
ਮਿਸ਼ਨ-2017: ਸੋਨੀਆ ਗਾਂਧੀ, ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ ਸਮੇਤ ਕਾਂਗਰਸ ਦੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
ਅਗਲੇ 2 ਹਫ਼ਤਿਆਂ ਦੌਰਾਨ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਗੇ ਕੈਪਟਨ ਅਮਰਿੰਦਰ, ਸਿੱਧੂ ਲੰਬੀ ਵਿੱਚ ਪ੍ਰਚਾਰ ਕਰਕੇ ਬਾਦਲ ਨੂੰ ਦੁੜਾਉਣਗੇ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਜਨਵਰੀ:
ਕਾਂਗਰਸ ਨੇ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਸਮੇਤ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਕ੍ਰਿਕੇਟਰ ਅਜਹਰੂਦੀਨ ਅਤੇ ਬਾਲੀਵੁਡ ਸਟਾਰ ਸੋਨੂੰ ਸੂਦ ਸਮੇਤ 40 ਸਟਾਰ ਪ੍ਰਚਾਰਕਾਂ ਦੀ ਲਿਸਟ ਤਿਆਰ ਕੀਤੀ ਹੈ। ਜਿਹੜੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੂਬਾ ਅਗਵਾਈ ਨਾਲ ਮਿਲ ਕੇ ਪਾਰਟੀ ਦੀ ਜਿੱਤ ਲਈ ਜ਼ਮੀਨ ਤਿਆਰ ਕਰਨਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਗਲੇ ਦੋ ਹਫ਼ਤਿਆਂ ਦੌਰਾਨ ਸੂਬੇ ਭਰ ਅੰਦਰ ਪਾਰਟੀ ਲਈ ਚੋਣ ਅਭਿਆਨ ਚਲਾਉਣਗੇ। ਜਦਕਿ ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਘਰ ਲੰਬੀ ’ਚ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਦੀ ਕੁਟਾਈ ਕਰਨਗੇ, ਜਿਥੋਂ ਕੈਪਟਨ ਅਮਰਿੰਦਰ ਅਕਾਲੀ ਆਗੂ ਖਿਲਾਫ ਚੋਣ ਲੜ ਰਹੇ ਹਨ।
ਇਸ ਲਿਸਟ ’ਚ ਵੱਖ ਵੱਖ ਸੂਬਿਆਂ ਤੋਂ ਕਈ ਕਾਂਗਰਸੀ ਮੁੱਖ ਮੰਤਰੀਆਂ ਤੇ ਸਾਬਕਾ ਮੁੱਖ ਮੰਤਰੀਆਂ ਸਮੇਤ ਬਹੁਤ ਸਾਰੇ ਕੌਮੀ ਪੱਧਰ ਦੇ ਸੀਨੀਅਰ ਪਾਰਟੀ ਆਗੂ ਵੀ ਸ਼ਾਮਿਲ ਹਨ। ਇਨ੍ਹਾਂ ’ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਸ਼ਾਮਿਲ ਹਨ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਚਾਰ ਨੂੰ ਉਤਸ਼ਾਹਿਤ ਕਰਨ ਲਈ ਚੁਣੇ ਗਏ ਮੁੱਖ ਏਆਈਸੀਸੀ ਆਗੂਆਂ ਵਿੱਚ ਏਆਈਸੀਸੀ ਜਨਰਲ ਸਕੱਤਰ ਤੇ ਸੰਸਦ ਮੈਂਬਰ ਅੰਬਿਕਾ ਸੋਨੀ, ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਤੇ ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਅਤੇ ਪਵਨ ਕੁਮਾਰ ਬਾਂਸਲ ਸ਼ਾਮਿਲ ਹਨ।
ਸੂਬੇ ’ਚ ਪਾਰਟੀ ਦੇ ਚੋਣ ਪ੍ਰਚਾਰ ਨੂੰ ਦਿਸ਼ਾ ਦਿੰਦਿਆਂ ਏ.ਆਈ.ਸੀ.ਸੀ ਪੰਜਾਬ ਮਾਮਲਿਆਂ ਲਈ ਇੰਚਾਰਜ਼ ਆਸ਼ਾ ਕੁਮਾਰੀ ਪਹਿਲਾਂ ਤੋਂ ਹੀ ਬੀਤੇ ਕਈ ਦਿਨਾਂ ਤੋਂ ਪੰਜਾਬ ਅੰਦਰ ਪ੍ਰਚਾਰ ਕਰ ਰਹੀ ਹਨ, ਜਦਕਿ ਏ.ਆਈ.ਸੀ.ਸੀ ਜਨਰਲ ਸਕੱਤਰ ਦਿਗਵਿਜੈ ਸਿੰਘ ਤੇ ਮੁਕੁਲ ਵਾਸਨਿਕ ਵੀ ਆਉਂਦਿਆਂ ਦਿਨਾਂ ’ਚ ਉਨ੍ਹਾਂ ਨਾਲ ਪ੍ਰਚਾਰ ’ਚ ਲੱਗ ਜਾਣਗੇ। ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਚਿਨ ਪਾਇਲਟ ਤੇ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜ ਬੱਬਰ ਨੂੰ ਕਾਂਗਰਸ ਵੱਲੋਂ ਸੂਬੇ ਅੰਦਰ ਪਾਰਟੀ ਦੇ ਪ੍ਰਚਾਰ ਨੂੰ ਮਜ਼ਬੂਤ ਕਰਨ ਵਾਸਤੇ ਚੁਣਿਆ ਗਿਆ ਹੈ।
ਇਸ ਸੂਚੀ ਵਿੱਚ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਤੇ ਸਾਬਕਾ ਸੰਸਦ ਮੈਂਬਰਾਂ ਤੋਂ ਇਲਾਵਾ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਸ਼ੋਭਾ ਓਝਾ ਵੀ ਸ਼ਾਮਲ ਹਨ। ਜਦੋਂ ਕਿ ਚੋਣ ਲੜ ਰਹੇ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂ ਵੀ ਪ੍ਰਚਾਰਕਾਂ ਦੀ ਲਿਸਟ ਵਿੱਚ ਹਨ। ਜਿਨ੍ਹਾਂ ਨੂੰ ਪਾਰਟੀ ਅਗਵਾਈ ਨੇ ਹੋਰ ਵਿਧਾਨ ਸਭਾ ਹਲਕਿਆਂ ਅੰਦਰ ਵੀ ਉਮੀਦਵਾਰਾਂ ਨੂੰ ਸਮਰਥਨ ਦੇਣ ਦੇ ਨਿਰਦੇਸ਼ ਦਿੱਤੇ ਹਨ। ਕਾਂਗਰਸ ਵੱਲੋਂ ਜਾਰੀ ਸਟਾਰ ਪ੍ਰਚਾਰਕਾਂ ਦਾ ਵੇਰਵਾ ਇਸ ਪ੍ਰਕਾਰ ਹੈ: ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਰਾਹੁਲ ਗਾਂਧੀ, ਅੰਬਿਕਾ ਸੋਨੀ, ਦਿਗਵਿਜੈ ਸਿੰਘ, ਮੁਕੁਲ ਵਾਸਨਿਕ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ, ਕੈਪਟਨ ਅਮਰਿੰਦਰ ਸਿੰਘ, ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ, ਹਿਮਾਚਲ ਪ੍ਰਦੇਸ਼ ਦੇ ਮੱਖ ਮੰਤਰੀ ਵੀਰਭੱਦਰ ਸਿੰਘ, ਸੁਸ਼ੀਲ ਕੁਮਾਰ ਸ਼ਿੰਦੇ, ਮੀਰਾ ਕੁਮਾਰ, ਅਨੰਦ ਸ਼ਰਮਾ, ਆਸਕਰ ਫਰਨਾਂਡਿਸ, ਡਾ. ਸ਼ਕੀਲ ਅਹਿਮਦ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪਵਨ ਕੁਮਾਰ ਬਾਂਸਲ, ਸਚਿਨ ਪਾਇਲਟ, ਰਾਜ ਬੱਬਰ, ਅਸ਼ੋਕ ਚੌਧਰੀ, ਜਯੋਤੀਰਾਦਿਤਿਆ ਸਿੰਧੀਆ, ਰਣਜੀਤ ਰੰਜਨ, ਰਜਿੰਦਰ ਕੌਰ ਭੱਠਲ, ਕੇ. ਰਾਜੂ, ਹਰੀਸ਼ ਚੌਧਰੀ, ਠਾਕੁਰ ਕੌਲ ਸਿੰਘ, ਰਵਨੀਤ ਸਿੰਘ ਬਿੱਟੂ, ਚੌਧਰੀ ਸੰਤੋਖ ਸਿੰਘ, ਸ਼ਮਸ਼ੇਰ ਸਿੰਘ ਦੂਲੋ, ਮੁਹੰਮਦ ਅਜਹਰੂਦੀਨ, ਸੁਨੀਲ ਕੁਮਾਰ ਜਾਖੜ, ਮਹਾਰਾਨੀ ਪਰਨੀਤ ਕੌਰ, ਨਵਜੋਤ ਸਿੰਘ ਸਿੱਧੂ, ਅਰਵਿੰਦਰ ਸਿੰਘ ਲਵਲੀ, ਲਾਲ ਸਿੰਘ, ਮਨਪ੍ਰੀਤ ਸਿੰਘ ਬਾਦਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼ੋਭਾ ਓਝਾ ਅਤੇ ਸੋਨੂੰ ਸੂਦ ਸ਼ਾਮਲ ਹਨ।