
ਮਿਸ਼ਨ-2024: ਅਕਾਲੀ ਦਲ ਤੇ ਕਾਂਗਰਸ ਦੇ ਗੜ੍ਹ ਵਿੱਚ ਸੰਨ੍ਹ ਲਾਉਣਾ ‘ਆਪ’ ਤੇ ਭਾਜਪਾ ਲਈ ਵੱਡੀ ਚੁਣੌਤੀ
ਅਕਾਲੀ ਦਲ ਤੇ ਕਾਂਗਰਸੀ ਉਮੀਦਵਾਰ ਹੀ ਵਾਰੋ-ਵਾਰੀ ਜਿੱਤੇ, ਬਾਕੀ ਰਹੇ ਫਾਡੀ
ਨਬਜ਼-ਏ-ਪੰਜਾਬ, ਮੁਹਾਲੀ, 1 ਅਪਰੈਲ:
ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਲਈ ਸੀਟ ਜਿੱਤਣਾ ਕਿਸੇ ਵੱਡੀ ਚਣੌਤੀ ਤੋਂ ਘੱਟ ਨਹੀਂ ਹੈ। ਦੋਵੇਂ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦੇ ਗੜ੍ਹ ਵਿੱਚ ਸੰਨ੍ਹ ਲਾਉਣ ਦੀ ਤਾਕ ਨਹੀਂ ਹਨ। ਕਾਬਿਲੇਗੌਰ ਹੈ ਕਿ ਇਸ ਹਲਕੇ ਤੋਂ ਹਮੇਸ਼ਾ ਵਾਰੋ-ਵਾਰੀ ਕਾਂਗਰਸ ਅਤੇ ਅਕਾਲੀ ਉਮੀਦਵਾਰ ਹੀ ਚੋਣ ਜਿੱਤਦੇ ਰਹੇ ਹਨ। ਸਾਲ 2009 ਵਿੱਚ ਸ੍ਰੀ ਆਨੰਦਪੁਰ ਸਾਹਿਬ ਹਲਕਾ ਹੋਂਦ ਵਿੱਚ ਆਇਆ ਸੀ। ਇਸ ਤੋਂ ਪਹਿਲਾਂ ਇਹ ਇਲਾਕਾ ਰੂਪਨਗਰ ਲੋਕ ਸਭਾ ਹਲਕੇ ਦਾ ਹਿੱਸਾ ਸੀ।
ਸ੍ਰੀ ਆਨੰਦਪੁਰ ਸਾਹਿਬ ਹਲਕੇ ’ਚੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਪਹਿਲੀ ਵਾਰ ਚੋਣ ਜਿੱਤੇ ਸਨ। ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੂੰ ਹਰਾਇਆ ਸੀ। 2014 ਵਿੱਚ ਬਿੱਟੂ ਨੂੰ ਆਪਣੇ ਪਿਤਰੀ ਹਲਕੇ ਲੁਧਿਆਣਾ ਦਾ ਮੋਹ ਜਾਗ ਪਿਆ। ਕਿਸਮਤ ਦੇ ਧਨੀ ਬਿੱਟੂ ਲੁਧਿਆਣਾ ਤੋਂ ਵੀ ਚੋਣ ਜਿੱਤ ਗਏ ਜਦੋਂਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਵੱਲੋਂ ਸ੍ਰੀਮਤੀ ਅੰਬਿਕਾ ਸੋਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਪ੍ਰੰਤੂ ਉਨ੍ਹਾਂ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। ਇੱਥੋਂ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਚੋਣ ਜਿੱਤੇ ਸਨ। 2019 ਵਿੱਚ ਚੰਦੂਮਾਜਰਾ ਨੂੰ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਹਰਾ ਕੇ ਚੋਣ ਜਿੱਤੀ ਸੀ।
ਇਸ ਵਾਰ ਭਾਜਪਾ ਆਪਣੇ ਬਲਬੂਤੇ ’ਤੇ ਲੋਕ ਸਭਾ ਚੋਣਾਂ ਲੜ ਰਹੀ ਹੈ। ਜਦੋਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜੀਆਂ ਜਾਂਦੀਆਂ ਰਹੀਆਂ ਹਨ। ਬਸਪਾ ਵੀ ਆਪਣੇ ਦਮ ’ਤੇ ਚੋਣ ਲੜੇਗੀ। ਉਂਜ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਨੇ ਅਕਾਲੀ ਦਲ ਨਾਲ ਮਿਲ ਕੇ ਲੜੀਆਂ ਸਨ। ‘ਆਪ’ ਵੱਲੋਂ ਮਾਲਵਿੰਦਰ ਸਿੰਘ ਕੰਗ, ਦੀਪਕ ਬਾਲੀ ਅਤੇ ਨਰਿੰਦਰ ਸਿੰਘ ਸ਼ੇਰਗਿੱਲ ਚੋਣ ਲੜਨ ਦੇ ਚਾਹਵਾਨ ਹਨ ਜਦੋਂਕਿ ਅਕਾਲੀ ਦਲ ਵੱਲੋਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਇੱਕ ਮਜ਼ਬੂਤ ਉਮੀਦਵਾਰ ਸਨ ਲੇਕਿਨ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਦੂਜੀ ਵਾਰ ਚੋਣ ਲੜਨ ਦੀ ਇੱਛਾ ਜਾਹਰ ਕਰਕੇ ਚੰਦੂਮਾਜਰਾ ਦੀ ਚਿੰਤਾ ਵਧਾ ਦਿੱਤੀ ਹੈ। ਦੋਵੇਂ ਆਗੂਆਂ ਵੱਲੋਂ ਆਪੋ-ਆਪਣੇ ਸਮਰਥਕਾਂ ਨਾਲ ਨੁੱਕੜ ਮੀਟਿੰਗਾਂ ਅਤੇ ਪਾਰਟੀ ਵਰਕਰਾਂ ਤੇ ਆਮ ਲੋਕਾਂ ਨਾਲ ਮੇਲ-ਜੋਲ ਵਧਾਉਣਾ ਸ਼ੁਰੂ ਕਰ ਦਿੱਤਾ ਹੈ।
ਕਾਂਗਰਸ ਵੱਲੋਂ ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾੜੀ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਅੰਗਦ ਸਿੰਘ ਸੈਣੀ ਚੋਣ ਲੜਨ ਦੇ ਚਾਹਵਾਨ ਹਨ। ਪਾਰਟੀ ਸੂਤਰਾਂ ਅਨੁਸਾਰ ਤਿਵਾੜੀ ਦੇ ਪਹਿਲਾਂ ਲੁਧਿਆਣਾ ਅਤੇ ਚੰਡੀਗੜ੍ਹ ਹਲਕੇ ਤੋਂ ਚੋਣ ਲੜਨ ਦੇ ਚਰਚੇ ਸਨ ਪ੍ਰੰਤੂ ਤਿਵਾੜੀ ਮੌਜੂਦਾ ਹਲਕੇ ਤੋਂ ਹੀ ਚੋਣ ਲੜਨਾ ਚਾਹੁੰਦੇ ਹਨ। ਜਦੋਂਕਿ ਭਾਜਪਾ ਅਤੇ ਬਸਪਾ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਉਂਜ ਭਾਜਪਾ ਦੇ ਕਈ ਆਗੂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਬੇਟਾ ਅਜੈ ਬੀਰ ਸਿੰਘ ਲਾਲਪੁਰਾ, ਸੁਖਵਿੰਦਰ ਸਿੰਘ ਗੋਲਡੀ, ਸੁਭਾਸ਼ ਸ਼ਰਮਾ, ਕਮਲਦੀਪ ਸਿੰਘ ਸੈਣੀ ਵੀ ਦੌੜ ਵਿੱਚ ਸ਼ਾਮਲ ਹਨ। ਇਲਾਕੇ ਦੇ ਨੌਜਵਾਨ ਆਗੂ ਅਮਰੀਕ ਸਿੰਘ ਹੈਪੀ ਨੇ ਵੀ ਅਪਲਾਈ ਕੀਤਾ ਹੈ, ਪ੍ਰੰਤੂ ਸੂਤਰ ਦੱਸਦੇ ਹਨ ਕਿ ਕਈ ਕਾਂਗਰਸੀ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ। ਉਸ ਤੋਂ ਬਾਅਦ ਸਥਿਤੀ ਸਪੱਸ਼ਟ ਹੋਵੇਗੀ। ਕਿਸੇ ਦਲਬਦਲੂ ਦੀ ਵੀ ਲਾਟਰੀ ਲੱਗ ਸਕਦੀ ਹੈ।

ਸ੍ਰੀ ਆਨੰਦਪੁਰ ਸਾਹਿਬ ਤੋਂ ਪਹਿਲਾਂ ਰੂਪਨਗਰ ਹਲਕਾ ਹੁੰਦਾ ਸੀ। ਇੱਥੋਂ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਰਹੇ ਬਲਦੇਵ ਸਿੰਘ ਮਾਨ, ਬਸੰਤ ਸਿੰਘ ਖ਼ਾਲਸਾ, ਬੂਟਾ ਸਿੰਘ, ਹਰਚੰਦ ਸਿੰਘ, ਬੀਬੀ ਬਿਮਲ ਕੌਰ ਖ਼ਾਲਸਾ, ਚਰਨਜੀਤ ਸਿੰਘ ਅਟਵਾਲ, ਸਤਵਿੰਦਰ ਕੌਰ ਧਾਲੀਵਾਲ, ਸ਼ਮਸ਼ੇਰ ਸਿੰਘ ਦੂਲੋਂ ਅਤੇ ਕਿਰਪਾਲ ਸਿੰਘ ਲਿਬੜਾ ਚੋਣ ਜਿੱਤ ਕੇ ਲੋਕਾਂ ਦੀ ਨੁਮਾਇੰਦਗੀ ਕਰ ਚੁੱਕੇ ਹਨ। ਐਮਰਜੈਂਸੀ ਤੋਂ ਬਾਅਦ 1977 ਵਿੱਚ ਰੂਪਨਗਰ ਤੋਂ ਬਸੰਤ ਸਿੰਘ ਖ਼ਾਲਸਾ ਨੇ ਕੇਂਦਰੀ ਗ੍ਰਹਿ ਮੰਤਰੀ ਰਹੇ ਬੂਟਾ ਸਿੰਘ ਨੂੰ ਹਰਾਇਆ ਸੀ। 1980 ਵਿੱਚ ਬੂਟਾ ਸਿੰਘ ਚੁਣੇ ਗਏ। 1985 ਵਿੱਚ ਚਰਨਜੀਤ ਸਿੰਘ ਅਟਵਾਲ, 1989 ਵਿੱਚ ਬਿਮਲ ਕੌਰ ਖ਼ਾਲਸਾ, 1992 ਵਿੱਚ ਹਰਚੰਦ ਸਿੰਘ ਅਤੇ 1996 ਵਿੱਚ ਮੁੜ ਬਸੰਤ ਸਿੰਘ ਖ਼ਾਲਸਾ ਚੋਣ ਜਿੱਤ ਕੇ ਲੋਕ ਸਭਾ ਵਿੱਚ ਪਹੁੰਚੇ ਸਨ।