nabaz-e-punjab.com

ਨਾਬਾਲਗ ਲੜਕੀ ਨਾਲ ਜਬਰ ਜਨਾਹ: ਮੁਹਾਲੀ ਪੁਲੀਸ ਵੱਲੋਂ ਮੁਲਜ਼ਮ ਨੌਜਵਾਨ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਮੁਹਾਲੀ ਪੁਲੀਸ ਨੇ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਵਾਲੇ ਮੁਲਜ਼ਮ ਨੌਜਵਾਨ ਗੁਰਪ੍ਰੀਤ ਸਿੰਘ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਅਨੁਸਾਰ ਮੁਲਜ਼ਮ ਮੌਜੂਦਾ ਸਮੇਂ ਵਿੱਚ ਫੇਜ਼-11 ਵਿੱਚ ਰਹਿ ਰਿਹਾ ਸੀ ਅਤੇ ਮੁਹਾਲੀ ਵਿੱਚ ਕਿਸੇ ਕੰਪਨੀ ਵਿੱਚ ਨੌਕਰੀ ਕਰਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਲੜਕੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਜਲੰਧਰ ਦੀ ਵਸਨੀਕ ਹੈ। ਫੇਸਬੁੱਕ ਰਾਹੀਂ ਉਸ ਦੀ ਗੁਰਪ੍ਰੀਤ ਸਿੰਘ ਨਾਲ ਦੋਸਤੀ ਹੋਈ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਇੱਕ ਦੂਜੇ ਨਾਲ ਫੋਨ ’ਤੇ ਤਾਲਮੇਲ ਵਧਾ ਲਿਆ ਅਤੇ ਬੀਤੀ 15 ਅਪਰੈਲ ਨੂੰ ਗੁਰਪ੍ਰੀਤ ਸਿੰਘ ਨੇ ਉਸ ਨੂੰ ਮਿਲਣ ਲਈ ਮੁਹਾਲੀ ਵਿੱਚ ਸੱਦਿਆ ਸੀ। ਉਹ ਜਲੰਧਰ ਤੋਂ ਚੰਡੀਗੜ੍ਹ ਦੇ ਬੱਸ ਅੱਡੇ ’ਤੇ ਪਹੁੰਚੀ ਸੀ। ਜਿੱਥੋਂ ਗੁਰਪ੍ਰੀਤ ਸਿੰਘ ਉਸ ਨੂੰ ਆਪਣੇ ਲੈ ਕੇ ਫੇਜ਼-11 ਵਿੱਚ ਆ ਗਿਆ। ਜਿੱਥੇ ਮੁਲਜ਼ਮ ਉਸ ਨੂੰ ਇਕ ਹੋਟਲ ਵਿੱਚ ਲੈ ਗਿਆ।
ਪੀੜਤ ਲੜਕੀ ਦੀ ਸ਼ਿਕਾਇਤ ਅਨੁਸਾਰ ਗੁਰਪ੍ਰੀਤ ਸਿੰਘ ਨੇ ਉਸ ਦੀ ਮਰਜ਼ੀ ਤੋਂ ਬਗੈਰ ਉਸ ਨਾਲ ਸਰੀਰਕ ਸਬੰਧ ਕਾਇਮ ਕਰ ਲਏ ਅਤੇ ਅਗਲੇ ਦਿਨ ਉਸ ਨੂੰ ਕੁਝ ਪੈਸੇ ਦੇ ਕੇ ਵਾਪਸ ਜਾਣ ਲਈ ਕਹਿ ਕੇ ਉਥੋਂ ਖਿਸਕ ਗਿਆ। ਇਸ ਮਗਰੋਂ ਉਹ ਚੰਡੀਗੜ੍ਹ ਆ ਗਈ ਅਤੇ ਚੰਡੀਗੜ੍ਹ ਵਿੱਚ ਉਸ ਨੂੰ ਉਸ ਦੇ ਇਕ ਰਿਸ਼ਤੇਦਾਰ ਨੇ ਦੇਖ ਲਿਆ ਜੋ ਉਸ ਨੂੰ ਵਾਪਸ ਜਲੰਧਰ ਲੈ ਕੇ ਆਇਆ। ਪੀੜਤ ਲੜਕੀ ਨੇ ਜਲੰਧਰ ਵਿੱਚ ਪਰਿਵਾਰ ਨੂੰ ਆਪਬੀਤੀ ਦੱਸੀ। ਇਸ ਤੋਂ ਬਾਅਦ ਪਰਿਵਾਰ ਦੇ ਜੀਅ ਉਸ ਨੂੰ ਵਾਪਸ ਫੇਜ਼-11 ਥਾਣੇ ਲੈ ਕੇ ਪਹੁੰਚ ਗਏ। ਇਸ ਤਰ੍ਹਾਂ ਪੁਲੀਸ ਨੇ ਪੀੜਤ ਲੜਕੀ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਗੁਰਪ੍ਰੀਤ ਸਿੰਘ ਦੇ ਖ਼ਿਲਾਫ਼ ਜਬਰ ਜਨਾਹ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੌਜਵਾਨ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …