Share on Facebook Share on Twitter Share on Google+ Share on Pinterest Share on Linkedin ਅਕਾਲੀ ਦਲ ਨੇ 12ਵੀਂ ਦੀ ਇਤਿਹਾਸ ਦੀ ਕਿਤਾਬ ’ਚੋਂ ਸਿੱਖ ਇਤਿਹਾਸ ਦੇ ਪੰਨੇ ਗਾਇਬ ਹੋਣ ਬਾਰੇ ਜਾਂਚ ਮੰਗੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ: ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ’ਚੋਂ ਸਿੱਖ ਗੁਰੂਆਂ ਅਤੇ ਪੰਜਾਬ ਦੇ ਇਤਿਹਾਸ ਨਾਲ ਸੰਬੰਧਤ ਕੁੱਝ ਚੈਪਟਰਾਂ ਨੂੰ ਗਾਇਬ ਕਰਨ ਸਬੰਧੀ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉੱਚ ਪੱਧਰੀ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖਣ ਵਾਲੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸੂਬੇ ਦੇ ਆਪਣੇ ਸਕੂਲ ਬੋਰਡ ਨੇ ਪੰਜਾਬ ਦਾ ਇਤਿਹਾਸ ਰਚਣ ਵਾਲਿਆਂ ਨੂੰ ਹੀ ਪੰਜਾਬ ਦੀਆਂ ਇਤਿਹਾਸ ਦੀ ਕਿਤਾਬਾਂ ਵਿਚੋਂ ਹੀ ਬਾਹਰ ਕੱਢ ਦਿੱਤਾ ਹੈ। ਇਸ ਮਾਮਲੇ ਵਿੱਚ ਮੁਕੰਮਲ ਜਾਂਚ ਦੀ ਮੰਗ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਗੁਰੂਆਂ ਅਤੇ ਪੰਜਾਬ ਦੇ ਸਿੱਖ ਯੋਧਿਆਂ ਬਾਰੇ ਜਾਣਕਾਰੀ ਤੋਂ ਵਾਂਝੇ ਰੱਖਣ ਵਾਸਤੇ ਇੱਕ ਡੂੰਘੀ ਸਾਜ਼ਿਸ਼ ਘੜੀ ਗਈ ਲੱਗਦੀ ਹੈ। ਉਹਨਾਂ ਕਿਹਾ ਕਿ 12ਵੀਂ ਕਲਾਸ ਦੀ ਨਵੀ ਇਤਿਹਾਸ ਦੀ ਕਿਤਾਬ ਦੀ ਛਪਾਈ ਅਤੇ ਵੰਡ ਉੱਤੇ ਤੁਰੰਤ ਰੋਕ ਲਾ ਦੇਣੀ ਚਾਹੀਦੀ ਹੈ। ਇਸ ਮੰਦਭਾਗੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ 12ਵੀਂ ਕਲਾਸ ਦੀ ਇਤਿਹਾਸ ਦੀ ਪੁਰਾਣੀ ਕਿਤਾਬ ਵਿਚ ਸਿੱਖ ਗੁਰੂਆਂ, ਸਿੱਖ ਯੋਧਿਆਂ ਅਤੇ ਪੰਜਾਬ ਦੇ ਅਹਿਮ ਇਤਿਹਾਸਕ ਪੱਖਾਂ ਬਾਰੇ ਜਾਣਕਾਰੀ ਦੇਣ ਵਾਲੇ 23 ਚੈਪਟਰ ਸਨ। ਉਹਨਾਂ ਕਿਹਾ ਕਿ ਨਵੀਂ ਕਿਤਾਬ ਵਿਚੋਂ ਇਹਨਾਂ ਸਾਰੇ ਚੈਪਟਰਾਂ ਨੂੰ ਹਟਾ ਕੇ ਸਿੱਖਾਂ ਦੇ ਸ਼ਾਨਾਂਮੱਤੇ ਇਤਿਹਾਸ ਬਾਰੇ ਮਹਿਜ਼ ਅੱਧੇ ਪੰਨੇ ਦੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹ ਗੱਲ ਨਾ ਬਰਦਾਸ਼ਤਯੋਗ ਹੈ, ਕਿਉਂਕਿ ਦੇਸ਼ ਦੇ ਇਤਿਹਾਸ ਵਿੱਚ ਸਿੱਖ ਗੁਰੂਆਂ ਦੇ ਯੋਗਦਾਨ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰਦਿਆਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖੇਡਣ ਦੇ ਤੁੱਲ ਹੈ। ਉਹਨਾਂ ਕਿਹਾ ਕਿ ਨਵੀਂ ਕਿਤਾਬ ਵਿੱਚ ਸੁਤੰਤਰਤਾ ਅੰਦੋਲਨ ਵਿੱਚ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਿੱਚ ਪੰਜਾਬੀਆਂ ਦੁਆਰਾ ਨਿਭਾਈ ਗਈ ਵੱਡੀ ਭੁਮਿਕਾ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਨਾਲ ਬੇਇਨਸਾਫੀ ਕੀਤੀ ਗਈ ਹੈ। ਸਾਬਕਾ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਨੂੰ ਮਾਹਿਰਾਂ ਦੀ ਇੱਕ ਉੱਚ ਪੱਧਰੀ ਕਮੇਟੀ ਬਣਾਉਣ ਦੀ ਵੀ ਸਿਫਾਰਸ਼ ਕੀਤੀ, ਜਿਹੜੀ ਸਕੂਲ ਬੋਰਡ ਦੀਆਂ ਇਤਿਹਾਸ ਨਾਲ ਸਬੰਧਤ ਕਿਤਾਬਾਂ ਵਿੱਚ ਕੋਈ ਵੀ ਤਬਦੀਲੀ ਕੀਤੇ ਜਾਣ ਮੌਕੇ ਢੁੱਕਵੇਂ ਸੁਝਾਅ ਦੇਵੇ ਤਾਂ ਕਿ ਭਵਿੱਖ ਵਿੱਚ ਦੁਬਾਰਾ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