ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦਗਾਰ ‘ਮੀਨਾਰੇ-ਏ-ਬੇਗਮਪੁਰਾ’ ਨੂੰ ਛੇਤੀ ਮੁਕੰਮਲ ਕਰਨ ਲਈ ਯਤਨਸ਼ੀਲ: ਵਿੱਤ ਮੰਤਰੀ

ਸ੍ਰੀ ਖੁਰਾਲਗੜ੍ਹ ਸਾਹਿਬ ਵਿੱਚ ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਰਾਜ ਪੱਧਰੀ ਸਮਾਗਮ ਆਯੋਜਿਤ

ਜੰਗਲੀ ਜਾਨਵਰਾਂ ਤੋਂ ਫਸਲਾਂ ਦੀ ਰਾਖੀ ਲਈ ਜਾਲ ਲਗਾਉਣ ਲਈ 50 ਕਰੋੜ ਦੀ ਸਬਸਿਡੀ ਮੁਹੱਈਆ ਕਰੇਗੀ ਸਰਕਾਰ

ਕੰਢੀ ਖੇਤਰ ਵਿੱਚ ਸਿੰਚਾਈ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਜਾਣਗੇ 265 ਟਿਊਬਵੈੱਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਹੁਸ਼ਿਆਰਪੁਰ, 31 ਜਨਵਰੀ:
ਦਲਿਤਾਂ ਦੇ ਮਸ਼ੀਹਾ ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ੍ਰੀ ਖੁਰਾਲਗੜ੍ਹ ਸਾਹਿਬ ਵਿੱਚ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਐਲਾਨ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦਗਾਰ ‘ਮੀਨਾਰੇ-ਏ-ਬੇਗਮਪੁਰਾ’ ਨੂੰ ਜਲਦ ਹੀ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਸਮਾਗਮ ਵਿਚ ਇਕੱਤਰ ਭਾਰੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਤਰੱਕੀ ਤੇ ਖੁਸ਼ਹਾਲੀ ਲਿਆਉਣ ਲਈ ਵਚਨਬੱਧ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕੰਢੀ ਅਤੇ ਬਾਰਡਰ ਦਾ ਇਲਾਕਾ ਕਾਫ਼ੀ ਪੱਛੜਿਆ ਹੈ ਅਤੇ ਇਸ ਸਬੰਧੀ ਉਨ੍ਹਾਂ ਪਿਛਲੇ ਹਫ਼ਤੇ ਕੇਂਦਰੀ ਵਿੱਤ ਮੰਤਰੀ ਨਾਲ ਮੁਲਾਕਾਤ ਦੌਰਾਨ ਇਹ ਤਜਵੀਜ਼ ਰੱਖੀ ਸੀ ਕਿ ਜੇਕਰ ਇਨ੍ਹਾਂ ਇਲਾਕਿਆਂ ਵਿੱਚ ਬਾਰਡਰ ਏਰੀਆ ਡਿਵੈਲਪਮੈਂਟ ਸਕੀਮ ਅਤੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਕੇਂਦਰ ਦੀ ਹਿੱਸੇਦਾਰੀ ਵਿਚ ਵਾਧਾ ਕੀਤਾ ਜਾਵੇ, ਤਾਂ ਕੰਢੀ ਅਤੇ ਬਾਰਡਰ ਦੇ ਇਲਾਕੇ ਤੇਜ਼ੀ ਨਾਲ ਵਿਕਾਸ ਦੀਆਂ ਲੀਹਾਂ ’ਤੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਅਰਧ ਪਹਾੜੀ ਖੇਤਰ ਵਿਚ ਜੰਗਲੀ ਜਾਨਵਰ ਫਸਲਾਂ ਨੂੰ ਖਰਾਬ ਕਰ ਦਿੰਦੇ ਹਨ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਇਸ ਇਲਾਕੇ ਦੀ ਫਸਲ ਦੀ ਰਾਖੀ ਲਈ ਜਾਲ ਲਗਵਾਉਣ ਵਾਸਤੇ ਕਿਸਾਨਾਂ ਨੂੰ 50 ਕਰੋੜ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਏਗੀ। ਉਨ੍ਹਾਂ ਕੰਢੀ ਖੇਤਰ ਵਿਚ ਸਿੰਚਾਈ ਵਾਲੇ ਪਾਣੀ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਸੂਬੇ ਦੇ ਕੰਢੀ ਖੇਤਰ ਦੇ 13 ਵਿਧਾਨ ਸਭਾ ਹਲਕਿਆਂ ਲਈ ਪ੍ਰਤੀ ਹਲਕਾ 20 ਟਿਊਬਵੈਲ ਦੇ ਹਿਸਾਬ ਨਾਲ 240, ਜਦਕਿ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿਚ 25 ਟਿਊਬਵੈਲ ਸਮੇਤ 265 ਟਿਊਬਵੈਲ ਲਗਵਾਉਣ ਦੀ ਵੀ ਗੱਲ ਕਹੀ।
ਸ੍ਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਕੇਵਲ ਗਲੀਆਂ-ਨਾਲੀਆਂ ਦਾ ਵਿਕਾਸ ਕਰਨਾ ਹੀ ਵਿਕਾਸ ਨਹੀਂ ਹੈ, ਪੰਜਾਬ ਉਦੋਂ ਆਪਣੇ ਪੈਰਾਂ ’ਤੇ ਖੜ੍ਹਾ ਹੋ ਜਾਵੇਗਾ, ਜਦੋਂ ਪੜੇ੍ਹ-ਲਿਖੇ ਅਤੇ ਅਨਪੜ੍ਹ ਵਿਅਕਤੀਆਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੜ੍ਹੇ-ਲਿਖੇ ਨੌਜਵਾਨਾਂ ਦੇ ਨਾਲ-ਨਾਲ ਅਨਪੜ੍ਹ ਨੌਜਵਾਨਾਂ ਨੂੰ ਵੀ ਨੌਕਰੀਆਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਬਜਟ ਸ਼ੈਸ਼ਨ ਦੌਰਾਨ ਕੇਂਦਰ ਸਰਕਾਰ ਇਨਕਮ ਟੈਕਸ ਦੀ ਸਲੈਬ ਵਿਚ ਅੱਧੇ ਪ੍ਰਤੀਸ਼ਤ ਦਾ ਵਾਧਾ ਕਰਦੀ ਹੈ ਤਾਂ ਸਰਕਾਰ ਕੋਲ 50 ਹਜ਼ਾਰ ਕਰੋੜ ਰੁਪਏ ਇਕੱਤਰ ਹੋਣਗੇ, ਜਿਸਦਾ ਫਾਇਦਾ ਕਿਸਾਨਾਂ ਨੂੰ ਹੀ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਉਦਯੋਗ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਉਦਯੋਗਾਂ ਵਾਸਤੇ ਮਹਿਜ਼ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਵੀ ਇਹੀ ਦਰ ਬਰਕਰਾਰ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਟੈਂਪ ਡਿਊਟੀ ਨੂੰ ਘਟਾ ਕੇ 6 ਪ੍ਰਤੀਸ਼ਤ ਕੀਤਾ ਗਿਆ ਹੈ। ਜਿਸਦੇ ਨਾਲ ਸੂਬੇ ਦੀ ਆਰਥਿਕਤਾ ਨੂੰ ਕਾਫੀ ਹੁੰਗਾਰਾ ਮਿਲ ਰਿਹਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਬਜਟ ਸ਼ੈਸ਼ਨ ਦੌਰਾਨ ਰਾਜਪੁਰਾ-ਮੁਹਾਲੀ ਰੇਲਵੇ ਲਿੰਕ ਨੂੰ ਜੋੜਨ ਲਈ ਕੇਂਦਰ ਸਰਕਾਰ ਪਾਸ ਤਜਵੀਜ਼ ਰੱਖੀ ਗਈ ਹੈ ਅਤੇ ਜੇਕਰ ਇਹ ਤਜਵੀਜ਼ ਪੂਰੀ ਹੋ ਜਾਂਦੀ ਹੈ ਤਾਂ ਪੰਜਾਬ ਸਰਕਾਰ ਆਪਣੇ ਖਰਚੇ ’ਤੇ ਰੇਲਵੇ ਲਿੰਕ ਬਣਾਉਣ ਲਈ ਜ਼ਮੀਨ ਮੁਹੱਈਆ ਕਰਵਾਏਗੀ। ਸਮਾਗਮ ਦੌਰਾਨ ਸਾਬਕਾ ਵਿਧਾਇਕ ਸ੍ਰੀ ਲਵ ਕੁਮਾਰ ਗੋਲਡੀ ਨੇ ਸੰਬੋਧਨ ਕਰਦਿਆਂ ਗੜ੍ਹਸ਼ੰਕਰ ਦੀਆਂ ਖਾਸ ਕਰਕੇ ਬੀਤ ਇਲਾਕੇ ਦੀਆਂ ਸਮੱਸਿਆਵਾਂ ਤੋਂ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ। ਇਸ ਦੌਰਾਨ ਵਿੱਤ ਮੰਤਰੀ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਗਰਾਮ ਪੰਚਾਇਤ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸਮਾਗਮ ਦੌਰਾਨ ਹਲਕਾ ਵਿਧਾਇਕ ਚੱਬੇਵਾਲ ਅਤੇ ਚੇਅਰਮੈਨ ਐਸ.ਸੀ.ਡਿਪਾਰਟਮੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਡਾ. ਰਾਜ ਕੁਮਾਰ, ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸ੍ਰੀ ਪਵਨ ਕੁਮਾਰ ਆਦੀਆ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਸੰਗਤ ਨੂੰ ਗੁਰੂ ਜੀ ਵਲੋਂ ਦਰਸਾਏ ਗਏ ਮਾਰਗ ’ਤੇ ਚੱਲਣ ਦੀ ਅਪੀਲ ਕਰਦਿਆਂ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਮੌਕੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਡਾ. ਕੇਵਲ ਸਿੰਘ ਨੇ ਇਸ ਇਤਿਹਾਸਕ ਸਥਾਨ ਦੀ ਮਹੱਤਤਾ ਤੋਂ ਸੰਗਤ ਨੂੰ ਜਾਣੂ ਕਰਵਾਇਆ।
ਇਸ ਮੌਕੇ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ, ਹਲਕਾ ਵਿਧਾਇਕ ਹੁਸ਼ਿਆਰਪੁਰ ਸ੍ਰੀ ਸੁੰਦਰ ਸ਼ਾਮ ਅਰੋੜਾ, ਹਲਕਾ ਵਿਧਾਇਕ ਮੁਕੇਰੀਆਂ ਸ੍ਰੀ ਰਜਨੀਸ਼ ਕੁਮਾਰ ਬੱਬੀ, ਹਲਕਾ ਵਿਧਾਇਕ ਦਸੂਹਾ ਸ੍ਰੀ ਅਰੁਣ ਡੋਗਰਾ, ਹਲਕਾ ਵਿਧਾਇਕ ਬਾਬਾ ਬਕਾਲਾ ਸ੍ਰੀ ਸੰਤੋਖ ਸਿੰਘ ਭਲਾਈਪੁਰ, ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ, ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ, ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਸ਼੍ਰੀ ਅਮਰਪ੍ਰੀਤ ਸਿੰਘ ਲਾਲੀ, ਕੋ-ਚੇਅਰਮੈਨ ਐਸ.ਸੀ.ਡਿਪਾਰਟਮੈਂਟ ਸ੍ਰੀ ਜੰਗ ਬਹਾਦਾਰ ਸਿੰਘ ਅਤੇ ਵਾਈਸ ਚੇਅਰਮੈਨ ਸ੍ਰੀ ਰਵਿੰਦਰ ਕੁਮਾਰ ਰੋਜ਼ੀ, ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ੍ਰੀ ਅਮਰਿੰਦਰ ਜੌੜਾ, ਕੌਂਸਲਰ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ, ਕਾਂਗਰਸੀ ਆਗੂ ਸ੍ਰੀਮਤੀ ਨਿਮਿਸ਼ਾ ਮਹਿਤਾ, ਸਾਬਕਾ ਸਰਪੰਚ ਅਤੇ ਕੈਸ਼ੀਅਰ ਸ੍ਰੀ ਰਣਜੀਤ ਸਿੰਘ ਸਮੇਤ ਭਾਰੀ ਸੰਖਿਆ ਵਿੱਚ ਸੰਗਤਾਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …