ਅਕਾਲੀ ਦਲ ਦੀਆਂ ਆਸਾਂ ’ਤੇ ਪਾਣੀ ਫਿਰਿਆ, ਧਰੀਆਂ ਧਰਾਈਆਂ ਰਹਿ ਗਈਆਂ ਤਿਆਰੀਆਂ

ਕਿਸਾਨਾਂ ਦੇ ਵਿਰੋਧ ਕਾਰਨ ਸੋਨੀਆ ਮਾਨ ਨੇ ਅਕਾਲੀ ਦਲ ’ਚ ਸ਼ਾਮਲ ਹੋਣ ਤੋਂ ਹੱਥ ਪਿੱਛੇ ਖਿੱਚੇ

ਅਕਾਲੀ ਦਲ ਛੱਡ ਕੇ ਬਸਪਾ ਉਮੀਦਵਾਰ ਬਣਨ ਵਾਲੇ ਗੁਰਮੀਤ ਸਿੰਘ ਬਾਕਰਪੁਰ ਮੁੜ ਘਰ ਵਾਪਸੀ ਹੋਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਕਿਸਾਨੀ ਵਿਰੋਧੀ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਲੜੀਵਾਰ ਕਿਸਾਨੀ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾਉਣ ਪ੍ਰਸਿੱਧ ਅਦਾਕਾਰਾ ਸੋਨੀਆ ਮਾਨ ਦਾ ਫਿਲਹਾਲ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਟਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਕੁੱਝ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਕਾਰਨ ਹੋਇਆ ਹੈ। ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਮੁਹਾਲੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਚਰਚਾਂ ਪੂਰੇ ਜ਼ੋਰਾਂ ’ਤੇ ਸੀ ਅਤੇ ਸੋਨੀਆ ਮਾਨ ਦੇ ਸਮਰਥਕਾਂ ਸਮੇਤ ਕੁੱਝ ਸਥਾਨਕ ਆਗੂਆਂ ਵੱਲੋਂ ਉਨ੍ਹਾਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਅਤੇ ਮੁਹਾਲੀ ਤੋਂ ਟਿਕਟ ਦੇਣ ਦੀ ਗੱਲ ਪ੍ਰਚਾਰੀ ਜਾ ਰਹੀ ਸੀ। ਅੱਜ ਜਿਵੇਂ ਹੀ ਇਹ ਖ਼ਬਰ ਮੀਡੀਆ ਦੀ ਸੁਰਖ਼ੀਆਂ ਬਣੀ ਤਾਂ ਕਿਸਾਨ ਜਥੇਬੰਦੀਆਂ ਦੇ ਆਗੂ ਵਿਰੋਧ ਵਿੱਚ ਖੜੇ ਹੋ ਗਏ ਅਤੇ ਸੋਨੀਆ ਮਾਨ ਨੂੰ ਕਿਸਾਨੀ ਸੰਘਰਸ਼ ਦੌਰਾਨ ਸਟੇਜ ’ਤੇ ਨਾ ਬੋਲਣ ਦੇਣ ਅਤੇ ਪਿੰਡਾਂ ਵਿੱਚ ਸਖ਼ਤ ਵਿਰੋਧ ਕਰਨ ਦੀ ਗੱਲ ਕਹੀ ਗਈ। ਜਿਸ ਕਾਰਨ ਅੱਜ ਐਨ ਮੌਕੇ ਉਸ ਨੇ ਰਾਜਸੀ ਪਾਰਟੀ ਦਾ ਹਿੱਸਾ ਬਣਨ ਤੋਂ ਹੱਥ ਪਿੱਛੇ ਖਿੱਚ ਲਏ।
ਸੋਨੀਆ ਮਾਨ ਨੂੰ ਅੱਜ ਅਕਾਲੀ ਦਲ ਵਿੱਚ ਸ਼ਾਮਲ ਕਰਨ ਸਬੰਧੀ ਪਾਰਟੀ ਦੇ ਮੁੱਖ ਦਫ਼ਤਰ ਸੈਕਟਰ-28 ਚੰਡੀਗੜ੍ਹ ਵਿਖੇ ਪ੍ਰਭਾਵਸ਼ਾਲੀ ਪ੍ਰੋਗਰਾਮ ਰੱਖਿਆ ਗਿਆ ਸੀ ਅਤੇ ਉਨ੍ਹਾਂ ਨੂੰ ਸੁਖਬੀਰ ਬਾਦਲ ਦੀ ਮੌਜੂਦਗੀ ਵਿੱਚ ਸ਼ਾਮਲ ਕਰਾਉਣਾ ਸੀ। ਹਾਲਾਂਕਿ ਇਸ ਸਬੰਧੀ ਲੁਕਵੇਂ ਢੰਗ ਨਾਲ ਅਕਾਲੀ ਦਲ ਵੱਲੋਂ ਮੀਡੀਆ ਨੂੰ ਸੁਨੇਹੇ ਵੀ ਲਾਏ ਗਏ ਸੀ ਪ੍ਰੰਤੂ ਸੋਨੀਆ ਮਾਨ ਦੇ ਪਿੱਛੇ ਹਟਣ ਤੋਂ ਬਾਅਦ ਇਹ ਸਪੱਸ਼ਟੀਕਰਨ ਦਿੱਤਾ ਗਿਆ ਕਿ ਅੱਜ ਦਾ ਇਹ ਪ੍ਰੋਗਰਾਮ ਸਿਰਫ਼ ਅਕਾਲੀ ਦਲ ਦਾ ਸੀ ਨਾ ਕਿ ਸੋਨੀਆ ਮਾਨ ਦਾ? ਸੋਨੀਆ ਮਾਨ ਦੇ ਬੰਦਿਆਂ ਵੱਲੋਂ ਵੀ ਇਹੀ ਕਿਹਾ ਗਿਆ ਕਿ ਉਨ੍ਹਾਂ ਨੂੰ ਬੀਤੇ ਕੱਲ੍ਹ ਤੋਂ ਹੀ ਲੋਕਾਂ ਦੇ ਬਹੁਤ ਫੋਨ ਆ ਰਹੇ ਹਨ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ।
ਉਧਰ, ਅਕਾਲੀ ਦਲ ਦੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਸੋਨੀਆ ਮਾਨ ਦਾ ਅੱਜ ਪਾਰਟੀ ਵਿੱਚ ਸ਼ਾਮਲ ਹੋਣ ਦਾ ਪੱਕਾ ਪ੍ਰੋਗਰਾਮ ਸੀ ਪਰ ਸੋਸ਼ਲ ਮੀਡੀਆ ’ਤੇ ਉਸ ਵਿਰੁੱਧ ਅਪਲੋਡ ਪੋਸਟਾਂ ਕਾਰਨ ਉਹ ਥੋੜੀ ਝਿਜਕ ਮਹਿਸੂਸ ਕਰ ਰਹੇ ਹਨ। ਸੂਤਰ ਇਹ ਵੀ ਦੱਸਦੇ ਹਨ ਕਿ ਸੋਨੀਆ ਨੇ ਅੱਜ ਸਵੇਰੇ ਵੀ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ ਸੀ ਅਤੇ ਹੁਣ ਵੀ ਉਹ ਉਨ੍ਹਾਂ ਦੇ ਸੰਪਰਕ ਵਿੱਚ ਹਨ। ਇਹ ਗੱਲ ਪ੍ਰਚਾਰੀ ਜਾ ਰਹੀ ਹੈ ਸੋਨੀਆ ਮਾਨ ਦੀ ਚੋਣ ਦਾ ਸਾਰਾ ਖ਼ਰਚਾ ਚੌਟਾਲਾ ਪਰਿਵਾਰ ਨੇ ਚੁੱਕਣ ਦੀ ਹਾਮੀ ਭਰੀ ਸੀ।
ਇਸ ਬਾਰੇ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਫਿਲਹਾਲ ਇਹ ਪ੍ਰੋਗਰਾਮ ਅੱਗੇ ਪਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਅੱਜ ਗੁਰਮੀਤ ਸਿੰਘ ਬਾਕਰਪੁਰ ਦੇ ਘਰ ਪਹੁੰਚੇ ਸਨ। ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਅਕਾਲੀ ਦਲ ’ਚੋਂ ਬਸਪਾ ਵਿੱਚ ਗਏ ਜਥੇਦਾਰ ਬਾਕਰਪੁਰ ਦੀ ਹਾਜ਼ਰੀ ਵਿੱਚ ਬੀਬੀ ਮਾਨ ਨੂੰ ਸ਼ਾਮਲ ਕੀਤਾ ਜਾਵੇ। ਕਿਉਂਕਿ ਸਿਆਸੀ ਸਮਝੌਤੇ ਤਹਿਤ ਮੁਹਾਲੀ ਸੀਟ ਬਸਪਾ ਨੂੰ ਦਿੱਤੀ ਗਈ ਸੀ।

ਅਕਾਲੀ ਦਲ ਛੱਡ ਕੇ ਮੁਹਾਲੀ ਤੋਂ ਬਸਪਾ ਦੇ ਉਮੀਦਵਾਰ ਬਣਨ ਵਾਲੇ ਗੁਰਮੀਤ ਸਿੰਘ ਬਾਕਰਪੁਰ ਨੇ ਅੱਜ ਦੁਬਾਰਾ ਘਰ ਵਾਪਸੀ ਕਰਦਿਆਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਮੁੜ ਅਕਾਲੀ ਦਲ ਵਿੱਚ ਸ਼ਾਮਲ ਕਰਨ ਦੀ ਰਸਮ ਪੂਰੀ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਮੌਕੇ ’ਤੇ ਹੀ ਉਨ੍ਹਾਂ ਨੂੰ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਮੌਜੂਦ ਸਨ। ਬਾਕਰਪੁਰ ਕਾਫ਼ੀ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਬਾਦਲ ਪਰਿਵਾਰ ਅਤੇ ਮਜੀਠੀਆ ਦੇ ਕਾਫ਼ੀ ਨੇੜੇ ਸਮਝੇ ਜਾਂਦੇ ਹਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …