nabaz-e-punjab.com

ਮਿਸ਼ਨ-2022: ਸੋਨੀਆ ਮਾਨ ਦੇ ਪਿੱਛੇ ਹਟਣ ਤੋਂ ਬਾਅਦ ਅਕਾਲੀ ਆਗੂਆਂ ’ਚ ਲੱਗੀ ਟਿਕਟ ਦੀ ਦੌੜ

ਗੁਰਮੀਤ ਬਾਕਰਪੁਰ, ਪਰਮਿੰਦਰ ਸੋਹਾਣਾ, ਸਤਿੰਦਰ ਗਿੱਲ, ਬੀਬੀ ਲਾਂਡਰਾਂ ਤੇ ਬੀਬੀ ਕੰਗ ਸਰਗਰਮ ਹੋਏ

ਸਥਾਨਕ ਆਗੂ ਨੂੰ ਪਾਰਟੀ ਉਮੀਦਵਾਰ ਬਣਾਉਣ ਦੀ ਮੰਗ ਨੇ ਜ਼ੋਰ ਫੜਿਆ, ਬਸਪਾ ਤੋਂ ਸੀਟ ਵਾਪਸ ਲੈਣ ਕਾਰਨ ਵਰਕਰ ਮਾਯੂਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਨਵੰਬਰ:
ਅਦਾਕਾਰਾ ਸੋਨੀਆ ਮਾਨ ਵੱਲੋਂ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਟਾਲਾ ਵਟਣ ਕਾਰਨ ਮੁਹਾਲੀ ਹਲਕੇ ਵਿੱਚ ਨਵੇਂ ਸਿਆਸੀ ਸਮੀਕਰਨ ਪੈਦਾ ਹੋ ਗਏ ਹਨ। ਹਾਲਾਂਕਿ ਪਹਿਲਾਂ ਉਨ੍ਹਾਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਚਰਚੇ ਸ਼ੁਰੂ ਹੋਣ ਨਾਲ ਵੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦਾ ਗਣਿਤ ਗੜਬੜਾ ਗਿਆ ਸੀ ਪਰ ਹੁਣ ਬੀਬਾ ਮਾਨ ਵੱਲੋਂ ਸਾਰੀ ਸਥਿਤੀ ਸਪੱਸ਼ਟ ਕਰ ਦੇਣ ਤੋਂ ਬਾਅਦ ਕਈ ਅਕਾਲੀ ਆਗੂਆਂ ਵਿੱਚ ਮੁਹਾਲੀ ਤੋਂ ਟਿਕਟ ਲੈਣ ਲਈ ਦੌੜ ਲੱਗ ਗਈ ਹੈ। ਇਨ੍ਹਾਂ ਆਗੂਆਂ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਪਰਮਜੀਤ ਕੌਰ ਲਾਂਡਰਾਂ, ਲੇਬਰਫੈੱਡ ਪੰਜਾਬ ਦੇ ਸਾਬਕਾ ਐਮਡੀ ਪਰਵਿੰਦਰ ਸਿੰਘ ਸੋਹਾਣਾ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਕੰਗ ਅਤੇ ਸੀਨੀਅਰ ਯੂਥ ਆਗੂ ਸਤਿੰਦਰ ਸਿੰਘ ਗਿੱਲ ਵੀ ਸ਼ਾਮਲ ਹਨ। ਉਂਜ ਬਸਪਾ ਤੋਂ ਵਾਪਸ ਅਕਾਲੀ ਦਲ ਵਿੱਚ ਆਏ ਗੁਰਮੀਤ ਸਿੰਘ ਬਾਕਰਪੁਰ ਵੀ ਪਾਰਟੀ ਟਿਕਟ ਲਈ ਹੱਥ ਪੈ ਮਾਰ ਰਹੇ ਹਨ। ਇਨ੍ਹਾਂ ਆਗੂਆਂ ਦਾ ਇਲਾਕੇ ਵਿੱਚ ਚੰਗਾ ਆਧਾਰ ਹੈ। ਹਾਲਾਂਕਿ ਸੁਖਬੀਰ ਦੇ ਨੇੜੇ ਸਾਥੀ ਅਤੇ ਉੱਘੇ ਕਾਰੋਬਾਰੀ ਕੁਲਵੰਤ ਸਿੰਘ ਵੀ ਮਜ਼ਬੂਤ ਉਮੀਦਵਾਰ ਸਨ ਪ੍ਰੰਤੂ ਨਗਰ ਨਿਗਮ ਚੋਣਾਂ ਦੌਰਾਨ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਸੀ ਅਤੇ ਹੁਣ ਉਹ ‘ਆਪ’ ਦੀ ਟਿਕਟ ’ਤੇ ਚੋਣ ਲੜਨ ਦੇ ਚਾਹਵਾਨ ਹਨ।
ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਜਨਰਲ ਸਕੱਤਰ ਤੇ ਵਪਾਰ ਮੰਡਲ ਦੇ ਆਗੂ ਸਰਬਜੀਤ ਸਿੰਘ ਪਾਰਸ ਅਤੇ ਟਕਸਾਲੀ ਅਕਾਲੀ ਆਗੂ ਜਥੇਦਾਰ ਕਰਤਾਰ ਸਿੰਘ ਤਸਿੰਬਲੀ ਵੀ ਪਾਰਟੀ ਟਿਕਟ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਹਨ। ਯੂਥ ਆਗੂ ਜਸਵਿੰਦਰ ਸਿੰਘ ਲਾਲੀ ਵੀ ਟਿਕਟ ਲਈ ਮਜੀਠੀਆ ਕੋਲ ਗੇੜੇ ਮਾਰ ਰਹੇ ਹਨ।
