
ਸਕੂਲ ਦੇ ਪ੍ਰੋਗਰਾਮ ’ਚੋਂ ਮੰਤਰੀ ਵੱਲੋਂ ਮਹਿਲਾ ਸਿੱਖਿਆ ਅਧਿਕਾਰੀ ਨੂੰ ਬੇਇੱਜਤ ਕਰਨ ਦੀ ਨਿਖੇਧੀ
ਮਹਿਲਾ ਕਮਿਸ਼ਨ ਦੀ ਮੁਖੀ ਤੋਂ ਨਿੱਜੀ ਦਖ਼ਲ ਦੇਣ ਦੀ ਮੰਗ, ਮੰਤਰੀ ਦੇ ਖ਼ਿਲਾਫ਼ ਕਾਰਵਾਈ ਮੰਗੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਲੁਧਿਆਣਾ ਦੇ ਇੱਕ ਸਕੂਲ ਪ੍ਰੋਗਰਾਮ ’ਚੋਂ ਇੱਕ ਮੰਤਰੀ ਵੱਲੋਂ ਮਹਿਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਬੇਇੱਜ਼ਤ ਕਰਨ ਦਾ ਮਾਮਲਾ ਭਖ ਗਿਆ ਹੈ। ਇਸ ਸਬੰਧੀ ਗਜਟਿਡ ਐਜੂਕੇਸ਼ਨਲ ਸਕੂਲ ਸਰਵਿਸ ਐਸੋਸੀਏਸ਼ਨ (ਗੈਸਾ) ਦੇ ਪ੍ਰਧਾਨ ਹਰਪ੍ਰੀਤ ਸਿੰਘ ਖਾਲਸਾ, ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਹਾਕਮ ਸਿੰਘ ਵਾਲੀਆ ਦੀ ਅਗਵਾਈ ਵਿੱਚ ਹੋਈ ਵਿਸ਼ੇਸ਼ ਮੀਟਿੰਗ ਵਿੱਚ ਲੁਧਿਆਣਾ ਵਿੱਚ ਮੰਤਰੀ ਵੱਲੋਂ ਸਕੂਲ ਪ੍ਰੋਗਰਾਮ ’ਚੋਂ ਮਹਿਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਬੇਇੱਜ਼ਤ ਕਰਕੇ ਬਾਹਰ ਕੱਢਣ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਦੇ ਕੇ ਅੌਰਤਾਂ ਦੀ ਰੱਖਿਆ ਦਾ ਢੌਂਗ ਰਚ ਰਹੀ ਹੈ, ਦੂਜੇ ਪਾਸੇ ਮੰਤਰੀ ਖ਼ੁਦ ਅੌਰਤਾਂ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਇਸ ਤੋਂ ਪਹਿਲਾਂ ਵੀ ਇੱਕ ਕੈਬਨਿਟ ਮੰਤਰੀ ਵੱਲੋਂ ਸੀਨੀਅਰ ਆਈਏਐਸ ਮਹਿਲਾ ਅਫ਼ਸਰ ਨੂੰ ਅੱਧੀ ਰਾਤ ਗਲਤ ਮੈਜਿਸ ਭੇਜ ਕੇ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਮੁਲਾਜ਼ਮ ਜਥੇਬੰਦੀਆਂ ਨੇ ਮੰਗ ਕੀਤੀ ਵਾਇਰਲ ਹੋਈ ਵੀਡੀਓ ਨੂੰ ਆਧਾਰ ਬਣਾ ਕੇ ਸਬੰਧਤ ਮੰਤਰੀ ਦੇ ਖ਼ਿਲਾਫ਼ ਬਣਦੀ ਕਰਵਾਈ ਕੀਤੀ ਜਾਵੇ। ਉਨ੍ਹਾਂ ਮਹਿਲਾ ਕਮਿਸ਼ਨ ਦੀ ਮੁਖੀ ਤੋਂ ਵੀ ਨਿੱਜੀ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਇਸ ਮੌਕੇ ਦੀਪਇੰਦਰ ਸਿੰਘ ਖੈਰਾ, ਰਵਿੰਦਰਪਾਲ ਸਿੰਘ ਚਹਿਲ, ਜਸਵੀਰ ਸਿੰਘ ਗੋਸਲ, ਇਕਬਾਲ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ, ਸੁਖਦੇਵ ਲਾਲ ਬੱਬਰ, ਅਮਰੀਕ ਸਿੰਘ, ਲੋਕੇਸ਼ ਸ਼ਰਮਾ, ਡਾ. ਭੁਪਿੰਦਰ ਪਾਲ ਸਿੰਘ, ਦਲਜੀਤ ਸਿੰਘ, ਚਰਨਦਾਸ, ਗੁਰਪ੍ਰੀਤ ਸਿੰਘ ਹਾਜ਼ਰ ਸਨ।