ਮਿਸ਼ਨ-2022: ਕਿਸਾਨ ਆਗੂ ਬਲਬੀਰ ਰਾਜੇਵਾਲ ਨੇ ਮੁਹਾਲੀ ਵਿੱਚ ਖੋਲ੍ਹਿਆ ਮੁੱਖ ਚੋਣ ਦਫ਼ਤਰ

ਪੰਜਾਬ ਵਿੱਚ 117 ਸੀਟਾਂ ’ਤੇ ਲੜੀ ਜਾਵੇਗੀ ਚੋਣ, 14 ਜਨਵਰੀ ਤੱਕ ਅਰਜ਼ੀਆਂ ਮੰਗੀਆਂ

ਕਿਸਾਨੀ ਝੰਡੇ ਹੇਠ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਪਹਿਲੀ ਸੂਚੀ ਛੇਤੀ ਜਾਰੀ ਕੀਤੀ ਜਾਵੇਗੀ: ਰਾਜੇਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਅਤੇ ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਇੱਥੋਂ ਦੇ ਫੇਜ਼-7 ਦੀ ਮਾਰਕੀਟ ਵਿੱਚ ਮੁੱਖ ਚੋਣ ਦਫ਼ਤਰ ਖੋਲ੍ਹ ਕੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਵਿੱਚ 117 ਸੀਟਾਂ ’ਤੇ ਵਿਧਾਨ ਸਭਾ ਦੀ ਚੋਣ ਲੜੇਗੀ ਅਤੇ 14 ਜਨਵਰੀ ਤੱਕ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਕੋਲੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਉਂਜ ਕਾਫ਼ੀ ਅਰਜ਼ੀਆਂ ਪ੍ਰਾਪਤ ਵੀ ਹੋ ਚੁੱਕੀਆਂ ਹਨ। ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਚਿਹਰੇ ਹਨ। ਵੈਸੇ ਕਈ ਥਾਵਾਂ ’ਤੇ ਸੀਨੀਅਰ ਸਿਟੀਜਨਾਂ ਨੇ ਵੀ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨੀ ਝੰਡੇ ਹੇਠ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਪਹਿਲੀ ਸੂਚੀ ਛੇਤੀ ਜਾਰੀ ਕਰ ਦਿੱਤੀ ਜਾਵੇਗੀ।
ਰੂਟ ਮੈਪ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਆਉਂਦੇ ਇਸੇ ਹਫ਼ਤੇ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਜਾਵੇਗਾ। ਜਿਸ ਵਿੱਚ ਕਿਸਾਨਾਂ ਅਤੇ ਮੁਲਾਜ਼ਮ ਵਰਗ ਸਮੇਤ ਪੰਜਾਬ ਦੇ ਸਾਰੇ ਭਖਦੇ ਮੁੱਦੇ ਸ਼ਾਮਲ ਕੀਤੇ ਜਾਣਗੇ। ਕਿਸਾਨ ਆਗੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੂਬੇ ਦੇ ਲੋਕਾਂ ਨਾਲ ਸਿਰਫ਼ ਉਹੀ ਵਾਅਦੇ ਕੀਤੇ ਜਾਣਗੇ, ਜਿਨ੍ਹਾਂ ਨੂੰ ਪੂਰਾ ਕੀਤਾ ਜਾ ਸਕੇ। ਰਵਾਇਤੀ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਵੱਡੇ ਪੱਧਰ ’ਤੇ ਨਿਘਾਰ ਆ ਚੁੱਕਾ ਹੈ। ਪੰਜਾਬ ਦੀ ਤਰੱਕੀ ਅਤੇ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਚੋਣ ਮੈਦਾਨ ਵਿੱਚ ਉੱਤਰਨ ਦਾ ਫੈਸਲਾ ਲਿਆ ਹੈ। ਸਾਂਝੇ ਤੌਰ ’ਤੇ ਚੋਣਾਂ ਲੜਨ ਬਾਰੇ ਪੁੱਛੇ ਜਾਣ ’ਤੇ ਰਾਜੇਵਾਲ ਨੇ ਕਿਹਾ ਕਿ ਫਿਲਹਾਲ 32 ’ਚੋਂ 22 ਕਿਸਾਨ ਜਥੇਬੰਦੀਆਂ ਦੀ ਹਾਮੀ ਭਰੀ ਹੈ ਅਤੇ ਬਾਕੀ ਜਥੇਬੰਦੀਆਂ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਾਂਗ ਹਨ, ਉਨ੍ਹਾਂ ’ਚੋਂ ਵੀ ਕਾਫ਼ੀ ਸਹਿਮਤ ਹੋ ਜਾਣਗੇ।
ਦੂਜੀਆਂ ਪਾਰਟੀਆਂ ਦੇ ਨਾਰਾਜ਼ ਆਗੂਆਂ ਨੂੰ ਟਿਕਟਾਂ ਦੇਣ ਬਾਰੇ ਪੁੱਛੇ ਜਾਣ ’ਤੇ ਰਾਜੇਵਾਲ ਨੇ ਕਿਹਾ ਕਿ ਫਿਲਹਾਲ ਅਜਿਹਾ ਕੋਈ ਵਿਚਾਰ ਨਹੀਂ ਹੈ। ਪ੍ਰੰਤੂ ਕਿਸੇ ਖਾਸ ਹਲਕੇ ਵਿੱਚ ਜੇਕਰ ਅਜਿਹਾ ਕੁੱਝ ਸੰਭਵ ਹੋਇਆ ਤਾਂ ਇਸ ਬਾਰੇ ਜ਼ਰੂਰ ਸੋਚਿਆ ਜਾ ਸਕਦਾ ਹੈ। ਵਰਚੂਅਲ ਚੋਣ ਪ੍ਰਚਾਰ ਬਾਰੇ ਕਿਸਾਨ ਆਗੂ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਇੰਨਬਿੰਨ ਪਾਲਣਾ ਕੀਤੀ ਜਾਵੇਗੀ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਾਂ ਮੰਨਣੀਆਂ ਹੀ ਪੈਣਗੀਆਂ। ਚੋਣ ਨਿਸ਼ਾਨ ਬਾਰੇ ਪੁੱਛੇ ਜਾਣ ’ਤੇ ਕਿਸਾਨ ਆਗੂ ਨੇ ਕਿਹਾ ਕਿ ਇਹ ਕੋਈ ਵੱਡਾ ਮਸਲਾ ਨਹੀਂ ਹੈ, ਅਪਲਾਈ ਕਰਨ ਤੋਂ ਬਾਅਦ ਜਲਦੀ ਮਿਲ ਜਾਵੇਗਾ।
ਇਸ ਮੌਕੇ ਪ੍ਰੋ. ਮਨਜੀਤ ਸਿੰਘ, ਪਰਮਿੰਦਰ ਸਿੰਘ ਚਲਾਕੀ, ਕੁਲਵੰਤ ਸਿੰਘ ਤ੍ਰਿਪੜੀ, ਕਿਰਪਾਲ ਸਿੰਘ ਸਿਆਊ, ਦਵਿੰਦਰ ਸਿੰਘ ਬਾਜਵਾ, ਪਰਮਦੀਪ ਸਿੰਘ ਬੈਦਵਾਨ, ਕੁਲਵਿੰਦਰ ਸਿੰਘ ਕਰਾਲਾ, ਜਗਦੇਵ ਸਿੰਘ ਮਲੋਆ, ਰਵਿੰਦਰ ਸਿੰਘ ਵਜੀਦਪੁਰ, ਅਮਨ ਪੂਨੀਆ, ਦਵਿੰਦਰ ਸਿੰਘ ਬੌਬੀ, ਨੰਬਰਦਾਰ ਹਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।

(ਬਾਕਸ ਆਈਟਮ)

ਸੰਯੁਕਤ ਕਿਸਾਨ ਮੋਰਚਾ ਦੀ 15 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਬਾਰੇ ਪੁੱਛੇ ਜਾਣ ’ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਜ਼ਰੂਰ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। ਮੀਟਿੰਗ ਵਿੱਚ ਐਮਐਸਪੀ, ਕਿਸਾਨੀ ਕਰਜ਼ਿਆਂ ਸਮੇਤ ਕਿਸਾਨਾਂ ਦੀਆਂ ਹੋਰ ਬਾਕੀ ਜਾਇਜ਼ ਮੰਗਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਜਾਵੇਗੀ ਅਤੇ ਅਗਲੇ ਸੰਘਰਸ਼ੀ ਪ੍ਰੋਗਰਾਮ ਦੀ ਰੂਪਰੇਖਾ ਉਲੀਕੀ ਜਾਵੇਗੀ।

Load More Related Articles

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…