
ਬਲੌਂਗੀ ਵਿੱਚ ਦੁਕਾਨਦਾਰ ਵੱਲੋਂ ਨਾਬਾਲਗ ਲੜਕੀ ਨਾਲ ਛੇੜਛਾੜ, ਕੇਸ ਦਰਜ
ਦੁਕਾਨ ’ਤੇ ਕਾਪੀ ਲੈਣ ਲਈ ਗਈ ਸੀ ਪੀੜਤ ਲੜਕੀ, ਦੁਕਾਨਦਾਰ ਨੇ ਬੇਸਮੈਂਟ ’ਚ ਲਿਜਾ ਕੇ ਕੀਤੀ ਛੇੜਛਾੜ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਬਲੌਂਗੀ ਵਿੱਚ ਇਕ ਦੁਕਾਨਦਾਰ ਵੱਲੋਂ ਨਾਬਾਲਗ ਲੜਕੀ ਨਾਲ ਕਥਿਤ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਪੀੜਤ ਲੜਕੀ ਕਾਪੀ ਲੈਣ ਲਈ ਦੁਕਾਨ ’ਤੇ ਗਈ ਸੀ। ਜਿੱਥੇ ਦੁਕਾਨਦਾਰ ਉਸ ਨੂੰ ਬੇਸਮੈਂਟ ਵਿੱਚ ਲੈ ਗਿਆ ਅਤੇ ਛੇੜਛਾੜ ਕੀਤੀ ਗਈ। ਇਸ ਸਬੰਧੀ ਪੀੜਤ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਬਲੌਂਗੀ ਥਾਣੇ ਵਿੱਚ ਮੁਲਜ਼ਮ ਦੁਕਾਨਦਾਰ ਸਾਗਰ ਗੁਪਤਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 376, 354-ਡੀ, 511 ਅਤੇ ਪੋਸਕੋ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਏਐਸਆਈ ਦਿਲਬਾਗ ਸਿੰਘ ਨੇ ਦੁਕਾਨਦਾਰ ਖ਼ਿਲਾਫ਼ ਛੇੜਛਾੜ ਦਾ ਪਰਚਾ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਦੁਕਾਨਦਾਰ ਸਾਗਰ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੁਕਾਨਦਾਰ ਨੂੰ ਅੱਜ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਦੁਕਾਨਦਾਰ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਮੁਲਜ਼ਮ ਦੁਕਾਨਦਾਰ ਦੀ ਬਲੌਂਗੀ ਵਿੱਚ ਕਾਪੀਆਂ-ਕਿਤਾਬਾਂ ਅਤੇ ਗੈਸ ਚੁੱਲ੍ਹਿਆ ਦੀ ਦੁਕਾਨ ਹੈ। ਬੀਤੇ ਦਿਨੀਂ ਪੀੜਤ ਲੜਕੀ ਕਾਪੀ ਲੈਣ ਲਈ ਉਕਤ ਦੁਕਾਨ ’ਤੇ ਗਈ ਸੀ। ਜਿਸ ਨੂੰ ਦੁਕਾਨਦਾਰ ਇਹ ਕਹਿ ਕੇ ਬੇਸਮੈਂਟ ਵਿੱਚ ਲੈ ਗਿਆ ਕਿ ਕਾਪੀਆਂ ਥੱਲੇ ਬੇਸਮੈਂਟ ਵਿੱਚ ਪਈਆਂ ਹਨ। ਪੀੜਤ ਲੜਕੀ ਦੇ ਪਿਤਾ ਦੀ ਸ਼ਿਕਾਇਤ ਮੁਤਾਬਕ ਬੇਸਮੈਂਟ ਵਿੱਚ ਦੁਕਾਨਦਾਰ ਨੇ ਉਸ ਦੀ ਬੇਟੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਲੜਕੀ ਰੌਲਾ ਪਾਉਂਦੀ ਹੋਈ ਤੁਰੰਤ ਬਾਹਰ ਆ ਗਈ ਅਤੇ ਘਰ ਆ ਕੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਦੁਕਾਨਦਾਰ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਗਈ।