
ਮਿਲਕਮੈਨ ਯੂਨੀਅਨ ਵੱਲੋਂ ਬਿਜਲੀ ਸੰਕਟ ਤੇ ਮਹਿੰਗਾਈ ਖ਼ਿਲਾਫ਼ ਰੋਸ ਮੁਜ਼ਾਹਰਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ:
ਪੰਜਾਬ ਵਿੱਚ ਬਿਜਲੀ ਸੰਕਟ ਅਤੇ ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਅੱਜ ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਦੇ ਕਾਰਕੁਨਾਂ ਵੱਲੋਂ ਕੇਂਦਰ ਅਤੇ ਪੰਜਾਬ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਬਿਜਲੀ ਸੰਕਟ ਨੂੰ ਫੌਰੀ ਹੱਲ ਕਰਨ ਦੀ ਮੰਗ ਕਰਦਿਆਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕੀਤੀ।
ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਮੁਹਾਲੀ ਸ਼ਹਿਰੀ ਅਤੇ ਨੇੜਲੇ ਪੇਂਡੂ ਖੇਤਰ ਵਿੱਚ ਬਿਜਲੀ ਦੇ ਅਣਐਲਾਨੇ ਕੱਟਾਂ ਨੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਕਿਸਾਨਾਂ ਨੂੰ ਝੋਨੇ ਦੀ ਸਿੰਜਾਈ ਲਈ ਲੋੜ ਅਨੁਸਾਰ ਪਾਵਰ ਸਪਲਾਈ ਵੀ ਨਹੀਂ ਮਿਲ ਰਹੀ ਹੈ। ਜਿਸ ਕਾਰਨ ਝੋਨੇ ਦੀ ਫਸਲ ਅਤੇ ਸਬਜ਼ੀਆਂ ਤੇ ਹਰੇ ਚਾਰੇ ਨੂੰ ਸੋਕਾ ਲੱਗਣਾ ਸ਼ੁਰੂ ਹੋ ਗਿਆ ਹੈ। ਅੱਤ ਦੀ ਗਰਮੀ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਸ਼ੂਆਂ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ।
ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਨਰੈਣਾ, ਸਰਪ੍ਰਸਤ ਸੁਖਵਿੰਦਰ ਸਿੰਘ ਬਾਸੀਆਂ, ਦਲਜੀਤ ਸਿੰਘ ਮਨਾਣਾ, ਸੰਤ ਸਿੰਘ ਕੁਰੜੀ, ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ, ਮਨਜੀਤ ਸਿੰਘ ਪ੍ਰਧਾਨ ਜ਼ੀਰਕਪਰ, ਜਸਬੀਰ ਸਿੰਘ ਢਕੋਰਾਂ, ਸੁਰਿੰਦਰ ਸਿੰਘ ਬਰਿਆਲੀ, ਨਰਿੰਦਰ ਸਿੰਘ ਸਿਆਊ, ਸਾਹਿਬ ਸਿੰਘ ਮੌਲੀ, ਸੁਭਾਸ਼ ਗੋਚਰ, ਮਨਜੀਤ ਸਿੰਘ ਹੁਲਕਾ, ਜਗਤਾਰ ਸਿੰਘ, ਭਗਤ ਸਿੰਘ ਕੰਸਾਲਾ ਅਤੇ ਹਰਦੀਪ ਸਿੰਘ ਮਟੌਰ ਹਾਜ਼ਰ ਸਨ।