nabaz-e-punjab.com

ਮਿਸ ਪੰਜਾਬਣ ਵਿਵਾਦ: ਨਿੱਜੀ ਟੀਵੀ ਚੈਨਲ ਦਾ ਐਮਡੀ ਦਾ ਦੋ ਰੋਜ਼ਾ ਪੁਲੀਸ ਰਿਮਾਂਡ

ਮੁਹਾਲੀ ਪੁਲੀਸ ਨੇ ਮਿਸ ਪੰਜਾਬਣ ਮੁਕਾਬਲੇ ਨਾਲ ਸਬੰਧਤ ਅਪਰਾਧਿਕ ਪਰਚੇ ਦੇ ਵੇਰਵੇ ਕੀਤੇ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਨਿੱਜੀ ਟੀਵੀ ਚੈਨਲ ਵੱਲੋਂ ਕਰਵਾਏ ਜਾ ਰਹੇ ਮਿਸ ਪੰਜਾਬਣ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਮੁਟਿਆਰ ਨੂੰ ਕਥਿਤ ਤੌਰ ’ਤੇ ਬੰਦੀ ਬਣਾ ਕੇ ਰੱਖਣ ਅਤੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਇੱਕ ਨਿੱਜੀ ਟੀਵੀ ਚੈਨਲ ਦੇ ਐਮਡੀ ਰਬਿੰਦਰ ਨਾਰਾਇਣ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਅੱਜ ਸਵੇਰੇ ਮੁਲਜ਼ਮ ਦੇ ਦਿੱਲੀ ਸਥਿਤ ਰਿਹਾਇਸ਼ ਤੋਂ ਉਸ ਦੀ ਗ੍ਰਿਫ਼ਤਾਰੀ ਪਾਈ ਹੈ। ਉਧਰ, ਇਸ ਮਾਮਲੇ ਵਿੱਚ ਨਾਮਜ਼ਦ ਕਥਿਤ ਮੁੱਖ ਮੁਲਜ਼ਮ ਨੈਨਸੀ ਘੁੰਮਣ ਅਜੇ ਤਾਈਂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਮੁਹਾਲੀ ਅਦਾਲਤ ਵੱਲੋਂ ਪਿਛਲੇ ਦਿਨੀਂ ਉਸ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਸੀ।
ਉਧਰ, ਮੁਹਾਲੀ ਪੁਲੀਸ ਨੇ ਇਹ ਚਰਚਿਤ ਮਾਮਲੇ ਸਬੰਧੀ ਦਰਜ ਅਪਰਾਧਿਕ ਕੇਸ ਅਤੇ ਹੁਣ ਤੱਕ ਦੀ ਮੁੱਢਲੀ ਜਾਂਚ ਦੇ ਵੇਰਵੇ ਮੀਡੀਆ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਡੀਐਸਪੀ (ਐੱਚ), ਵਿਮੈਨ ਥਾਣੇ ਦੀ ਐਸਐਚਓ ਅਤੇ ਐਸਆਈ ਸੁਖਦੀਪ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। ਜਾਂਚ ਦੌਰਾਨ ਬੀਤੇ ਕੱਲ੍ਹ ਪੀੜਤ ਲੜਕੀ ਦਾ ਸੀਆਰਪੀਸੀ ਦੀ ਧਾਰਾ 164 ਤਹਿਤ ਬਿਆਨ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲੀਸ ਨੇ ਅੱਜ ਟੀਵੀ ਚੈਨਲ ਦੇ ਐਮਡੀ ਰਬਿੰਦਰ ਨਾਰਾਇਣ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅੱਜ ਬਾਅਦ ਦੁਪਹਿਰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਪੁਲੀਸ ਨੇ ਲਿਖਤੀ ਬਿਆਨ ਵਿੱਚ ਖੁਲਾਸਾ ਕੀਤਾ ਕਿ ਬੀਤੀ 15 ਮਾਰਚ 2022 ਨੂੰ ਇੱਕ ਪਟੀਸ਼ਨਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਸਦੀ ਧੀ ਮਿਸ ਪੰਜਾਬਣ ਮੁਕਾਬਲੇ ਵਿੱਚ ਭਾਗ ਲੈਣ ਵਾਲੀ ਹੈ ਅਤੇ ਉਸ ’ਤੇ ਗੈਰ ਕਾਨੂੰਨੀ ਕੰਮ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਨੇ ਮੁਲਜ਼ਮਾਂ ਦੀ ਮਨਮਰਜ਼ੀ ਨਾਲ ਮਨੋਰੰਜਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਕਾਰਨ ਮੁਟਿਆਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਨਾ ਤਾਂ ਉਸ ਨੂੰ ਖਾਣਾ ਅਤੇ ਨਾ ਹੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਪਟੀਸ਼ਨਰ ਨੇ ਕਥਿਤ ਦੋਸ਼ ਲਾਇਆ ਕਿ ਮੁਲਜ਼ਮ ਉਸ ਦੀ ਲੜਕੀ ਦੀ ਰਿਹਾਈ ਲਈ 50 ਲੱਖ ਰੁਪਏ ਦੀ ਮੰਗ ਕਰ ਰਹੇ ਹਨ। ਉਕਤ ਪਟੀਸ਼ਨ ‘ਤੇ ਅਦਾਲਤ ਨੇ 15.03.2022 ਨੂੰ ਵਾਰੰਟ ਅਫ਼ਸਰ ਨਿਯੁਕਤ ਕੀਤਾ। ਵਾਰੰਟ ਅਫ਼ਸਰ ਨੇ ਨਜ਼ਰਬੰਦ ਨੂੰ ਰਿਹਾਅ ਕਰਕੇ ਰਿਪੋਰਟ ਸੌਂਪ ਦਿੱਤੀ। ਮਿਤੀ 17.03.2022 ਨੂੰ ਸ਼ਿਕਾਇਤਕਰਤਾ ਨੇ ਮੁਹਾਲੀ ਪੁਲੀਸ ਦੇ ਵਿਮੈਨ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ ਲਾਇਆ ਕਿ ਉਸਨੇ ਮਿਸ ਪੰਜਾਬਣ ਮੁਕਾਬਲੇ ਵਿੱਚ ਭਾਗ ਲਿਆ ਸੀ ਅਤੇ ਉਹ ਟੀਵੀ ਚੈਨਲ ਦੇ ਦਫ਼ਤਰ ਵਿਖੇ ਪ੍ਰੀ ਅਤੇ ਮੈਗਾ ਆਡੀਸ਼ਨਾਂ ਵਿੱਚ ਚੁਣੀ ਗਈ ਸੀ। ਜਿਵੇਂ ਕਿ ਉਹ ਚੁਣੀ ਗਈ ਸੀ, ਇਸ ਲਈ ਉਸ ਨੂੰ ਮਿਸ ਪੰਜਾਬਣ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ 10-3-2022 ਨੂੰ ਸੱਦਿਆ ਗਿਆ ਸੀ।
ਸਾਰੀਆਂ ਲੜਕੀਆਂ ਨੂੰ ਮੁਹਾਲੀ ਦੇ ਇੱਕ ਵਿੱਚ ਠਹਿਰਾਇਆ ਗਿਆ ਅਤੇ ਰਾਤ 11 ਵਜੇ ਤੱਕ ਸ਼ੋਅ ਦੀ ਰਿਹਰਸਲ ਚੱਲ ਰਹੀ ਸੀ, ਜਿਸ ਤੋਂ ਬਾਅਦ ਕੁੜੀਆਂ ਨੂੰ ਹੋਟਲ ਵਿੱਚ ਉਤਾਰ ਦਿੱਤਾ ਗਿਆ। ਪੁਰਸ਼ ਮੈਂਬਰ ਅਤੇ ਹੋਰ ਮੁਲਜ਼ਮ ਫਰਜ਼ੀ ਨਾਂ ਵਰਤ ਰਹੇ ਸਨ ਅਤੇ ਕੋਡ ਵਰਡਜ਼ ਰਾਹੀਂ ਆਪਸ ਵਿੱਚ ਗੱਲ ਕਰ ਰਹੇ ਸਨ ਅਤੇ ਉਨ੍ਹਾਂ ਦੇ ਗਰੋਹ ਦੇ ਪੁਰਸ਼ ਮੈਂਬਰਾਂ ਨੇ ਉਸ ਨਾਲ ਕਥਿਤ ਛੇੜਛਾੜ ਕੀਤੀ। ਸਾਰੇ ਮੁਲਜ਼ਮ ਇੱਕ ਗਰੋਹ ਵਜੋਂ ਕੰਮ ਕਰਦੇ ਸਨ, ਜੋ ਇੱਕ ਲੜਕੀ ਨੂੰ ਆਪਣੇ ਸਟੂਡੀਓ ਦੇ ਗੁਪਤ ਕਮਰੇ ਵਿੱਚ ਇਕੱਲਿਆਂ ਬੁਲਾਉਂਦੇ ਸਨ ਅਤੇ ਉਸ ਤੋਂ ਅਸ਼ਲੀਲ ਸਵਾਲ ਵੀ ਪੁੱਛਦੇ ਸਨ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਦੇ ਸਨ।
ਇਸ ਦੌਰਾਨ ਉਨ੍ਹਾਂ ਨੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਖਿੱਚੀਆਂ। ਮੁਲਜ਼ਮਾਂ ਨੇ ਉਸ ਨੂੰ ਸ਼ੋਅ ਵਿੱਚ ਬਣੇ ਰਹਿਣ ਲਈ 12-15 ਲੱਖ ਰੁਪਏ ਜਾਂ ਆਪਣੇ ਨਿਰਦੇਸ਼ਕ ਨਾਲ ਬਿਸਤਰ ਸਾਂਝਾ ਕਰਨ ਲਈ ਮਜਬੂਰ ਕੀਤਾ, ਜੋ ਉਪਰੋਕਤ ਮੁਕਾਬਲੇ ਦਾ ਆਯੋਜਨ ਕਰਦੇ ਹਨ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਮੁਲਜ਼ਮ ਲੜਕੀਆਂ/ਨਸ਼ੇ ਦੀ ਤਸਕਰੀ ਵਿੱਚ ਵੀ ਸ਼ਾਮਲ ਹਨ ਅਤੇ ਉਹ ਕਥਿਤ ਤੌਰ ’ਤੇ ਵੇਸ਼ਵਾ ਰੈਕੇਟ ਚਲਾਉਂਦੇ ਹਨ, ਇਨ੍ਹਾਂ ਗੈਰ ਕਾਨੂੰਨੀ ਗਤੀਵਿਧੀਆਂ ਲਈ ਉਨ੍ਹਾਂ ਸ਼ਿਕਾਇਤਕਰਤਾ ਨੂੰ ਉਸਦੀ ਸਹਿਮਤੀ ਤੋਂ ਬਿਨਾਂ ਕਈ ਦਿਨਾਂ ਤੱਕ ਹਿਰਾਸਤ ਵਿੱਚ ਰੱਖਿਆ।
ਹੋਟਲ ਅਤੇ ਸਟੂਡੀਓ ਵਿੱਚ ਕਥਿਤ ਦੋਸ਼ੀਆਂ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤਾਂ ਉਸ ਨੇ ਆਪਣੇ ਨਾਲ ਵਾਪਰੀ ਇਸ ਸਾਰੀ ਘਟਨਾ ਦੀ ਜਾਣਕਾਰੀ ਆਪਣੇ ਪਿਤਾ ਨੂੰ ਦਿੱਤੀ। ਫਿਰ ਉਸਨੇ ਐਸਐਸਪੀ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤਕਰਤਾ ਵੱਲੋਂ ਆਪਣੀ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਬਹੁਤ ਗੰਭੀਰ ਸਨ ਇਸ ਲਈ ਇਸ ਸਬੰਧੀ ਬੀਤੀ 17 ਮਾਰਚ ਨੂੰ ਧਾਰਾ 341, 342, 343, 354, 354-1, 354-2, 354-3, 328, 420, 120-2 ਤਹਿਤ ਕੇਸ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਨੈਨਸੀ ਘੁੰਮਣ, ਨਿਹਾਰਿਕਾ ਜੈਨ ਅਸਿਸਟੈਂਟ ਡਾਇਰੈਕਟਰ ਮਿਸ ਮੁਕਾਬਲੇ 2022-23, ਰਬਿੰਦਰ ਨਾਰਾਇਣ ਮੈਨੇਜਿੰਗ ਡਾਇਰੈਕਟਰ, ਨਿੱਜੀ ਟੀਵੀ ਚੈਨਲ, ਭੁਪਿੰਦਰ ਸਿੰਘ, ਹੋਟਲ ਦੇ ਮੈਨੇਜਿੰਗ ਡਾਇਰੈਕਟਰ ਤੇ ਨਿਰਮਾਤਾ ਲਕਸ਼ਮਣ ਅਤੇ 25 ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …