
ਸੱਤਾ ਪ੍ਰਾਪਤੀ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਦਿਸ਼ਾਹੀਣ ਸਿਆਸੀ ਧਿਰਾਂ: ਬੀਬੀ ਰਾਮੂਵਾਲੀਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਗਸਤ:
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਦੇ ਦਿਸ਼ਾਹੀਣ ਤੇ ਉਥਲਪੁੱਥਲ ਸਿਆਸੀ ਹਲਾਤਾਂ ਵਾਰੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਲੀਰੋ ਲੀਰ ਹੋਈ ਪੰਜਾਬ ਸਰਕਾਰ ਦੇ ਹਾਲਾਤ ਅਫ਼ਗ਼ਾਨਿਸਤਾਨ ਤੋਂ ਘੱਟ ਨਹੀਂ ਹਨ। ਨਵੇਂ ਬਣੇ ਕਾਂਗਰਸੀ ਆਗੂ ਕੁਰਸੀ ਦੀ ਲਾਲਸਾ ਤਹਿਤ ਆਪ ਮੁਹਾਰੀਆਂ ਤਕਰੀਰਾਂ ਛੱਡ ਰਹੇ ਹਨ। ਖੇਤੀ ਬਿੱਲਾਂ ਬਾਰੇ ਗੱਲਬਾਤ ਕਰਦਿਆਂ ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪਹਿਲਾਂ ਸਾਰੀਆਂ ਧਿਰਾਂ ਰਾਜ਼ੀ ਸਨ ਅਤੇ ਜਨਤਕ ਤੌਰ ’ਤੇ ਬਿਆਨ ਵੀ ਦਿੱਤੇ ਪਰ ਬਾਅਦ ਵਿੱਚ ਕਿਸਾਨ ਜਥੇਬੰਦੀਆਂ ਨੂੰ ਭਰਵਾ ਹੁੰਗਾਰਾ ਮਿਲਦਾ ਦੇਖ ਕੇ ਸਾਰੀਆਂ ਸਿਆਸੀ ਧਿਰਾਂ ਨੇ ਵੋਟਾਂ ਦੀ ਰਾਜਨੀਤੀ ਦੇ ਚੱਲਦਿਆਂ ਮਗਰਮੱਛ ਦੇ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਇਕ ਸਾਧਾਰਨ ਵਕੀਲ ਵੀ ਜਾਣਦਾ ਹੈ ਕਿ ਜੇਕਰ ਸੰਸਦ ਵਿਚ ਕਿਸੇ ਵਿਸ਼ੇ ’ਤੇ ਕੋਈ ਕਾਨੂੰਨ ਬਣਾਏ ਜਾਂਦੇ ਹਨ ਤਾਂ ਰਾਜ ਦੀ ਅਸੈਂਬਲੀ ਦੇ ਕਾਨੂੰਨ ਦੀ ਕੋਈ ਮਾਨਤਾ ਨਹੀਂ ਹੁੰਦੀ ਫਿਰ ਵੀ ਕਾਂਗਰਸ ਨੇ ਵਿਧਾਨ ਸਭਾ ਵਿਚ ਖੇਤੀ ਬਿੱਲਾਂ ਦੇ ਉਲਟ ਕਾਨੂੰਨ ਪਾਸ ਕਰਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ ਖੇਤੀ ਬਿੱਲਾਂ +ਤੇ ਜਦੋਂ ਗੱਲ ਨੇਪਰੇ ਚੜ੍ਹਨ ਲੱਗਦੀ ਹੈ ਤਾਂ ਕੱੁਝ ਆਗੂ ਇਕ ਪਾਸੇ ਤਾਂ ਕਹਿੰਦੇ ਨੇ ਕਿ ਖੇਤੀ ਕੇਂਦਰ ਦਾ ਵਿਸ਼ਾ ਨਾ ਹੋ ਕੇ ਰਾਜ ਦੇ ਅਧਿਕਾਰ ਦਾ ਵਿਸ਼ਾ ਹੈ ਅਤੇ ਕੇਂਦਰ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਕਿ ਬਿੱਲ ਬਣਾਏ ਜਾਣ। ਇਸ ਕਰਦੇ ਇਹ ਤਿੰਨੇ ਬਿੱਲ ਵਾਪਸ ਲਏ ਜਾਣ ਅਤੇ ਦੂਜੇ ਪਾਸੇ ਕਹਿੰਦੇ ਨੇ ਕਿ ਐਮਐਸਪੀ ਦੀ ਗਰੰਟੀ ਲਈ ਕੇਂਦਰ ਸਰਕਾਰ ਬਿੱਲ ਬਣਾਏ ਨਹੀਂ ਤਾਂ ਮੁਜ਼ਾਹਰੇ ਜਾਰੀ ਰਹਿਣਗੇ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚਾਰ ਅਗਸਤ ਨੂੰ ਦਿੱਲੀ ਅਸੈਂਬਲੀ ਵਿਚ ਵਿਧਾਇਕਾਂ ਦੀਆਂ ਤਨਖ਼ਾਹਾਂ ਵਧਾਉਣ ਦਾ ਮਤਾ ਪਾਸ ਕਰਦੀ ਹੈ ਅਤੇ 20 ਅਗਸਤ ਨੂੰ ਪੰਜਾਬ ਵਿਚ ਆਪ ਵਿਧਾਇਕਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਘਟਾਉਣ ਲਈ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਇਹ ਸਿਆਸੀ ਧਿਰਾਂ ਆਮ ਲੋਕਾਂ ਦੇ ਫਾਇਦੇ ਲਈ ਨਹੀਂ ਬਲਕਿ ਨਿੱਜੀ ਹਿੱਤਾਂ ਅਤੇ ਰਾਜਸੀ ਸੱਤਾ ਲਈ ਢੋਲ ਪਿੱਟ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਿਸ਼ਾਹੀਣ ਰਵਾਇਤੀਆਂ ਪਾਰਟੀਆਂ ਦੇ ਝਾਂਸੇ ਵਿਚ ਆ ਕੇ ਆਪਣਾ ਨੁਕਸਾਨ ਨਾ ਕਰਵਾਉਣ।