Nabaz-e-punjab.com

ਵਿਸ਼ਾਲ ਮੈਗਾਮਾਰਟ ਫੇਜ਼-5 ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

ਕਲਿਆਣਾ ਜਿਊਲਰ ਤੇ ਨੇੜਲੇ ਹੋਟਲ ਤੱਕ ਪਹੁੰਚੀ ਅੱਗ, ਪ੍ਰਸ਼ਾਸਨ ਨੇ ਮਾਰਕੀਟ ਖਾਲੀ ਕਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਫਰਵਰੀ:
ਇੱਥੋਂ ਦੇ ਫੇਜ਼-5 ਵਿੱਚ ਸਥਿਤ ਵਿਸ਼ਾਲ ਮੈਗਾ ਮਾਰਟ ਵਿੱਚ ਅੱਜ ਅਚਾਨਕ ਭਿਆਨਕ ਅੱਗ ਲੱਗ ਗਈ। ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾਅ ਰਿਹਾ। ਜਦੋਂ ਅੱਗ ਲੱਗੀ ਉਸ ਸਮੇਂ ਬੇਸਮੈਂਟ ਵਿੱਚ ਕੋਈ ਕਰਮਚਾਰੀ ਨਹੀਂ ਸੀ ਲੇਕਿਨ ਪ੍ਰਬੰਧਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਅੱਠ ਵਜੇ ਲੱਗੀ ਸੀ ਪ੍ਰੰਤੂ ਦੇਰ ਸ਼ਾਮ 6 ਵਜੇ ਤੱਕ ਪੂਰੀ ਤਰ੍ਹਾਂ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਹੁਣ ਤੱਕ 20 ਤੋਂ ਵੱਧ ਫਾਇਰ ਟੈਂਡਰ ਖਪਤ ਹੋ ਚੁੱਕੇ ਹਨ। ਚੰਡੀਗੜ੍ਹ ਤੋਂ ਵੀ ਫਾਇਰ ਟੈਂਡਰ ਮੰਗਵਾਉਣੇ ਪਏ ਹਨ।
ਅੱਗ ਲੱਗਣ ਦਾ ਉਦੋਂ ਪਤਾ ਲੱਗਾ ਜਦੋਂ ਕੰਪਨੀ ਦੇ ਕਰਮਚਾਰੀਆਂ ਨੇ ਸ਼ੋਅਰੂਮ ਦਾ ਸ਼ਟਰ ਖੋਲ੍ਹਿਆ ਤਾਂ ਉਨ੍ਹਾਂ ਦੇਖਿਆ ਕਿ ਬੇਸਮੈਂਟ ’ਚੋਂ ਧੂੰਆਂ ਨਿਕਲ ਰਿਹਾ ਹੈ। ਉਨ੍ਹਾਂ ਤੁਰੰਤ ਮੁਹਾਲੀ ਫਾਇਰ ਬ੍ਰਿਗੇਡ ਨੂੰ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਫਾਇਰ ਅਫ਼ਸਰ ਮੋਹਨ ਲਾਲ ਵਰਮਾ ਚਾਰ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ। ਉਧਰ, ਸ਼ਾਮ ਨੂੰ ਕਲਿਆਣ ਜਿਊਲਰ ਅਤੇ ਨੇੜਲੇ ਇਕ ਹੋਟਲ ਤੱਕ ਅੱਗ ਪਹੁੰਚਣ ਬਾਰੇ ਪਤਾ ਲੱਗਾ ਹੈ। ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ, ਏਐਸਪੀ ਮੈਡਮ ਅਸ਼ਵਨੀ ਗੋਟਿਆਲ ਅਤੇ ਥਾਣਾ ਫੇਜ਼-1 ਦੇ ਐਸਐਚਓ ਮਨਫੂਲ ਸਿੰਘ ਵੀ ਮੌਕੇ ’ਤੇ ਮੌਜੂਦ ਹਨ। ਅੱਗ ’ਤੇ ਕਾਬੂ ਨਾ ਪੈਣ ਕਾਰਨ ਹੁਣ ਪ੍ਰਸ਼ਾਸਨ ਵੱਲੋਂ ਐਨਡੀਆਰਐਫ਼ ਨੂੰ ਮੌਕੇ ’ਤੇ ਸੱਦਣ ਬਾਰੇ ਕਿਹਾ ਜਾ ਰਿਹਾ ਹੈ। ਜਦੋਂਕਿ ਰੈਸਕਿਊ ਟੀਮ ਦੁਪਹਿਰ ਵੇਲੇ ਹੀ ਪਹੁੰਚ ਗਈ ਸੀ।
ਬੇਸਮੈਂਟ ਵਿੱਚ ਲੱਗੀ ਅੱਗ ਕਾਰਨ ਸ਼ੋਅਰੂਮ ਵਿੱਚ ਧੂੰਆਂ ਭਰ ਗਿਆ ਅਤੇ ਇਸ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਅੱਗ ਬੁਝਾਉਣ ਦੇ ਕੰਮ ਵਿੱਚ ਭਾਰੀ ਪ੍ਰੇਸ਼ਾਨੀ ਸਹਿਣੀ ਪਈ। ਦੁਪਹਿਰ ਕਰੀਬ ਡੇਢ ਵਜੇ ਫਾਇਰ ਬ੍ਰਿਗੇਡ ਦੀ ਟੀਮ ਸ਼ੋਅਰੂਮ ਵਿੱਚ ਦਾਖ਼ਲ ਹੋਣ ਵਿੱਚ ਕਾਮਯਾਬ ਹੋਈ ਅਤੇ ਬੇਸਮੈਂਟ ਵਿੱਚ ਲੱਗੀ ਅੱਗ ਬੁਝਾਉਣ ਦਾ ਕੰਮ ਆਰੰਭ ਹੋਇਆ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਅੱਗ ਬੁਝਾਉਣ ਦਾ ਕੰਮ ਜਾਰੀ ਸੀ ਅਤੇ ਸ਼ੋਅਰੂਮ ’ਚੋਂ ਧੂੰਆਂ ਨਿਕਲ ਰਿਹਾ ਸੀ।
ਪ੍ਰਸ਼ਾਸਨ ਵੱਲੋਂ ਘਟਨਾ ਸਥਾਨ ਨੇੜੇ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਨੇੜਲੇ ਸ਼ੋਅਰੂਮਾਂ ਲਈ ਵੀ ਖ਼ਤਰਾ ਬਣਿਆ ਹੋਇਆ ਹੈ। ਪੂਰੀ ਮਾਰਕੀਟ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮਾਰਕੀਟ ਨੂੰ ਖਾਲੀ ਕਰਵਾ ਲਿਆ ਗਿਆ ਹੈ ਤਾਂ ਜੋ ਇੱਥੇ ਵੱਡਾ ਦੁਖਾਂਤ ਵਾਪਰਨ ਤੋਂ ਬਚਾਅ ਹੋ ਸਕੇ। ਸ਼ੋਅਰੂਮ ਵਿੱਚ ਵੱਖ ਵੱਖ ਕਿਸਮ ਦਾ ਰਿਫਾਇੰਡ ਤੇਲ, ਸਰ੍ਹੋਂ ਦਾ ਤੇਲ, ਪਲਾਸਟਿਕ ਦਾ ਸਮਾਨ ਅਤੇ ਕੱਪੜਾ ਜ਼ਿਆਦਾ ਹੋਣ ਕਾਰਨ ਅੱਗ ’ਤੇ ਕਾਬੂ ਨਹੀਂ ਪੈ ਰਿਹਾ ਹੈ।
(ਬਾਕਸ ਆਈਟਮ)
ਫਾਇਰ ਅਫ਼ਸਰ ਮੋਹਨ ਲਾਲ ਵਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸ਼ੋਅਰੂਮ ਵਿੱਚ ਅੱਗ ਸ਼ਾਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਹੁਣ ਤੱਕ 20 ਫਾਇਰ ਟੈਂਡਰ ਖਪਤ ਹੋ ਚੁੱਕੇ ਹਨ ਲੇਕਿਨ ਹਾਲੇ ਵੀ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾ ਸਕਿਆ ਹੈ। ਉਨ੍ਹਾਂ ਦੱਸਿਆ ਕਿ ਸ਼ੋਅਰੂਮ ਦੀ ਬੇਸਮੈਂਟ ਕਾਫੀ ਛੋਟੀ ਹੈ ਅਤੇ ਬੇਸਮੈਂਟ ਵਿੱਚ ਬੇਹਿਸਾਬ ਤੁੰਨ ਤੁੰਨ ਸਮਾਨ ਭਰਿਆ ਹੋਇਆ ਹੈ। ਬੇਸਮੈਂਟ ਜ਼ਿਆਦਾ ਤੰਗ ਹੋਣ ਅਤੇ ਲੋੜ ਤੋਂ ਵੱਧ ਸਮਾਨ ਰੱਖਿਆ ਹੋਣ ਕਾਰਨ ਅੱਗ ਬੁਝਾਉਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ।
(ਬਾਕਸ ਆਈਟਮ)
ਫਾਇਰ ਅਫ਼ਸਰ ਮੋਹਨ ਲਾਲ ਵਰਮਾ ਨੇ ਦੱਸਿਆ ਕਿ ਸ਼ੋਅਰੂਮ ਦੇ ਪ੍ਰਬੰਧਕਾਂ ਵੱਲੋਂ ਇੱਥੇ ਅੱਗ ਤੋਂ ਬਚਾਅ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਇਸ ਸਬੰਧੀ ਫਾਇਰ ਬ੍ਰਿਗੇਡ ਵੱਲੋਂ ਪਹਿਲਾਂ ਹੀ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਕੇ ਅੱਗ ਬੁਝਾਉਣ ਦੇ ਲੋੜੀਂਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਪ੍ਰੰਤੂ ਪ੍ਰਬੰਧਕਾਂ ਨੇ ਫਾਇਰ ਬ੍ਰਿਗੇਡ ਦੀ ਚਿਤਾਵਨੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਕਿਹਾ ਕਿ ਧੂੰਆਂ ਬਹੁਤ ਜ਼ਿਆਦਾ ਹੋਣ ਕਾਰਨ ਅੱਗ ਬੁਝਾਉਣ ਦੇ ਕੰਮ ਵਿੱਚ ਮੁਸ਼ਕਲ ਹੋ ਰਹੀ ਹੈ ਅਤੇ ਫਾਇਰ ਬ੍ਰਿਗੇਡ ਟੀਮ ਨੂੰ ਬੇਸਮੈਂਟ ਵਿੱਚ ਜਾਣ ਲਈ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਵਰਤੀ ਗਈ ਲਾਪਰਵਾਹੀ ਦੇ ਦੋਸ਼ ਵਿੱਚ ਕਾਰਵਾਈ ਦੀ ਸਿਫ਼ਾਰਸ਼ ਕੀਤੀ ਜਾਵੇਗੀ।
(ਬਾਕਸ ਆਈਟਮ)
ਉਧਰ, ਦੇਰ ਸ਼ਾਮ ਨੂੰ ਦਾਵਤ ਹੋਟਲ ਦੇ ਪ੍ਰਬੰਧਕਾਂ ਨੇ ਆਪਣਾ ਹੋਟਲ ਖਾਲੀ ਕਰ ਦਿੱਤਾ ਗਿਆ। ਇਹ ਹੋਟਲ ਮਿੰਨੀ ਮਾਲ ਤੋਂ ਤਿੰਨ ਸ਼ੋਅਰੋਮ ਛੱਡ ਕੇ ਇਕ ਕੋਨੇ ’ਤੇ ਸੀ ਪ੍ਰੰਤੂ ਸੰਭਾਵੀ ਖ਼ਤਰੇ ਨੂੰ ਦੇਖਦੇ ਹੋਏ ਪ੍ਰਬੰਧਕਾਂ ਨੇ ਹੋਟਲ ਦੇ ਸਟਾਫ਼ ਨੂੰ ਕੰਮ ਕਰਕੇ ਬਾਹਰ ਆਉਣ ਦੇ ਆਦੇਸ਼ ਦਿੱਤੇ ਗਏ। ਦੇਰ ਰਾਤ ਤੱਕ ਅੱਗ ਬੁਝਾਉਣ ਅਤੇ ਰਾਹਤ ਕਾਰਜ ਜਾਰੀ ਸੀ। ਹੁਣ ਤੱਕ 30 ਫਾਇਰ ਟੈਂਡਰ ਖਪਤ ਹੋ ਚੁੱਕੇ ਹਨ। ਚੰਡੀਗੜ੍ਹ ਫਾਇਰ ਬ੍ਰਿਗੇਡ ਦੀ ਟੀਮ ਵਿੱਚ ਸ਼ਾਮਲ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਦੋ ਕਰਮਚਾਰੀਆਂ ਨਵੀਨ ਕੁਮਾਰ ਅਤੇ ਅਮਰਜੀਤ ਸਿੰਘ ਨੂੰ ਵੀ ਮਦਦ ਲਈ ਮੌਕੇ ’ਤੇ ਸੱਦਿਆ ਗਿਆ ਹੈ। ਇਸ ਤੋਂ ਇਲਾਵਾ ਰਾਤ ਨੂੰ ਏਅਰਫੋਰਸ ਦੀ ਟੀਮ ਵੀ ਬੁਲਾਈ ਗਈ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…