Nabaz-e-punjab.com

ਪਸ਼ੂ ਪਾਲਣ ਮੰਤਰੀ ਸਿੱਧੂ ਨੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ, ਢੁਕਵੀਂ ਕਾਰਵਾਈ ਦਾ ਭਰੋਸਾ

ਨਾਜਾਇਜ਼ ਰੇਹੜੀਆਂ-ਫੜੀਆਂ, ਵਾਹਨ ਪਾਰਕਿੰਗ ਤੇ ਸੀਵਰੇਜ ਜਾਮ, ਪੀਜੀ ਨੌਜਵਾਨਾਂ ਦੀ ਹੁੱਲੜਬਾਜ਼ੀ ਦਾ ਮੁੱਦਾ ਚੁੱਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ:
ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਵਿੱਚ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਸ੍ਰੀ ਸਿੱਧੂ ਨੂੰ ਮਿਲੇ ਦੁਕਾਨਦਾਰਾਂ ਦੇ ਵਫ਼ਦ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਫੇਜ਼-3ਬੀ2 ਮਾਰਕੀਟ ਵਿੱਚ ਨਾਜਾਇਜ਼ ਰੇਹੜੀਆਂ ਫੜੀਆਂ ਦੀ ਭਰਮਾਰ ਹੋਣ ਕਾਰਨ ਵੱਡੇ ਸ਼ੋਅਰੂਮਾਂ ਵਿੱਚ ਕੰਮ ਕਰਨ ਵਾਲੇ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਰੇਹੜੀਆਂ ਫੜੀਆਂ ’ਤੇ ਸਸਤੇ ਭਾਅ ਵਿੱਚ ਘਟੀਆ ਸਮਾਨ ਵਿਕਣ ਕਾਰਨ ਉਨ੍ਹਾਂ ਦੀ ਗਾਹਕੀ ਘੱਟ ਗਈ ਹੈ। ਇਸ ਤੋਂ ਇਲਾਵਾ ਪਾਰਕਿੰਗ ਵਿੱਚ ਬੇਬਰਤੀਬ ਢੰਗ ਨਾਲ ਵਾਹਨ ਖੜਾਉਣ ਅਤੇ ਹੁੱਲੜਬਾਜ਼ੀ ਕਾਰਨ ਰੋਜ਼ਾਨਾ ਵਾਹਨ ਚਾਲਕਾਂ ਅਤੇ ਬਾਹਰੀ ਨੌਜਵਾਨਾਂ ਵਿੱਚ ਝਗੜੇ ਹੁੰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਤਾਂ ਸਥਿਤੀ ਤਣਾਅ ਪੂਰਨ ਵੀ ਬਣ ਜਾਂਦੀ ਹੈ। ਵਾਹਨ ਪਾਰਕਿੰਗ ਲਈ ਲਾਈਨਾਂ ਨਾ ਲੱਗੀਆਂ ਹੋਣ ਕਾਰਨ ਮਾਰਕੀਟ ਵਿੱਚ ਗੱਡੀਆਂ ਦਾ ਘੜਮੱਸ ਜਿਹਾ ਪਿਆ ਰਹਿੰਦਾ ਹੈ ਅਤੇ ਹਰ ਵੇਲੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਸ਼ਾਮ ਨੂੰ ਮਾਰਕੀਟ ਵਿੱਚ ਜਾਮ ਲੱਗਣ ਦੀ ਨੌਬਤ ਆ ਜਾਂਦੀ ਹੈ। ਕਿਉਂਕਿ ਕਈ ਵਾਰ ਪੀਜੀ ਵਿੱਚ ਰਹਿੰਦੇ ਮੁੰਡੇ ਕੁੜੀਆਂ ਮਾਹੌਲ ਨੂੰ ਖਰਾਬ ਕਰਨ ਦੀ ਕੋਈ ਕਸਰ ਨਹੀਂ ਛੱਡਦੇ ਹਨ।
ਜਤਿੰਦਰਪਾਲ ਸਿੰਘ ਅਤੇ ਹੋਰ ਦੁਕਾਨਦਾਰਾਂ ਨੇ ਕਿਹਾ ਕਿ ਮਾਰਕੀਟ ਵਿੱਚ ਢਾਬੇ ਵਾਲੇ ਬਚਿਆ ਹੋਇਆ ਸਮਾਨ ਅਤੇ ਰਹਿੰਦ-ਖੂੰਹਦ ਸੀਵਰੇਜ ਲਾਈਨ ਵਿੱਚ ਸੁੱਟ ਦਿੰਦੇ ਹਨ। ਜਿਸ ਕਾਰਨ ਮਾਰਕੀਟ ਦੀ ਮੇਨ ਸੀਵਰੇਜ ਲਾਈਨ ਹਰ ਦੂਜੇ ਦਿਨ ਬੰਦ ਹੋ ਜਾਂਦੀ ਹੈ ਅਤੇ ਗੰਦਾ ਪਾਣੀ ਸੜਕਾਂ ’ਤੇ ਬਾਹਰ ਆ ਜਾਂਦਾ ਹੈ।
ਇਸ ਮੌਕੇ ਐਸੋਸੀਏਸ਼ਨ ਦੇ ਚੀਫ਼ ਪੈਟਰਨ ਆਤਮਾ ਰਾਮ ਅਗਰਵਾਲ, ਮੀਤ ਪ੍ਰਧਾਨ ਅਸ਼ੋਕ ਬੰਸਲ, ਜਨਰਲ ਸਕੱਤਰ ਵਰੁਣ ਗੁਪਤਾ, ਵਿੱਤ ਸਕੱਤਰ ਜਤਿੰਦਰ ਸਿੰਘ ਢੀਂਗਰਾ, ਸਕੱਤਰ ਨਵਦੀਪ ਬੰਸਲ, ਸੰਯੁਕਤ ਸਕੱਤਰ, ਜਗਦੀਸ਼ ਮਲਹੋਤਰਾ ਅਤੇ ਹੋਰ ਦੁਕਾਨਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…