nabaz-e-punjab.com

ਮੁਹਾਲੀ ਵਿੱਚ ਕੁਲੈਕਸ਼ਨ ਏਜੰਸੀ ਦੇ ਕਰਮਚਾਰੀ ਕੋਲੋਂ ਲੱਖਾਂ ਰੁਪਏ ਲੁੱਟੇ

ਬਲੌਂਗੀ ਪੁਲੀਸ ਨੇ ਜੀਪੀਐਸ ਸਿਸਟਮ ਵਾਲਾ ਬੈੱਗ ਸਨੇਟਾ ਨੇੜੇ ਝਾੜੀਆਂ ’ਚੋਂ ਕੀਤਾ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ:
ਮੁਹਾਲੀ ਟੀਡੀਆਈ ਸਿਟੀ ਦੀਆਂ ਟਰੈਫ਼ਿਕ ਲਾਈਟਾਂ ਨੇੜੇ ਅੱਜ ਇਕ ਵਿਅਕਤੀ ਕੋਲੋਂ ਚਾਰ ਅਣਪਛਾਤੇ ਵਿਅਕਤੀ ਲੱਖਾਂ ਰੁਪਏ ਦੀ ਨਗਦੀ ਵਾਲਾ ਬੈੱਗ ਖੋਹਣ ਕੇ ਫਰਾਰ ਹੋ ਗਏ। ਪੁਲੀਸ ਨੇ ਪੀੜਤ ਰੋਹਿਨ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਪਿੰਡ ਸਨੇਟਾ ਨੇੜੇ ਝਾੜੀਆਂ ’ਚੋਂ ਇਕ ਜੀਪੀਐਸ ਸਿਸਟਮ ਲੱਗਿਆ ਬੈੱਗ ਮਿਲਿਆ ਹੈ। ਜਿਸ ਵਿੱਚ ਕਰਮਚਾਰੀ ਨੇ ਪੈਸੇ ਰੱਖੇ ਹੋਏ ਹਨ।
ਇਸ ਸਬੰਧੀ ਥਾਣਾ ਬਲੌਂਗੀ ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਪੀੜਤ ਰੋਹਿਨ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਨਜ਼ਦੀਕੀ ਪਿੰਡ ਸਟੇਨਾ ਨੇੜਿਓਂ ਝਾੜੀਆਂ ’ਚੋਂ ਜੀਪੀਐਸ ਸਿਸਟਮ ਲੱਗਾ ਬੈੱਗ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਦੀ ਪੈੜ ਨੱਪਣ ਲਈ ਵੱਖ ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੁਟੇਰਿਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਧਰ, ਰੋਹਿਨ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਮੁਹਾਲੀ ਦੇ ਸਨਅਤੀ ਏਰੀਆ ਫੇਜ਼-7 ਸਥਿਤ ਇਕ ਕੁਲੈਕਸ਼ਨ ਏਜੰਸੀ ਵਿੱਚ ਨੌਕਰੀ ਕਰਦਾ ਹੈ ਅਤੇ ਛੇ ਕੁ ਮਹੀਨੇ ਪਹਿਲਾਂ ਹੀ ਨੌਕਰੀ ’ਤੇ ਲੱਗਾ ਸੀ। ਉਹ ਰੋਜ਼ਾਨਾ ਵੱਖ ਵੱਖ ਦੁਕਾਨਾਂ ਤੋਂ ਪੈਸੇ ਇਕੱਠੇ ਕਰਕੇ ਬੈਂਕਾਂ ਵਿੱਚ ਜਮ੍ਹਾਂ ਕਰਵਾਉਣ ਦਾ ਕੰਮ ਕਰਦਾ ਹੈ। ਅੱਜ ਵੀ ਉਹ ਵੀਆਰ ਪੰਜਾਬ ਦੀਆਂ ਵੱਖ ਵੱਖ ਦੁਕਾਨਾਂ ’ਚੋਂ ਪੈਸਿਆਂ ਦੀ ਕੁਲੈਕਸ਼ਨ ਕਰਕੇ ਆਪਣੇ ਦਫ਼ਤਰ ਜਾ ਰਿਹਾ ਸੀ। ਜਿੱਥੋਂ ਉਸ ਨੇ ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਣ ਜਾਣਾ ਸੀ ਪ੍ਰੰਤੂ ਇਸ ਤੋਂ ਪਹਿਲਾਂ ਨੇ ਚਾਰ ਲੁਟੇਰਿਆਂ ਨੇ ਉਸ ਨੂੰ ਏਅਰਪੋਰਟ ਸੜਕ ’ਤੇ ਟਰੈਫ਼ਿਕ ਲਾਈਟਾਂ ਨੇੜੇ ਘੇਰ ਕੇ ਲੁੱਟ ਲਿਆ। ਬੈੱਗ ਵਿੱਚ 6-7 ਲੱਖ ਰੁਪਏ ਦੱਸੇ ਜਾ ਰਹੇ ਹਨ। ਹਾਲਾਂਕਿ ਉਸ ਨੇ ਲੁਟੇਰਿਆਂ ਨੂੰ ਫੜਨ ਲਈ ਕਾਫੀ ਰੌਲਾ ਵੀ ਪਾਇਆ ਲੇਕਿਨ ਉਹ ਉਸ ਕੋਲੋਂ ਪੈਸਿਆਂ ਵਾਲਾ ਬੈੱਗ ਖੋਹ ਕੇ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਏ। ਦੱਸਿਆ ਗਿਆ ਹੈ ਕਿ ਜਿਨ੍ਹਾਂ ਦੋ ਮੋਟਰ ਸਾਈਕਲਾਂ ’ਤੇ ਚਾਰ ਲੁਟੇਰੇ ਸਵਾਰ ਸਨ, ਉਨ੍ਹਾਂ ਮੋਟਰ ਸਾਈਕਲਾਂ ’ਤੇ ਨੰਬਰ ਪਲੇਟਾਂ ਨਹੀਂ ਲੱਗੀਆਂ ਹੋਈਆਂ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…