
ਦੁੱਧ ਉਤਪਾਦਨ: ਸਹਿਕਾਰੀ ਸਭਾ ਰਜਿੰਦਰਗੜ੍ਹ ਨੇ ਪਹਿਲਾ, ਮੀਰਪੁਰ ਨੇ ਦੂਜਾ ਤੇ ਨੌਗਾਵਾਂ ਨੇ ਤੀਜਾ ਸਥਾਨ ਕੀਤਾ ਹਾਸਲ
ਡਾਇਰੈਕਟਰ ਬਾਜਵਾ ਨੇ ਮਿਲਕ ਪਲਾਂਟ ਮੁਹਾਲੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦਿੱਤੀ ਜਾਣਕਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਵੇਰਕਾ ਮਿਲਕ ਪਲਾਂਟ ਮੁਹਾਲੀ ਵੱਲੋਂ ਕਰਵਾਏ ਗਏ ਸਾਲਾਨਾ ਇਜਲਾਸ ਦੌਰਾਨ ਸਭ ਤੋਂ ਵੱਧ ਦੁੱਧ ਉਤਪਾਦਨ ਕਰਕੇ ਪਲਾਂਟ ਨੂੰ ਦੇਣ ਵਾਲੀਆਂ ਦੁੱਧ ਉਤਪਾਦਕ ਸਭਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬੱਸੀ ਪਠਾਣਾ ਦੇ ਚਾਰ ਨੰਬਰ ਜ਼ੋਨ ਦੀ ਨੁਮਾਇੰਦਗੀ ਜ਼ੋਨ ਡਾਇਰੈਕਟਰ ਮਨਿੰਦਰਪਾਲ ਸਿੰਘ ਬਾਜਵਾ ਨੇ ਕੀਤੀ। ਇਸ ਜ਼ੋਨ ਦੀ ਸਭ ਤੋਂ ਵੱਧ ਦੁੱਧ ਮੁਹਾਲੀ ਵੇਰਕਾ ਪਲਾਂਟ ਨੂੰ ਭੇਜਣ ਵਾਲੀ ਸਹਿਕਾਰੀ ਸਭਾ ਰਜਿੰਦਰਗੜ੍ਹ ਨੇ ਪਹਿਲਾ, ਮੀਰਪੁਰ ਨੇ ਦੂਜਾ ਅਤੇ ਨੌਗਾਵਾਂ ਨੇ ਤੀਜਾ ਸਥਾਨ ਹਾਸਲ ਕੀਤਾ। ਬਾਜਵਾ ਦੀ ਮੌਜੂਦਗੀ ਵਿੱਚ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਨੇ ਇਨ੍ਹਾਂ ਸਹਿਕਾਰੀ ਸਭਾਵਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਡਾਇਰੈਕਟਰ ਮਨਿੰਦਰਪਾਲ ਬਾਜਵਾ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਵੱਲੋਂ ਕਿਸਾਨਾਂ ਨੂੰ ਦੁੱਧ ਦੀ ਚੰਗੀ ਕੀਮਤ ਦੇ ਨਾਲ-ਨਾਲ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਮਿਲਕ ਪਲਾਂਟ ਵੱਲੋਂ ਦੁੱਧ ਉਤਪਾਦਕਾਂ ਨੂੰ ਸਬਸਿਡੀ, ਹਰੇ ਚਾਰੇ ਦੇ ਬੀਜ, ਬਿਲਡਿੰਗ ਬਣਾਉਣ ਲਈ ਦੋ ਲੱਖ ਦੀ ਮੈਚਿੰਗ ਗਰਾਂਟ, ਚੈਫ ਕਟਰ, ਟੋਕਾ ਮਸ਼ੀਨ, ਕੁਦਰਤੀ ਆਫ਼ਤਾਂ ਨਾਲ ਮਰੇ ਪਸ਼ੂਆਂ ਦਾ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਸਬਸਿਡੀ ਤੇ ਬੀਐਮਸੀ ਅਤੇ ਏਐਮਸੀਯੂ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੁੱਧ ਉਤਪਾਦਕਾਂ ਨੂੰ ਵੱਧ ਤੋਂ ਵੱਧ ਦੁੱਧ ਵੇਰਕਾ ਮਿਲਕ ਪਲਾਂਟ ਮੁਹਾਲੀ ਵਿੱਚ ਪਾ ਕੇ ਵੱਧ ਮੁਨਾਫ਼ਾ ਕਮਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਮਿਲਕ ਪਲਾਂਟ ਮੁਹਾਲੀ ਦੇ ਸਾਰੇ ਡਾਇਰੈਕਟਰ, ਜੀਐਮ ਰਾਜ ਕੁਮਾਰ ਪਾਲ, ਮੈਨੇਜਰ ਦੁੱਧ ਪ੍ਰਾਪਤੀ ਮਨੋਜ ਸ੍ਰੀ ਵਾਸਤਵ, ਡਿਪਟੀ ਮੈਨੇਜਰ ਮੋਰਿੰਡਾ ਮਨਪ੍ਰੀਤ ਸਿੰਘ, ਏਰੀਆ ਅਫ਼ਸਰ ਸਤਵਿੰਦਰ ਸਿੰਘ, ਅਮਨਦੀਪ ਕੌਰ, ਐਮਪੀਏ ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਹਿਕਾਰੀ ਸਭਾਵਾਂ ਦੇ ਪ੍ਰਧਾਨ ਅਤੇ ਪਤਵੰਤੇ ਹਾਜ਼ਰ ਸਨ।