ਮਿਲਕਫੈੱਡ ਤੇ ਮਿਲਕ ਪਲਾਂਟ: ਨਿਗੂਣੀ ਤਨਖ਼ਾਹ ਕਾਰਨ 600 ਮੁਲਾਜ਼ਮਾਂ ਨੇ ਨੌਕਰੀ ਛੱਡੀ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰਾਂ ਦੀ ਭੁੱਖ-ਹੜਤਾਲ 9ਵੇਂ ਦਿਨ ਤੇ ਧਰਨਾ 15ਵੇਂ ਦਿਨ ’ਚ ਦਾਖ਼ਲ

ਨਬਜ਼-ਏ-ਪੰਜਾਬ, ਮੁਹਾਲੀ, 22 ਜਨਵਰੀ:
ਮਿਲਕਫੈੱਡ ਅਤੇ ਮਿਲਕ ਪਲਾਂਟ ਵਰਕਰਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਅੱਜ ਮਿਲਕ ਪਲਾਂਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਸੂਬਾ ਸਰਕਾਰ ਅਤੇ ਅਫ਼ਸਰਸ਼ਾਹੀ ਦਾ ਪਿੱਟ ਸਿਆਪਾ ਕੀਤਾ। ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸਤਵੰਤ ਸਿੰਘ ਅਤੇ ਸਕੱਤਰ ਬਲਕਰਨ ਵੀਰ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੇ ਸੇਵਾ ਨਿਯਮਾਂ ਦੀ ਫਾਈਲ ਪਾਸ ਨਾ ਹੋਣ ਕਾਰਨ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਾਰਨ ਠੰਢ ਵਿੱਚ ਸੜਕ ’ਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਭਲਕੇ ਵੀਰਵਾਰ ਨੂੰ ਮਿਲਕਫੈੱਡ ਅਤੇ ਸਾਰੇ ਮਿਲਕ ਪਲਾਂਟਾਂ ਦਾ ਕੰਮ ਬੰਦ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਂਜ ਵੀ ਕਰਮਚਾਰੀਆਂ ਦਾ ਲੜੀਵਾਰ ਧਰਨਾ ਧਰਨਾ ਅੱਜ 15ਵੇਂ ਦਿਨ ਅਤੇ ਭੁੱਖ-ਹੜਤਾਲ 9ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ।
ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਅੱਧੀਆਂ ਤਨਖ਼ਾਹਾਂ ’ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਤੰਗ ਆ ਕੇ 850 ਮੁਲਾਜ਼ਮਾਂ ’ਚੋਂ 600 ਮੁਲਾਜ਼ਮ ਨੌਕਰੀ ਛੱਡ ਚੁੱਕੇ ਹਨ, ਜੋ ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਦੇਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਝੂਠੀ ਸਚਾਈ ਦਾ ਪ੍ਰਤੱਖ ਸਬੂਤ ਹੈ। ਉਨ੍ਹਾਂ ਮਿਲਕਫੈੱਡ ਬੋਰਡ ਆਫ਼ ਡਾਇਰੈਕਟਰਜ਼ ਅਤੇ ਚੇਅਰਮੈਨ ਵੱਲੋਂ ਸਿਵਲ ਰੂਲਜ਼ ਦੀ ਤਰਜ਼ ’ਤੇ ਬਣੇ ਸਰਵਿਸ ਰੂਲਜ਼ 2023 ਦੀ ਪ੍ਰਵਾਨਗੀ ਦੇ ਕੇ ਇਹ ਫਾਈਲ ਆਰਸੀਐਸ ਪੰਜਾਬ ਕੋਲ ਭੇਜੀ ਗਈ ਸੀ ਪ੍ਰੰਤੂ 11 ਮਹੀਨੇ ਬੀਤ ਜਾਣ ਮਗਰੋਂ ਵੀ ਇਸ ਫਾਈਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਜਿਸ ਦੇ ਰੋਸ ਵਜੋਂ ਮਿਲਕਫੈੱਡ ਦੇ ਮੁਲਾਜ਼ਮ 7 ਜਨਵਰੀ ਤੋਂ ਸੰਘਰਸ਼ ਦੀ ਰਾਹ ’ਤੇ ਹਨ।
ਆਗੂਆਂ ਨੇ ਕਿਹਾ ਕਿ ਬੀਤੀ 15 ਜਨਵਰੀ ਨੂੰ ਵੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਮੁੱਖ ਸਕੱਤਰ ਸਹਿਕਾਰਤਾ, ਪ੍ਰਿੰਸੀਪਲ ਸਕੱਤਰ ਵਿੱਤ ਵਿਭਾਗ, ਸਕੱਤਰ ਪੰਜਾਬ ਤੇ ਐਮਡੀ ਮਿਲਕਫੈੱਡ ਅਤੇ ਆਰਸੀਐੱਸ ਪੰਜਾਬ ਦੀ ਹੋਈ ਸਾਂਝੀ ਮੀਟਿੰਗ ਵੀ ਬੇਸਿੱਟਾ ਰਹੀ। ਜਿਸ ਕਾਰਨ ਮੁਲਾਜ਼ਮਾਂ ’ਚ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੇਰਕਾ ਇੱਕ ਸਹਿਕਾਰੀ ਅਦਾਰਾ ਹੈ ਪਰ ਇਸ ਨੂੰ ਵੀ ਪ੍ਰਾਈਵੇਟਾਈਜ਼ੇਸ਼ਨ ਕਰਨ ਵੱਲ ਲਿਜਾਇਆ ਜਾ ਰਹਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਸਿੱਖਿਆ ਭਵਨ ਦਾ ਘਿਰਾਓ, ਜ਼ਬਰਦਸਤ ਪਿੱਟ ਸਿਆਪਾ

ਪੰਜਾਬ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਸਿੱਖਿਆ ਭਵਨ ਦਾ ਘਿਰਾਓ, ਜ਼ਬਰਦਸਤ ਪਿੱਟ ਸਿਆਪਾ ਕੰਪਿਊਟਰ ਅਧਿਆਪਕਾਂ ਦੇ…