
ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ: ਤਿੰਨ ਇਮੀਗਰੇਸ਼ਨ ਕੰਪਨੀਆਂ ਖ਼ਿਲਾਫ਼ ਧੋਖਾਧੜੀ ਦੇ ਕੇਸ ਦਰਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਮੁਹਾਲੀ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਭੋਲੇ ਭਾਲੇ ਲੋਕਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਵਾਲੀਆਂ ਇਮੀਗਰੇਸ਼ਨ ਕੰਪਨੀਆਂ ਦੇ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸ ਦਿੱਤਾ ਹੈ। ਇੱਥੋਂ ਦੇ ਫੇਜ਼-1 ਥਾਣੇ ਵਿੱਚ ਤਿੰਨ ਕੰਪਨੀਆਂ ਦੇ ਪ੍ਰਬੰਧਕਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 406, 420, 120ਬੀ ਅਤੇ 24 ਇਮੀਗਰੇਸ਼ਨ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਸਥਾਨਕ ਫੇਜ਼-5 ਦੀ ਇਕ ਇਮੀਗਰੇਸ਼ਨ ਕੰਪਨੀ ਦੇ ਮਾਲਕ ਏਕਮ ਸਿੰਘ ਅਤੇ ਉਸ ਦੀ ਪਤਨੀ ਬਲਜਿੰਦਰ ਕੌਰ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਪੀੜਤ ਵਿਅਕਤੀ ਰਾਮ ਸਿੰਘ ਵਾਸੀ ਰੂਪਨਗਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਮੁਲਜ਼ਮਾਂ ’ਤੇ 6 ਲੱਖ 10 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਇੰਜ ਹੀ ਫੇਜ਼-5 ਦੀ ਮਾਰਕੀਟ ਵਿੱਚ ਇਮੀਗਰੇਸ਼ਨ ਸਲਾਹਕਾਰ ਕੰਪਨੀ ਦਿ ਬੈੱਸਟ ਵੀਜ਼ਾ ਕੰਸਲਟੈਂਸੀ ਦੇ ਰਾਜਵੀਰ ਸੰਧੂ, ਮਨਿੰਦਰ ਸਿੰਘ ਅਤੇ ਬੰਗਾਲ ਦੇ ਇੱਕ ਵਿਅਕਤੀ ਸ਼ਾਮ ਥਾਪਾ ਦੇ ਖ਼ਿਲਾਫ਼ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਅਤੇ ਉਨ੍ਹਾਂ ਨਾਲ ਕਰੀਬ 20 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਇਸੇ ਤਰ੍ਹਾਂ ਇੱਥੋਂ ਦੇ ਫੇਜ਼-2 ਦੀ ਮਾਰਕੀਟ ਵਿੱਚ ਸਥਿਤ ਇਮੀਗਰੇਸ਼ਨ ਕੰਪਨੀ ਵਰਲਡ ਰਾਈਟ ਵੇਅ ਦੇ ਮਾਲਕ ਅੰਮ੍ਰਿਤਪਾਲ ਸਿੰਘ ਅਤੇ ਮਨੋਜ ਕੁਮਾਰ ਦੇ ਖ਼ਿਲਾਫ਼ ਪੀੜਤ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝੂਠਾ ਲਾਰਾ ਲਗਾ ਕੇ ਉਸ ਨਾਲ ਇਕ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਪੁਲੀਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਕੰਪਨੀਆਂ ਦੇ ਪ੍ਰਬੰਧਕਾਂ ਦੇ ਖ਼ਿਲਾਫ਼ ਪਹਿਲਾਂ ਵੀ ਕਾਫੀ ਲੋਕਾਂ ਵੱਲੋਂ ਠੱਗੀਆਂ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕਰਵਾਏ ਗਏ ਸਨ ਪ੍ਰੰਤੂ ਪੁਲੀਸ ਕੇਸਾਂ ਵਿੱਚ ਨਾਮਜ਼ਦ ਕਈ ਵਿਅਕਤੀ ਪੁਰਾਣੀ ਕੰਪਨੀਆਂ ਬੰਦ ਕਰਕੇ ਨਵੀਂ ਕੰਪਨੀ ਖੋਲ੍ਹ ਕੇ ਫਿਰ ਤੋਂ ਲੋਕਾਂ ਨੂੰ ਲੁੱਟਣ ਦਾ ਗੋਰਖਧੰਦਾ ਸ਼ੁਰੂ ਕਰ ਲੈਂਦੇ ਹਨ। ਇਸ ਤਰ੍ਹਾਂ ਦੀਆਂ ਉਨ੍ਹਾਂ ਨੇ ਕਈ ਉਦਾਹਰਣਾਂ ਦਿੰਦਿਆਂ ਕਿਹਾ ਕਿ ਸ਼ਰ੍ਹੇਆਮ ਠੱਗੀਆਂ ਮਾਰਨ ਵਾਲੀਆਂ ਇਮੀਗਰੇਸ਼ਨ ਕੰਪਨੀਆਂ ਦੇ ਖ਼ਿਲਾਫ਼ ਪੁਲੀਸ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ।