੰਡ ਮੜੌਲੀ ਕਲਾਂ ਵਿੱਚ ਪਿਛਲੇ ਕੁਝ ਸਮੇਂ ਵਿੱਚ ਲਗਭਗ 15 ਡੇਅਰੀ ਫਾਰਮ ਬੰਦ ਹੋ ਚੁੱਕੇ ਹਨ ਅਤੇ ਪੰਜਾਬ ਵਿੱਚ ਪਸ਼ੂਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ।
ਬੁਲਾਰਿਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਦੁੱਧ ਦਾ ਬਣਦਾ ਰੇਟ ਨਾ ਦਿੱਤਾ ਗਿਆ ਤਾਂ ਉਹ ਕੰਮ ਬੰਦ ਕਰਨ ਲਈ ਮਜਬੂਰ ਹੋਣਗੇ ਅਤੇ ਖਪਤਕਾਰ ਸਿੰਥੈਟਿਕ ਦੁੱਧ ਪੀਣ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਸਾਲ 2015 ਵਿੱਚ ਬੇਸਿਕ ਰੇਟ 580 ਰੁਪਏ ਸੀ ਜਿਸਨੂੰ ਫਿਰ ਘਟਾ ਦਿੱਤਾ ਗਿਆ ਅਤੇ ਸਾਲ 2019 ਵਿੱਚ ਬੇਸਿਕ ਰੇਟ 550 ਰੁਪਏ ਹੈ। ਪਿਛਲੇ ਸਮੇਂ ਮਿਲਕਫੈਡ ਦੇ ਐਮਡੀ ਵੱਲੋਂ 7.8 ਐਸਐਨਐਫ਼ ਵਾਲੇ ਦੁੱਧ ਲੈਣ ਤੇ ਸਹਿਮਤੀ ਬਣੀ ਸੀ ਪਰ ਇਸ ਤੇ ਅਮਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਮਿਲਕ ਪਲਾਂਟ ਸੀਜਨ ਦੀ ਆੜ ਵਿੱਚ ਦੁੱਧ ਦਾ ਰੇਟ ਘਟਾਉਂਦੇ ਹਨ ਅਤੇ ਨਵੇਂ-ਨਵੇਂ ਫਾਰਮੂਲੇ ਬਣਾਕੇ ਦੁੱਧ ਉਤਪਾਦਕਾਂ ਨੂੰ ਲੁੱਟਦੇ ਹਨ। ਇਸ ਮੌਕੇ ਗਿਆਨ ਸਿੰਘ ਧੜਾਕ, ਕੁਲਵੰਤ ਸਿੰਘ, ਬਲਵੀਰ ਸਿੰਘ ਬਹਿਰਾਮਪੁਰ, ਦਮਨਜੋਤ ਸਿੰਘ, ਜਗਮਨਦੀਪ ਸਿੰਘ, ਹਰਮਨਪ੍ਰੀਤ ਸਿੰਘ ਸਹੇੜੀ, ਸੁਖਦੀਪ ਸਿੰਘ ਮੋਰਿੰਡਾ, ਗੁਰਮੇਲ ਸਿੰਘ ਬਾੜਾ, ਬਲਬੀਰ ਸਿੰਘ ਮਹਿਦਪੁਰ, ਜਰਨੈਲ ਸਿੰਘ ਅਤੇ ਖੁਸ਼ਵਿੰਦਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …