ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ
ਵੇਰਕਾ ਮਿਲਕ ਪਲਾਂਟ ਮੁਹਾਲੀ ਦਾ ਗੇਟ ਬੰਦ ਕਰਕੇ ਕੰਮਕਾਜ ਠੱਪ ਰੱਖਿਆ
ਨਬਜ਼-ਏ-ਪੰਜਾਬ, ਮੁਹਾਲੀ, 4 ਮਾਰਚ:
ਮਿਲਕਫੈੱਡ ਅਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਕਰਮਚਾਰੀਆਂ ਨੇ ਵੇਰਕਾ ਮਿਲਕ ਪਲਾਂਟ ਮੁਹਾਲੀ ਦਾ ਮੁੱਖ ਗੇਟ ਬੰਦ ਕਰਕੇ ਕੰਮਕਾਜ ਠੱਪ ਰੱਖਿਆ ਅਤੇ ਪੰਜਾਬ ਦੇ ਹੁਕਮਰਾਨਾਂ ਅਤੇ ਅਫ਼ਸਰਸ਼ਾਹੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ।
ਜਥੇਬੰਦੀ ਦੇ ਪ੍ਰਧਾਨ ਬਲ ਕਰਨਵੀਰ ਸਿੰਘ, ਜਨਰਲ ਸਕੱਤਰ ਸਤਵੰਤ ਸਿੰਘ ਅਤੇ ਅਮਰੀਕ ਕੌਰ ਤੇ ਦਲਬੀਰ ਸਿੰਘ ਨੇ ਕਿਹਾ ਕਿ ਉਹ ਬੀਤੀ 7 ਜਨਵਰੀ ਤੋਂ ਲੜੀਵਾਰ ਧਰਨੇ ’ਤੇ ਬੈਠੇ ਹਨ ਲੇਕਿਨ ਹੁਕਮਰਾਨਾਂ ਅਤੇ ਉੱਚ ਅਧਿਕਾਰੀਆਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ। ਜਿਸ ਕਾਰਨ ਉਨ੍ਹਾਂ ਨੂੰ ਮੁੱਖ ਗੇਟ ਅਤੇ ਸਪਲਾਈ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਆਗੂਆਂ ਨੇ ਕਿਹਾ ਕਿ ਮਿਲਕਫੈੱਡ ਮੈਨੇਜਮੈਂਟ ਵੱਲੋਂ ਸਾਲ 2023 ਵਿਚ ਸੀਟੀਸੀ ਨਿਯਮਾਂ ਦੇ ਮਿਲਕਫੈੱਡ ’ਤੇ ਪਏ ਬੁਰੇ ਪ੍ਰਭਾਵਾਂ ਦੀ ਪੜਤਾਲ ਕਰਨ ਲਈ ਵਿਸ਼ੇਸ਼ ਕਮੇਟੀ ਦਾ ਨਿਰਮਾਣ ਕੀਤਾ ਗਿਆ ਸੀ। ਜਿਸ ਨੇ 5-6 ਮਹੀਨੇ ਜਾਂਚ ਕਰਨ ਉਪਰੰਤ ਆਪਣੀ ਰਿਪੋਰਟ ਦਿੱਤੀ ਸੀ। ਜਿਸ ਦੇ ਆਧਾਰ ’ਤੇ ਮਿਲਕਫੈੱਡ ਦੇ ਬੋਰਡ ਆਫ਼ ਡਾਇਰੈਕਟਰਜ਼ ਅਤੇ ਚੇਅਰਮੈਨ ਵੱਲੋਂ ਬੀਤੀ 16 ਫਰਵਰੀ ਨੂੰ ਮੀਟਿੰਗ ਵਿਚ ਪੰਜਾਬ ਸਰਕਾਰ ਦੀ ਤਰਜ਼ ’ਤੇ ਬਣੇ ਸਰਵਿਸ ਰੂਲਜ਼ 2023 ਦੀ ਪ੍ਰਵਾਨਗੀ ਦਿੱਤੀ ਗਈ। ਬੁਲਾਰਿਆਂ ਨੇ ਕਿਹਾ ਕਿ ਇਸ ਉਪਰੰਤ ਮਿਲਕਫੈੱਡ ਵੱਲੋਂ ਇਹ ਫਾਈਲ ਫਾਈਨਲ ਪ੍ਰਵਾਨਗੀ ਲਈ ਆਰਸੀਐਸ ਪੰਜਾਬ ਕੋਲ ਭੇਜੀ ਗਈ ਪ੍ਰੰਤੂ ਆਰਸੀਐਸ ਨਿਯਮਾਂ ਦੀ ਪ੍ਰਵਾਨਗੀ ਦੇਣ ਦੀ ਥਾਂ ਫਾਈਲ ਨੂੰ ਦੱਬ ਕੇ ਬੈਠ ਗਏ ਹਨ। ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।