
ਮਿਸ਼ਨ-2024: ਸਾਬਕਾ ਮੰਤਰੀ ਬਲਬੀਰ ਸਿੱਧੂ ਨੇ ਭਾਜਪਾ ਵਰਕਰਾਂ ਨਾਲ ਕੀਤੀ ਅਹਿਮ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਾਂਗਰਸ ਨੂੰ ਅਲਵਿਦਾ ਆਖਣ ਤੋਂ ਬਾਅਦ ਭਾਜਪਾ ਵਰਕਰਾਂ ਨਾਲ ਪਲੇਠੀ ਮੀਟਿੰਗ ਕੀਤੀ। ਸੈਕਟਰ-78 ਸਥਿਤ ਮੇਅਰ ਜੀਤੀ ਸਿੱਧੂ ਦੇ ਘਰ ਮੀਟਿੰਗ ਸੱਦ ਕੇ ਸਿੱਧੂ ਭਰਾਵਾਂ ਨੇ ਭਾਜਪਾ ਵਰਕਰਾਂ ਦੀ ਨਬਜ਼ ਪਛਾਣਨ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ ਸੂਬਾ ਤੇ ਜ਼ਿਲ੍ਹਾ ਪੱਧਰ ਅਤੇ ਮੰਡਲ ਪ੍ਰਧਾਨਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਅਤੇ ਮਿਸ਼ਨ-2024 ਬਾਰੇ ਚਰਚਾ ਕੀਤੀ।
ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਦੀ ਮੀਟਿੰਗ ਕਰਨ ਦਾ ਮੁੱਖ ਕਾਰਨ ਭਾਜਪਾ ਵਰਕਰਾਂ ਨਾਲ ਤਾਲਮੇਲ ਵਧਾਉਣਾ, ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਾ, ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਨੂੰ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਬਣਾਉਣਾ ਅਤੇ ਹੂੰਝਾਫੇਰ ਜਿੱਤ ਪ੍ਰਾਪਤ ਕਰਕੇ ਭਾਜਪਾ ਦੀ ਸਰਕਾਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਆਪਣੇ ਬਲਬੂਤੇ ’ਤੇ ਪੰਜਾਬ ਦੀਆਂ 13 ਸੀਟਾਂ ’ਤੇ ਚੋਣ ਲੜੇਗੀ ਜਦੋਂਕਿ ਪਹਿਲਾਂ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜੀਆਂ ਜਾਂਦੀਆਂ ਸਨ। ਸਿੱਧੂ ਭਰਾਵਾਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਪਰਿਵਾਰ ਦਾ ਭਾਜਪਾ ਵਰਕਰਾਂ ਨਾਲ ਚਟਾਨ ਵਾਂਗ ਖੜਾ ਹੈ ਅਤੇ ਉਨ੍ਹਾਂ ਨੇ ਭਾਜਪਾ ਵਰਕਰਾਂ ਨੂੰ ਪਾਰਟੀ ਦੀ ਮਜਬੂਤੀ ਅਤੇ ਚੋਣਾਂ ਲਈ ਹੁਣੇ ਤੋਂ ਕਮਰਕੱਸੇ ਕਰ ਲੈਣ ਲਈ ਵੀ ਪ੍ਰੇਰਿਆ। ਅਖੀਰ ਵਿੱਚ ਮੇਅਰ ਜੀਤੀ ਸਿੱਧੂ ਨੇ ਮੀਟਿੰਗ ਵਿੱਚ ਪਹੁੰਚੇ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਆਪਸ ਵਿੱਚ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਸਾਬਕਾ ਕੌਂਸਲਰ ਅਰੁਣ ਸ਼ਰਮਾ ਤੇ ਅਸ਼ੋਕ ਝਾਅ, ਜ਼ਿਲ੍ਹਾ ਮੀਤ ਪ੍ਰਧਾਨ ਉਮਾਕਾਂਤ ਤਿਵਾੜੀ, ਜਨਰਲ ਸਕੱਤਰ ਜੱਗੀ ਅੌਜਲਾ, ਰਮੇਸ਼ ਵਰਮਾ, ਮੰਡਲ ਪ੍ਰਧਾਨ ਜਸਮਿੰਦਰ ਪਾਲ ਸਿੰਘ, ਮੰਡਲ ਪ੍ਰਧਾਨ ਰਾਖੀ ਪਾਠਕ, ਪਵਨ ਮਨੋਚਾ, ਹਰਦੇਵ ਸਿੰਘ ਉੱਭਾ, ਮਨੋਜ ਕੁਮਾਰ, ਐਡਵੋਕੇਟ ਰੁਚੀ ਸੇਖੜੀ, ਅਨੀਤਾ ਜੋਸੀ, ਸੁਰਿੰਦਰ ਕੌਰ, ਸੁਨੀਤਾ ਠਾਕੁਰ, ਮੀਨੀ ਠਾਕੁਰ, ਰੰਜਨਾ ਮਿਸਰਾ, ਪ੍ਰਵੇਸ ਭਾਰਤੀ, ਕਿਸਾਨ ਮੋਰਚਾ ਦੇ ਆਗੂ ਦਵਿੰਦਰ ਸਿੰਘ, ਪਵਨ ਸਚਦੇਵਾ, ਗੁਲਸ਼ਨ ਸੂਦ, ਪ੍ਰੋ. ਰਮੇਸ਼ ਕੁਮਾਰ, ਕਿਰਨ ਪਾਲ, ਜੋਗਿੰਦਰ ਭਾਟੀਆ, ਸੁਨੀਲ ਕੁਮਾਰ, ਗਿਆਨ ਚੰਦ ਭਾਟੀਆ, ਸੁੰਦਰ ਲਾਲ ਅਗਰਵਾਲ, ਮਨੋਜ ਅਗਰਵਾਲ, ਸਰਪੰਚ ਦਿਨੇਸ ਬਲੌਂਗੀ, ਰਕੇਸ ਰਿੰਕੂ ਪ੍ਰਧਾਨ ਗੁਰੂ ਨਾਨਕ ਮਾਰਕੀਟ ਅਤੇ ਹੋਰ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।