ਉਧਰ, ਸੂਤਰ ਦੱਸਦੇ ਹਨ ਕਿ ਸੋਨੀਆ ਮਾਨ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਬਸਪਾ ਤੋਂ ਮੁਹਾਲੀ ਸੀਟ ਵਾਪਸ ਲੈ ਲਈ ਸੀ ਅਤੇ ਬਸਪਾ ਨੂੰ ਮੁਹਾਲੀ ਦੀ ਥਾਂ ਰਾਏਕੋਟ ਸੀਟ ਦਿੱਤੀ ਗਈ ਹੈ ਪਰ ਹੁਣ ਸਾਰਾ ਤਾਣਾ ਬਾਣਾ ਉਲਝ ਗਿਆ ਹੈ ਅਤੇ ਇਹ ਕਿਆਸ-ਆਰਾਈਆਂ ਲਗਾਈਆਂ ਜਾ ਰਹੀਆਂ ਹਨ ਕਿਸਾਨਾਂ ਦੇ ਵਿਰੋਧ ਕਾਰਨ ਹੁਣ ਸ਼ਾਇਦ ਹੀ ਸੋਨੀਆ ਮਾਨ ਅਕਾਲੀ ਦਲ ਵਿੱਚ ਸ਼ਾਮਲ ਹੋਣ। ਉਧਰ, ਪਾਰਟੀ ਵਰਕਰਾਂ ਵੱਲੋਂ ਹਾਈ ਕਮਾਂਡ ਕੋਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਕਿਸੇ ਬਾਹਰੀ ਵਿਅਕਤੀ ਥਾਂ ਸਥਾਨਕ ਅਕਾਲੀ ਆਗੂ ਨੂੰ ਹੀ ਟਿਕਟ ਦਿੱਤੀ ਜਾਵੇ। ਕਿਉਂਕਿ ਹੁਣ ਤੱਕ ਜਿੰਨੇ ਵੀ ਬਾਹਰੋਂ ਉਮੀਦਵਾਰ ਲਿਆਂਦੇ ਗਏ ਹਨ, ਉਨ੍ਹਾਂ ਸਾਰਿਆਂ ਨੂੰ ਹਮੇਸ਼ਾ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇਹੀ ਕਾਰਨ ਹੈ ਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਲਗਾਤਾਰ ਚੋਣ ਜਿੱਤਦੇ ਆ ਰਹੇ ਹਨ।
ਉਧਰ, ਸੋਨੀਆ ਮਾਨ ਨੇ ਆਪਣੀ ਚੁੱਪੀ ਤੋੜਦਿਆਂ ਸਿਆਸੀ ਪਾਰਟੀਆਂ ਦੇ ਸੋਸ਼ਲ ਮੀਡੀਆ ਵਿੰਗ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਕਈ ਸਵਾਲ ਕੀਤੇ ਹਨ। ਉਹ ਬੇਮਤਲਬ ਦੀਆਂ ਟਿੱਪਣੀਆਂ ਤੋਂ ਕਾਫ਼ੀ ਪ੍ਰੇਸ਼ਾਨ ਹੈ ਅਤੇ ਉਸ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ। ਚੋਣਵੇਂ ਮੀਡੀਆ ਨਾਲ ਕੀਤੀ ਵਿਸ਼ੇਸ਼ ਗੱਲਬਾਤ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਹੈ। ਜਿਸ ਵਿੱਚ ਸੋਨੀਆ ਮਾਨ ਨੇ ਭਰੇ ਮਨ ਨਾਲ ਕਾਫ਼ੀ ਕੁੱਝ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਦੋ ਸਾਲ ਤੋਂ ਕਿਸਾਨ ਵਿਰੋਧੀ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਹਨ ਅਤੇ ਹੁਣ ਤੱਕ ਕਿਸੇ ਵੀ ਸਟੇਜ ਤੋਂ ਉਸ ਨੇ ਕਿਸੇ ਸਿਆਸੀ ਪਾਰਟੀ ਦਾ ਪ੍ਰਚਾਰ ਨਹੀਂ ਕੀਤਾ ਹੈ ਅਤੇ ਸਿਰਫ਼ ਤੇ ਸਿਰਫ਼ ਖੇਤੀ ਕਾਨੂੰਨਾਂ ਖ਼ਿਲਾਫ਼ ਲੜਦੇ ਆ ਰਹੇ ਹਨ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…