ਮਿਸ਼ਨ-2017: ਅਕਾਲੀ-ਭਾਜਪਾ ਗੱਠਜੋੜ ਵਿਕਾਸ ਦੇ ਮੁੱਦੇ ’ਤੇ ਚੋਣ ਲੜੇਗਾ ਤੇ ਹੂੰਝਾਫੇਰ ਜਿੱਤ ਹਾਸਲ ਕਰੇਗਾ: ਮਜੀਠੀਆ

ਮਜੀਠੀਆ ਦੀ ਮੌਜੂਦਗੀ ਵਿੱਚ ਕ੍ਰਿਸਚਿਨ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਅਮਨਦੀਪ ਗਿੱਲ ਸੁਪਾਰੀ ਵਿੰਡ ਨੇ ਅਹੁਦਾ ਸੰਭਾਲਿਆ

ਅਮਨਦੀਪ ਸਿੰਘ
ਮੁਹਾਲੀ, 5 ਦਸੰਬਰ
ਅਕਾਲੀ ਦਲ ਤੇ ਭਾਜਪਾ ਗੱਠਜੋੜ ਵਿਕਾਸ ਦੇ ਮੁੱਦੇ ’ਤੇ ਚੋਣ ਲੜੇਗਾ ਅਤੇ ਹੂੰਝਾਫੇਰ ਜਿੱਤ ਹਾਸਲ ਕਰਕੇ ਪੰਜਾਬ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦਾ ਇਤਿਹਾਸ ਸਿਰਜਿਆ ਜਾਵੇਗਾ। ਇਹ ਦਾਅਵਾ ਮਾਲ ਤੇ ਮੁੜ ਵਸੇਬਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਵਣ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਤੋਂ ਪਹਿਲਾਂ ਸ੍ਰੀ ਮਜੀਠੀਆ ਨੇ ਕ੍ਰਿਸਚਿਨ ਵੈਲਫੇਅਰ ਬੋਰਡ ਪੰਜਾਬ ਦੇ ਨਵ ਨਿਯੁਕਤ ਚੇਅਰਮੈਨ ਅਮਨਦੀਪ ਗਿੱਲ ਸੁਪਾਰੀ ਵਿੰਡ ਨੂੰ ਅਹੁਦਾ ਸੰਭਾਲਣ ਮੌਕੇ ਵਧਾਈ ਦਿੱਤੀ।
ਅਮਨ ਕਾਨੂੰਨ ਦੀ ਵਿਵਸਥਾ ਬਾਰੇ ਕਾਂਗਰਸ ਵੱਲੋਂ ਕੀਤੇ ਜਾਣ ਭੰਡੀ ਪ੍ਰਚਾਰ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮਾਲ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਪੰਜਾਬ ਦੇ ਲੋਕਾਂ ਨਾਲ ਧਰੋਅ ਕਮਾਇਆ ਹੈ ਉਹ ਅਜਿਹੇ ਮਾਮਲਿਆਂ ਵਿੱਚ ਦਖ਼ਲ ਦੇ ਕੇ ਰਾਜਸੀ ਰੋਟੀਆਂ ਸੇਕਣਾ ਚਾਹੁੰਦੀ ਹੈ ਪ੍ਰੰਤੂ ਪੰਜਾਬ ਦੇ ਲੋਕ ਕਾਂਗਰਸ ਬਾਰੇ ਅਤੇ ਉਸ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਭਲੀ ਪ੍ਰਕਾਰ ਜਾਣਦੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਮੁੰਹ ਨਹੀਂ ਲਗਾਉਂਦੇ। ਪੱਤਰਕਾਰਾਂ ਵੱਲੋਂ ਮੌੜ ਮੰਡੀ ਦੇ ਆਸੀਰਵਾਦ ਰਿਜੋਰਟ ਵਿੱਚ ਇਕ ਵਿਆਹ ਸਮਾਗਮ ਵਿੱਚ ਗੋਲੀ ਚਲਾਉਣ ਕਾਰਨ ਹੋਈ ਆਰਕੈਸਟਰਾਂ ਕੁਲਵਿੰਦਰ ਕੌਰ ਦੀ ਮੌਤ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਵਿਆਹ ਸਮਾਗਮਾਂ ਵਿੱਚ ਕਿਸੇ ਨੁੰੂ ਵੀ ਅਸਲਾ ਲੈ ਕੇ ਨਹੀਂ ਜਾਣਾ ਚਾਹੀਦਾ ਜਿਸ ਤੇ ਪਹਿਲਾਂ ਹੀ ਰੋਕ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ 302 ਦਾ ਮੁੱਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆਂ ਨਹੀਂ ਜਾਵੇਗਾ।
ਸ੍ਰੀ ਮਜੀਠੀਆ ਨੇ ਇਸ ਮੌਕੇ ਨਵਨਿਯੁਕਤ ਚੇਅਰਮੈਨ ਸ੍ਰੀ ਅਮਨਦੀਪ ਗਿੱਲ ਨੂੰ ਆਪਣੇ ਆਹੁੱਦੇ ਦਾ ਕਾਰਜਭਾਰ ਸੰਭਾਲਣ ਦੀ ਮੁਬਾਰਕਬਾਦ ਦਿੰਦਿਆ ਕਿਹਾ ਕਿ ਉਹ ਕ੍ਰਿਸਚਿਨ ਭਾਈਚਾਰ ਦੀ ਭਲਾਈ ਲਈ ਕੰਮ ਕਰਨਗੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਤੇ ਵੀ ਖਰ੍ਹਾਂ ਉਤਰਨਗੇ। ਉਨ੍ਹਾਂ ਇਸ ਮੌਕੇ ਕਿਹਾ ਕਿ ਮੌਜੂਦਾ ਸਰਕਾਰ ਨੇ ਜਿਥੇ ਪੰਜਾਬ ਦੇ ਸੂਬੇ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ਤੇ ਤੋਰਿਆ ਹੈ ਉਥੇ ਪੰਜਾਬ ਦਾ ਸਰਬਪੱਖੀ ਵਿਕਾਸ ਕਰਕੇ ਲੋਕਾਂ ਨੂੰ ਬੁਨੀਆਦੀ ਸਹੂਲਤਾਂ ਉਪਲਬੱਧ ਕਰਵਾਈਆਂ ਹਨ। ਉਨ੍ਹਾਂ ਇਸ ਮੌਕੇ ਪੱਤਰਕਾਰਾਂ ਵੱਲੋਂ ਅਮਨ ਕਾਨੂੰਨ ਦੀ ਵਿਵਸਥਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਕਿਸੇ ਨੂੰ ਵੀ ਪੰਜਾਬ ਦੀ ਅਮਨ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਸ ਮੌਕੇ ਨਵ-ਨਿਯੁਕਤ ਚੇਅਰਮੈਨ ਕ੍ਰਿਸ਼ਚਿਨ ਵੈਲਫੇਅਰ ਬੋਰਡ ਸ੍ਰੀ ਅਮਨਦੀਪ ਗਿੱਲ ਸੁਪਾਰੀ ਵਿੰਡ ਨੇ ਕਿਹਾ ਕਿ ਜਿਸ ਭਾਵਨਾਂ ਨਾਲ ਮੋਜੂਦਾ ਸਰਕਾਰ ਨੇ ਮੈਨੂੰ ਕ੍ਰਿਸਚਿਨ ਵੈਲਫੇਅਰ ਬੋਰਡ ਦੇ ਬਤੌਰ ਚੇਅਰਮੈਨ ਦੀ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਪੁਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕ੍ਰਿਸ਼ਚਿਨ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਹਮੇਸ਼ਾਂ ਤੱਤਪਰ ਰਹਿਣਗੇ ਅਤੇ ਕ੍ਰਿਸਚਿਨ ਭਾਈਚਾਰੇ ਦੇ ਭਲਾਈ ਕਾਰਜਾਂ ਨੂੰ ਹਮੇਸ਼ਾਂ ਪਹਿਲ ਦੇਣਗੇ। ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ, ਧਾਰਮਿਕ ਆਗੂ ਬਿਸ਼ਪ ਡਾ.ਫਰੈਕੋ ਮੁਲਕਲ, ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ, ਅਕਾਲੀ ਆਗੂ ਕੁਲਵੰਤ ਸਿੰਘ, ਕ੍ਰਿਸਚਿਨ ਵੈਲਫੇਅਰ ਬੋਰਡ ਦੇ ਮੈਂਬਰ ਵਲਾਇਤ ਮਸੀਹ ਬੰਦੀ ਅਜਨਾਲਾ, ਡਾ. ਸਾਹਿਬ ਮਸੀਹ, ਡਾ. ਸਲਾਮਤ ਮਸੀਹ, ਪ੍ਰਤਾਪ ਭੱਟੀ, ਬਲਵਿੰਦਰ ਜੋਲ ਇਸ ਤੋਂ ਇਲਾਵਾ ਥੋਮਸ ਕਾਹਨੂੰਵਾਲ, ਲਾਲਚੰਦ, ਅਸੋਕ ਕੁਮਾਰ, ਤਰਸੇਮ ਧਾਲੀਵਾਲ, ਲਾਲ ਮਸੀਹ, ਇੰਦਰਾਜ ਮਸੀਹ, ਡਾ. ਸੁਖਸਰਬਜੀਤ ਸਿੰਘ, ਮਲਕੀਤ ਸਿੰਘ ਸਮੇਤ ਹੋਰ ਪਤੰਵਤੇ ਵੀ ਮੌਜੂਦ ਸਨ।

Load More Related Articles

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…