
ਮਿਸ਼ਨ-2022: ਬਲਬੀਰ ਸਿੱਧੂ ਵੱਲੋਂ ਰਿਕਾਰਡਤੋੜ ਵੋਟਾਂ ਨਾਲ ਜਿੱਤਣ ਦਾ ਦਾਅਵਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਮੁਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਮਿਲ ਰਹੇ ਲੋਕਾਂ ਦੇ ਸਮਰਥਨ ਤੋਂ ਸਾਫ਼ ਹੈ ਕਿ ਇਸ ਵਾਰ ਉਹ ਮੁਹਾਲੀ ਤੋਂ ਰਿਕਾਰਡਤੋੜ ਨਾਲ ਚੋਣਾਂ ਜਿੱਤਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਉਹ ਮੁਹਾਲੀ ਤੋਂ ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕਰਨਗੇ। ਉਨ੍ਹਾਂ ਕਿਹਾ ਕਿ ਆਪਣੇ ਰਿਪੋਰਟ ਕਾਰਡ ਦੇ ਦਮ ’ਤੇ ਪੂਰੀ ਆਸ ਹੈ ਕਿ ਮੁਹਾਲੀ ਦੀ ਜਨਤਾ ਆਪਣਾ ਪਿਆਰ ਅਤੇ ਸਮਰਥਨ ਦੇ ਕੇ ਜਿੱਤ ਉਨ੍ਹਾਂ ਦੀ ਝੋਲੀ ਵਿੱਚ ਪਾਵੇਗੀ।
ਯਾਦ ਰਹੇ ਕਿ ਸਿੱਧੂ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ 17,000 ਵੋਟਾਂ ਦੇ ਅੰਤਰ ਨਾਲ ਸੀਟ ਜਿੱਤੀ ਸੀ। ਉਹ ਸਾਲ 2007 ਦੀਆਂ ਚੋਣਾਂ ਦੇ ਦੌਰਾਨ ਖਰੜ ਤੋਂ ਵਿਧਾਇਕ ਚੁਣੇ ਗਏ ਸਨ। ਸਾਲ 2017 ਵਿੱਚ ਉਨ੍ਹਾਂ ਨੇ ਆਪਣੇ ਵਿਰੋਧੀ ਨੂੰ ਲਗਭਗ 30,000 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ। ਉਨ੍ਹਾਂ ਕਿਹਾ ਕਿ ਬੇਬੁਨਿਆਦੀ ਦਾਅਵੇ ਕਰਕੇ ਮੇਰੀ ਦਿੱਖ ਖਰਾਬ ਕਰਨ ਦੇ ਲਈ ਵਿਰੋਧੀਆਂ ਦੇ ਕੂੜ ਪ੍ਰਚਾਰ ਨੂੰ ਮੁਹਾਲੀ ਦੇ ਲੋਕ 20 ਫਰਵਰੀ ਨੂੰ ਕਾਂਗਰਸ ਦੇ ਚੋਣ ਨਿਸ਼ਾਨ ਹੱਥ ਪੰਜੇ ’ਤੇ ਮੋਹਰ ਲਗਾ ਕੇ ਕਰਾਰਾ ਜਵਾਬ ਦੇਣਗੇ। ਮੁਹਾਲੀ ਦੇ ਵੋਟਰ ਇਨ੍ਹਾਂ ਦਲਬਦਲੂਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ, ਜਿਹੜੇ ਆਮ ਤੌਰ ’ਤੇ ਚੋਣਾਂ ਦੌਰਾਨ ਹੀ ਸਰਗਰਮ ਨਜ਼ਰ ਆਉਂਦੇ ਹਨ।
ਸ੍ਰੀ ਸਿੱਧੂ ਨੇ ਸਵਾਲ ਕੀਤਾ ਕਿ ਮੁਹਾਲੀ ਹਲਕੇ ਦੇ ਵੋਟਰ ਉਨ੍ਹਾਂ ਤੇ ਕਿਵੇਂ ਵਿਸ਼ਵਾਸ ਕਰ ਸਕਦੇ ਹਨ ਜਦੋਂਕਿ ਕੁਝ ਮਹੀਨੇ ਪਹਿਲਾਂ ਮੁਹਾਲੀ ਵਿੱਚ ਨਗਰ ਨਿਗਮ ਚੋਣਾਂ ਦੇ ਦੌਰਾਨ ਆਪ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਆਪਸ ਵਿੱਚ ਗੱਠਜੋੜ ਕੀਤਾ ਸੀ ਅਤੇ ਹੁਣ ਉਹ ਅਲੱਗ-ਅਲੱਗ ਪਾਰਟੀਆਂ ਤੋਂ ਚੋਣ ਲੜ ਰਹੇ ਹਨ। ਉਹ ਪਿਛਲੇ 40 ਸਾਲਾਂ ਤੋਂ ਮੁਹਾਲੀ ਖੇਤਰ ਦੀ ਸੇਵਾ ਕਰ ਰਿਹਾ ਹਾਂ। ਵਿਧਾਇਕ ਦੇ ਰੂਪ ਵਿਚ ਆਪਣੇ ਪਿਛਲੇ ਤਿੰਨ ਕਾਰਜ ਕਾਲਾਂ ਵਿਚ ਮੈਂ ਸਾਰੀਆਂ ਬਿਰਾਦਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁਹਾਲੀ ਦੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਹਨ। ਸਿੱਧੂ ਨੇ ਕਿਹਾ ਕਿ ਇੱਥੋਂ ਤੱਕ ਕਿ ਕੋਵਿਡ ਵੀ ਲੋਕਾਂ ਦੀ ਸੇਵਾ ਕਰਨ ਦੀ ਮੇਰੀ ਭਾਵਨਾ ਨੂੰ ਘੱਟ ਕਰਨ ਵਿਚ ਫੇਲ੍ਹ ਰਿਹਾ, ਜਦੋਂ ਪੰਜਾਬ ਦੇ ਸਿਹਤ ਮੰਤਰੀ ਦੇ ਰੂਪ ਵਿੱਚ ਮੈਂ ਮੈਡੀਕਲ ਇਲਾਜ ਅਤੇ ਲੋਕਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਿਰਫ ਕਾਂਗਰਸ ਪਾਰਟੀ ਹੀ ਰਾਜ ਨੂੰ ਤਰੱਕੀ ਦੇ ਰਾਹ ਤੇ ਅੱਗੇ ਲੈ ਜਾ ਸਕਦੀ ਹੈ।