Nabaz-e-punjab.com

ਮਾਈਨਿੰਗ ਅਧਿਕਾਰੀ ਨੇ ਕਿਸਾਨਾਂ ਦੀ ਹਾਜ਼ਰੀ ਵਿੱਚ ਪਿੰਡ ਧਰਮਗੜ੍ਹ ਵਿੱਚ ਲਿਆ ਨਾਜਾਇਜ਼ ਮਾਈਨਿੰਗ ਦਾ ਜਾਇਜ਼ਾ

ਖੇਤਾਂ ’ਚੋਂ ਮਿੱਟੀ ਚੁੱਕਣ ਦਾ ਮਾਮਲਾ: ਮੁੱਢਲੀ ਜਾਂਚ ਵਿੱਚ ਨਾਜਾਇਜ਼ ਮਾਈਨਿੰਗ ਦੀ ਗੱਲ ਆਈ ਸਾਹਮਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਇੱਥੋਂ ਦੇ ਸੋਹਾਣਾ ਥਾਣਾ ਅਧੀਨ ਆਉਂਦੇ ਪਿੰਡ ਧਰਮਗੜ੍ਹ ਵਿੱਚ ਕਥਿਤ ਤੌਰ ’ਤੇ ਗ਼ੈਰ ਕਾਨੂੰਨੀ ਮਾਈਨਿੰਗ ਹੋਣ ਦੀ ਗੱਲ ਸਾਹਮਣੇ ਆਈ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਤਿੰਨ ਦਿਨਾਂ ਬਾਅਦ ਸੋਮਵਾਰ ਨੂੰ ਮਾਈਨਿੰਗ ਇੰਸਪੈਕਟਰ ਗੁਰਜੀਤ ਸਿੰਘ ਨੇ ਪੀੜਤ ਕਿਸਾਨਾਂ ਦੀ ਹਾਜ਼ਰੀ ਵਿੱਚ ਮੌਕੇ ਦਾ ਜਾਇਜ਼ਾ ਲਿਆ ਅਤੇ ਪੀੜਤ ਕਿਸਾਨਾਂ ਨੂੰ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇਣ ਨੂੰ ਆਖਿਆ ਹੈ ਤਾਂ ਜੋ ਬਣਦੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਰਿਪੋਰਟ ਬਣਾ ਕੇ ਭੇਜੀ ਜਾ ਸਕੇ।
ਮਾਈਨਿੰਗ ਇੰਸਪੈਕਟਰ ਗੁਰਜੀਤ ਸਿੰਘ ਨੇ ‘ਨਬਜ਼-ਏ-ਪੰਜਾਬ ਡਾਟ ਕਾਮ’ ਨੂੰ ਦੱਸਿਆ ਕਿ ਅੱਜ ਉਨ੍ਹਾਂ ਨੇ ਪਿੰਡ ਧਰਮਗੜ੍ਹ ਦੇ ਖੇਤਾਂ ਵਿੱਚ ਜਾ ਕੇ ਮੌਕੇ ਦਾ ਜਾਇਜ਼ਾ ਲਿਆ ਹੈ। ਹਾਲਾਂਕਿ ਜਾਂਚ ਟੀਮ ਨੂੰ ਮੌਕੇ ’ਤੇ ਕੋਈ ਵਿਅਕਤੀ ਨਾਜਾਇਜ਼ ਮਾਈਨਿੰਗ ਕਰਦਾ ਨਹੀਂ ਮਿਲਿਆ ਹੈ ਪ੍ਰੰਤੂ ਕਰੀਬ 10 ਤੋਂ 15 ਏਕੜ ਜ਼ਮੀਨ ਵਿੱਚ ਮਿੱਟੀ ਚੁੱਕਣ ਕਾਰਨ ਕਾਫੀ ਡੂੰਘੇ ਖੱਡੇ ਪਏ ਹੋਏ ਹਨ। ਜਿਸ ਤੋਂ ਇੰਝ ਜਾਪਦਾ ਹੈ ਕਿ ਉਕਤ ਜ਼ਮੀਨ ’ਚੋਂ ਕਥਿਤ ਨਾਜਾਇਜ਼ ਮਾਈਨਿੰਗ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਨੇ ਮੌਕੇ ’ਤੇ ਫੋਟੋਆਂ ਵੀ ਖਿੱਚੀਆਂ ਅਤੇ ਵੀਡੀਓ ਵੀ ਬਣਾਈ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਉਕਤ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਅਤੇ ਜਨਰਲ ਮੈਨੇਜਰ ਮਾਈਨਿੰਗ ਸਮੇਤ ਉੱਚ ਅਧਿਕਾਰੀਆਂ ਨੂੰ ਵਿਸਥਾਰ ਰਿਪੋਰਟ ਭੇਜੀ ਜਾਵੇਗੀ। ਉਨ੍ਹਾਂ ਪੀੜਤ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਖੇਤਾਂ ’ਚੋਂ ਗੈਰ ਕਾਨੂੰਨੀ ਢੰਗ ਨਾਲ ਮਿੱਟੀ ਚੁੱਕਣ ਦੇ ਦੋਸ਼ ਵਿੱਚ ਸਬੰਧਤ ਜ਼ਮੀਨ ਮਾਲਕਾਂ ਤੋਂ ਜੁਰਮਾਨਾ ਵਸੂਲਿਆ ਜਾਵੇਗਾ।
ਉਧਰ, ਪੀੜਤ ਰਜਿੰਦਰ ਸਿੰਘ, ਉਸ ਦੇ ਭਰਾ ਭੁਪਿੰਦਰ ਸਿੰਘ ਅਤੇ ਐਚਐਸ ਗਰੇਵਾਲ ਨੇ ਦੱਸਿਆ ਕਿ ਜਾਂਚ ਅਧਿਕਾਰੀ ਮਾਈਨਿੰਗ ਅਫ਼ਸਰ ਦੇ ਕਹਿਣ ’ਤੇ ਉਹ ਭਲਕੇ ਮੰਗਲਵਾਰ ਨੂੰ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਮਾਈਨਿੰਗ ਵਿਭਾਗ ਦੇ ਜਨਰਲ ਮੈਨੇਜਰ ਨੂੰ ਲਿਖਤੀ ਰੂਪ ਵਿੱਚ ਉਨ੍ਹਾਂ ਦੀ ਜ਼ਮੀਨ ਨੇੜਲੇ ਖੇਤਾਂ ’ਚੋਂ ਗੈਰ ਕਾਨੂੰਨੀ ਤਰੀਕੇ ਨਾਲ ਮਿੱਟੀ ਚੁੱਕਣ ਵਿਰੁੱਧ ਸ਼ਿਕਾਇਤ ਦੇਣਗੇ।
ਉਧਰ, ਆਮ ਆਦਮੀ ਪਾਰਟੀ (ਆਪ) ਜ਼ਿਲ੍ਹਾ ਮੁਹਾਲੀ ਦੇ ਮੀਤ ਪ੍ਰਧਾਨ ਜਗਦੇਵ ਸਿੰਘ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਜ਼ਿਲ੍ਹਾ ਮੁਹਾਲੀ ਵਿੱਚ ਵੱਖ ਵੱਖ ਥਾਵਾਂ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਵੱਖੋ ਵੱਖਰੇ ਤੌਰ ’ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ।
(ਬਾਕਸ ਆਈਟਮ)
ਐਸਡੀਓ (ਮਾਈਨਿੰਗ) ਲਖਵੀਰ ਸਿੰਘ ਨੇ ਦੱਸਿਆ ਕਿ ਪਿੰਡ ਕਕਰਾਲੀ ਵਿੱਚ ਪੁਲੀਸ ਨੂੰ ਨਾਲ ਲੈ ਕੇ ਮੌਕਾ ਦੇਖਿਆ ਗਿਆ ਹੈ। ਇਸ ਸਬੰਧੀ ਪਹਿਲਾਂ ਵੀ ਕੇਸ ਦਰਜ ਹੋਇਆ ਸੀ ਅਤੇ ਹੁਣ ਵੀ ਬਣਦੀ ਕਾਰਵਾਈ ਲਈ ਕਿਹਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੂੰ ਸਬੰਧਤ ਇਲਾਕੇ ਵਿੱਚ ਪੁਲੀਸ ਗਸ਼ਤ ਤੇਜ਼ ਕਰਨ ਨੂੰ ਵੀ ਆਖਿਆ ਗਿਆ ਹੈ।
(ਬਾਕਸ ਆਈਟਮ)
ਉਧਰ, ਨਾਜਾਇਜ਼ ਮਾਈਨਿੰਗ ਵਿਰੁੱਧ ਸੰਘਰਸ਼ ਕਰ ਰਹੇ ਪਿੰਡ ਕਕਰਾਲੀ ਦਾ ਬਜ਼ੁਰਗ ਗੁਲਜ਼ਾਰ ਸਿੰਘ (85) ਨੂੰ ਇਨਸਾਫ਼ ਦੀ ਥਾਂ ਠੋਕਰਾਂ ਪੱਲੇ ਪਈਆਂ ਹਨ। ਪੀੜਤ ਬਜ਼ੁਰਗ ਨੇ ਦੱਸਿਆ ਕਿ ਕਕਰਾਲੀ ਵਿੱਚ ਉਸ ਦੀ ਚਾਰ ਏਕੜ ਜ਼ਮੀਨ ਹੈ। ਉਸ ਦੇ ਨੇੜੇ ਨਾਜਾਇਜ਼ ਮਾਈਨਿੰਗ ਦਾ ਧੰਦਾ ਧੜੱਲੇ ਨਾਲ ਚਲ ਰਿਹਾ ਹੈ। ਕੁਝ ਦਿਨ ਪਹਿਲਾਂ ਉਹ ਮੁਹਾਲੀ ਵਿੱਚ ਐਸਐਸਪੀ ਹਰਚਰਨ ਸਿੰਘ ਭੁੱਲਰ ਨੂੰ ਮਿਲੇ ਸੀ। ਜਿਨ੍ਹਾਂ ਨੇ ਸਬੰਧਤ ਪੁਲੀਸ ਨੂੰ ਮੁਲਜ਼ਮਾਂ ਨੂੰ ਹਵਾਲਾਤ ਵਿੱਚ ਬੰਦ ਕਰਨ ਦੇ ਆਦੇਸ਼ ਦਿੱਤੇ ਸੀ ਲੇਕਿਨ ਡੇਰਾਬੱਸੀ ਪੁਲੀਸ ਨੇ ਇਹ ਕੰਮ ਕਰਨ ਵਾਲੇ ਲੋਕਾਂ ਨੂੰ ਹਵਾਲਾਤ ਤਾਂ ਕੀ ਡੱਕਣਾ ਸੀ, ਉਲਟਾ ਪੁਲੀਸ ਨੇ ਇਹ ਕਹਿ ਕੇ ਕਾਰਵਾਈ ਤੋਂ ਪੱਲਾ ਝਾੜ ਲਿਆ ਹੈ ਕਿ ਉੱਥੇ ਨਾਜਾਇਜ਼ ਮਾਈਨਿੰਗ ਹੀ ਨਹੀਂ ਹੋ ਰਹੀ ਹੈ। ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਹ ਭਲਕੇ ਮੰਗਲਵਾਰ ਨੂੰ ਸਵੇਰੇ 11 ਵਜੇ ਮੁੜ ਪੁਲੀਸ ਮੁਖੀ ਨਾਲ ਮੁਲਾਕਾਤ ਕਰਕੇ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾਉਣਗੇ ਅਤੇ ਮੀਡੀਆ ਨਾਲ ਵੀ ਗੱਲ ਸਾਂਝੀ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …