ਮਿਸ਼ਨ-2017: ਪੰਜਾਬ ਕਾਂਗਰਸ ਨੇ 16 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
6 ਵਿਧਾਇਕਾਂ ਨੂੰ ਮੁੜ ਟਿਕਟ ਦਿੱਤੀ, 2 ਵਿਧਾਇਕਾਂ ਦੀ ਛੁੱਟੀ, 4 ਨਵੇਂ ਚੇਹਰਿਆਂ ਨੂੰ ਮੈਦਾਨ ’ਚ ਉਤਾਰਿਆ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਦਸੰਬਰ:
ਪੰਜਾਬ ਕਾਂਗਰਸ ਨੇ ਵੀਰਵਾਰ ਨੂੰ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਦਿਆਂ ਇਕ ਵਾਰ ਫਿਰ ਤੋਂ ਦੋ ਨੌਜਵਾਨਾਂ ਸਮੇਤ ਚਾਰ ਨਵੇਂ ਚੇਹਰਿਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣ ਜਿੱਤਣ ਦੀ ਕਾਬਲੀਅਤ ਨੂੰ ਹੋਰ ਗੱਲਾਂ ਤੋਂ ਪਹਿਲ ਦਿੱਤੀ ਹੈ। ਦੂਜੀ ਸੂਚੀ ਵਿੱਚ ਪਾਰਟੀ ਦੇ ਛੇ ਵਿਧਾਇਕਾਂ ਨੂੰ ਮੁੜ ਟਿਕਟ ਦਿੱਤੀ ਗਈ ਹੈ, ਜਿਨ੍ਹਾਂ ’ਚੋਂ ਦੋ ਨਵੇਂ ਵਿਧਾਨ ਸਭਾ ਹਲਕਿਆਂ ਵਿੱਚ ਭੇਜੇ ਗਏ ਹਨ। ਸੂਚੀ ਵਿੱਚ ਕਾਂਗਰਸ ਦੇ ਤਿੰਨ ਨਵੇਂ ਉਮੀਦਵਾਰ ਸ਼ਾਮਲ ਹਨ, ਜਿਨ੍ਹਾਂ ’ਚੋਂ ਦਰਸ਼ਨ ਲਾਲ ਮਾਂਗੇਪੁਰ ਤੇ ਹਰਵਿੰਦਰ ਸਿੰਘ ਲਾਡੀ (ਸਾਬਕਾ ਪੀਪੀਪੀ) ਸਮੇਤ ਨਿਰਮਲ ਸਿੰਘ ਨਿੰਮਾ ਬੀਐਸਪੀ ਦੋ ਵਾਰ ਵਿਧਾਇਕ ਰਹੇ ਹਨ। ਜਦੋਂ ਕਿ ਦੋ ਮੌਜੂਦਾ ਵਿਧਾਇਕਾਂ ਜੋਗਿੰਦਰ ਸਿੰਘ ਪੰਜਗਰਾਈਂ ਅਤੇ ਤਰਲੋਚਨ ਸਿੰਘ ਨੂੰ ਇਸ ਵਾਰ ਪਾਰਟੀ ਨੇ ਟਿਕਟ ਨਹੀਂ ਦਿੱਤੀ ਹੈ। ਚੋਣਾਂ ਲਈ ਨਾਮਜਦ ਕੀਤੇ ਗਏ ਦੋ ਨੌਜਵਾਨ ਉਮੀਦਵਾਰਾਂ ਵਿੱਚ ਬੀਰੇਂਦਰਜੀਤ ਸਿੰਘ ਪਾਹੜਾ (ਗੁਰਦਾਸਪੁਰ) ਅਤੇ ਦਮਨ ਥਿੰਦ ਬਾਜਵਾ (ਸੁਨਾਮ) ਸ਼ਾਮਲ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਰਫ ਭਰੋਸੇਮੰਦ ਤੇ ਜੇਤੂ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ ਹਨ। ਇਸ ਦਿਸ਼ਾ ਵਿੱਚ ਆਪਣੀਆਂ ਸੀਟਾਂ ਬਚਾਉਣ ਵਿੱਚ ਕਾਮਯਾਬ ਰਹੇ ਮੌਜੂਦਾ ਵਿਧਾਇਕਾਂ ਵਿੱਚ ਦੂਜੀ ਸੂਚੀ ਜਗਮੋਹਨ ਸਿੰਘ ਕੰਗ (ਖਰੜ), ਅਮਰਿੰਦਰ ਸਿੰਘ ਰਾਜਾ ਵੜਿੰਗ (ਗਿੱਦੜਬਾਹਾ), ਅਮਰੀਕ ਸਿੰਘ ਢਿੱਲੋਂ (ਸਮਰਾਲਾ) ਅਤੇ ਕਰਨ ਕੌਰ ਬਰਾੜ (ਮੁਕਤਸਰ) ਸ਼ਾਮਲ ਹਨ। ਕਰਨ ਤੇ ਦਮਨ ਇਸ ਸੂਚੀ ਵਿੱਚ ਸ਼ਾਮਿਲ ਦੋ ਅੌਰਤਾਂ ਹਨ। ਜਿਨ੍ਹਾਂ ਸਮੇਤ ਹੁਣ ਤੱਕ ਐਲਾਨੀਆਂ ਗਈਆਂ ਅੌਰਤਾਂ ਉਮੀਦਵਾਰਾਂ ਦੀ ਗਿਣਤੀ 8 ਤੱਕ ਪਹੁੰਚ ਗਈ ਹੈ। ਪਾਰਟੀ ਨੇ ਜੈਤੋਂ (ਰਾਖਵੀਂ) ਅਤੇ ਬੰਗਾ (ਰਾਖਵਾਂ) ਵਿਧਾਨ ਸਭਾ ਹਲਕਿਆਂ ਤੋਂ ਮੌਜੂਦਾ ਵਿਧਾਇਕਾਂ ਨੂੰ ਬਦਲ ਦਿੱਤਾ ਹੈ।
ਜੈਤੋਂ (ਰਾਖਵੀਂ) ਸੀਟ ਤੋਂ ਮੌਜੂਦਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਨੂੰ ਲਾਂਭੇ ਕਰਕੇ ਉਨ੍ਹਾਂ ਦੀ ਜਗ੍ਹਾ ਮੁਹੰਮਦ ਸਦੀਕ ਨੂੰ ਟਿਕਟ ਦਿੱਤੀ ਗਈ ਹੈ। ਸਦੀਕ ਨੂੰ 2012 ਵਿਧਾਨ ਸਭਾ ਚੋਣਾਂ ਵਿੱਚ ਭਦੌੜ (ਰਾਖਵੀਂ) ਤੋਂ ਚੁਣਿਆ ਗਿਆ ਸੀ। ਬੰਗਾ (ਰਾਖਵੀਂ) ਤੋਂ ਮੌਜੂਦਾ ਵਿਧਾਇਕ ਤਰਲੋਚਨ ਸਿੰਘ ਨੂੰ ਵੀ ਐਤਕੀਂ ਪਾਸੇ ਕਰਕੇ ਬੀਤੀਆਂ ਚੋਣਾਂ ਵਿੱਚ ਆਦਮਪੁਰ (ਰਾਖਵੀਂ) ਸੀਟ ਤੋਂ ਚੋਣ ਲੜਨ ਵਾਲੇ ਸਤਨਾਮ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਾਰਟੀ ਨੇ ਅਜਾਇਬ ਸਿੰਘ ਭੱਟੀ ਨੂੰ ਭੁੱਚੋ ਮੰਡੀ (ਰਾਖਵੀਂ) ਸੀਟ ਤੋਂ ਮਲੋਟ (ਰਾਖਵੀਂ) ਸੀਟ ’ਤੇ ਭੇਜਿਆ ਹੈ। ਇਸੇ ਤਰ੍ਹਾਂ ਹੋਰ ਪ੍ਰਮੁੱਖ ਬਦਲਾਆਂ ਵਿੱਚ ਗੁਰਵਿੰਦਰ ਸਿੰਘ ਅਟਵਾਲ (ਭੁਲੱਥ-ਬੀਬੀ ਜਗੀਰ ਕੌਰ ਦਾ ਵਿਧਾਨ ਸਭਾ ਹਲਕਾ) ਅਤੇ ਚੌਧਰੀ ਸੁਰਿੰਦਰ ਸਿੰਘ (ਕਰਤਾਰਪੁਰ-ਸਰਵਣ ਸਿੰਘ ਫਿਲੌਰ ਦੀ ਸੀਟ, ਜਿਹੜੇ ਹਾਲੇ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ) ਹਨ।
ਇੰਝ ਹੀ ਪਾਰਟੀ ਨੇ ਸੁਰਜੀਤ ਸਿੰਘ ਧੀਮਾਨ ਤੋਂ ਇਲਾਵਾ ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਹਟਾ ਦਿੱਤਾ ਹੈ, ਜਿਹੜੇ 2012 ਚੋਣਾਂ ਹਾਰ ਗਏ ਸਨ ਅਤੇ ਧੀਮਾਨ ਨੂੰ ਪਾਰਟੀ ਨੇ ਇਕ ਵਾਰ ਫਿਰ ਤੋਂ ਅਮਰਗੜ੍ਹ ਤੋਂ ਮੌਕਾ ਦਿੱਤਾ ਹੈ, ਜਿੱਥੋਂ ਉਹ ਆਖਰੀ ਵਾਰ 4406 ਵੋਟਾਂ ਤੋਂ ਹਾਰੇ ਸਨ। ਇਨ੍ਹਾਂ 16 ਉਮੀਦਵਾਰਾਂ ਨੂੰ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਚੋਣ ਕਮੇਟੀ ਵੱਲੋਂ ਫਾਈਨਲ ਕੀਤਾ ਗਿਆ ਸੀ। ਇਨ੍ਹਾਂ ਐਲਾਨਾਂ ਦੇ ਨਾਲ ਕਾਂਗਰਸ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚੋਂ 77 ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਦੋਂ ਕਿ ਬਾਕੀ ਟਿਕਟਾਂ ਦਾ ਐਲਾਨ ਆਉਣ ਵਾਲੇ ਕੁਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।