ਮਿਸ਼ਨ ਫਤਿਹ-2: ਪਿੰਡਾਂ ਵਿੱਚ ਸਫਲਤਾਪੂਰਵਕ ਨੇਪਰੇ ਚੜ੍ਹਿਆ ਸੈਂਪਲਿੰਗ ਤੇ ਸਰਵੇ ਦਾ ਕੰਮ: ਸਿਵਲ ਸਰਜਨ

ਮੁਹਾਲੀ ਜ਼ਿਲ੍ਹੇ ਦੇ 1,49,891 ਘਰਾਂ ਵਿੱਚ ਪਾਈ ਫੇਰੀ, 6,86,881 ਵਿਅਕਤੀਆਂ ਦਾ ਕੀਤਾ ਮੁਆਇਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਪਿੰਡਾਂ ਨੂੰ ਕੋਵਿਡ ਮੁਕਤ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ‘ਮਿਸ਼ਨ ਫਤਿਹ’ 2 ਮੁਹਿੰਮ ਤਹਿਤ ਮੁਹਾਲੀ ਜ਼ਿਲ੍ਹੇ ਵਿੱਚ 21 ਮਈ ਤੋਂ ਸ਼ੁਰੂ ਕੀਤਾ ਕੋਵਿਡ ਸੈਂਪਲਿੰਗ ਅਤੇ ਘਰ-ਘਰ ਸਰਵੇ ਦਾ ਕੰਮ ਸਫਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ। ਇਸ ਮੁਹਿੰਮ ਦੌਰਾਨ ਪੇਂਡੂ ਲੋਕਾਂ ਨੇ ਜਾਗਰੂਕ ਹੋ ਕੇ ਸਿਹਤ ਵਿਭਾਗ ਨੂੰ ਪੁਰਾ ਸਹਿਯੋਗ ਦਿੱਤਾ ਅਤੇ ਕੋਵਿਡ ਟੈਸਟਿੰਗ ਅਤੇ ਵੈਕਸੀਨੇਸ਼ਨ ਲਈ ਆਪ ਮੁਹਾਰੇ ਅੱਗੇ ਆਏ ਹਨ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਨੇ ਦੱਸਿਆ ਕਿ ਇਹ ਸਰਵੇ ਜ਼ਿਲ੍ਹੇ ਦੇ ਤਿੰਨੇ ਸਿਹਤ ਬਲਾਕਾਂ ਘੜੂੰਆਂ, ਡੇਰਾਬੱਸੀ ਅਤੇ ਬੂਥਗੜ੍ਹ ਦੇ ਪਿੰਡਾਂ ਵਿੱਚ ਚੱਲ ਰਿਹਾ ਸੀ। ਜਿੱਥੇ ਵੱਖ-ਵੱਖ ਪਿੰਡਾਂ ਵਿੱਚ ਰੋਜ਼ਾਨਾ ਕੋਵਿਡ ਸੈਂਪਲਿੰਗ ਕੈਂਪ ਲਾਏ ਗਏ, ਉੱਥੇ ਆਸ਼ਾ ਵਰਕਰਾਂ ਨੇ ਹਰ ਪਿੰਡ ਦੇ ਘਰ-ਘਰ ਜਾ ਕੇ ਪਤਾ ਲਾਇਆ ਕਿ ਘਰ ਦਾ ਕੋਈ ਜੀਅ ਖੰਘ, ਜ਼ੁਕਾਮ, ਬੁਖ਼ਾਰ ਤੋਂ ਪੀੜਤ ਤਾਂ ਨਹੀਂ ਅਤੇ ਜੇ ਅਜਿਹੇ ਲੱਛਣ ਮਿਲਦੇ ਸਨ ਤਾਂ ਉਨ੍ਹਾਂ ਦਾ ਟੈਸਟ ਕੀਤਾ ਗਿਆ।
ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਸਮੇਤ ਸਿਹਤ ਟੀਮਾਂ ਨੇ ਜ਼ਿਲ੍ਹੇ ਦੇ ਕੁਲ 1,49,891 ਘਰਾਂ ਵਿੱਚ ਫੇਰੀ ਪਾਈ ਹੈ ਅਤੇ 6,86,881 ਵਿਅਕਤੀਆਂ ਦਾ ਮੁਆਇਨਾ ਕੀਤਾ ਹੈ। ਇਸ ਤੋਂ ਇਲਾਵਾ ਕੁੱਲ 7180 ਰੈਪਿਡ ਐਂਟੀਜ਼ਨ ਟੈਸਟ ਕੀਤੇ ਗਏ ਜਿਨ੍ਹਾਂ ’ਚੋਂ 328 ਵਿਅਕਤੀ ਪਾਜ਼ੇਟਿਵ ਨਿਕਲੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚਲੇ ਪਿੰਡਾਂ ਦੇ 1,24,954 ਘਰਾਂ ਵਿੱਚ ਫੇਰੀ ਪਾਉਣ ਅਤੇ 6,25,540 ਆਬਾਦੀ ਨੂੰ ਕਵਰ ਕਰਨ ਦਾ ਟੀਚਾ ਸੀ। ਕੋਵਿਡ ਮਹਾਮਾਰੀ ਕਾਰਨ ਇਹਤਿਆਤ ਵਜੋਂ ਸ਼ਹਿਰਾਂ ਦੀ ਹਦੂਦ ਵਿੱਚ ਆਏ ਹੋਏ ਪਿੰਡਾਂ ਨੂੰ ਵੀ ਕਵਰ ਕੀਤਾ ਗਿਆ ਹੈ।
ਸਿਵਲ ਸਰਜਨ ਨੇ ਇਸ ਵੱਡਮੁੱਲੇ ਕਾਰਜ ਲਈ ਸੀਨੀਅਰ ਮੈਡੀਕਲ ਅਫ਼ਸਰਾਂ, ਡਾਕਟਰਾਂ, ਸੀਐਚਓਜ਼, ਸਿਹਤ ਵਰਕਰਾਂ ਅਤੇ ਖ਼ਾਸ ਤੌਰ ’ਤੇ ਆਸ਼ਾ ਵਰਕਰਾਂ ਦੀ ਸ਼ਲਾਘਾ ਕੀਤੀ। ਜਿਨ੍ਹਾਂ ਪੂਰੀ ਮਿਹਨਤ ਅਤੇ ਲਗਨ ਨਾਲ ਮਿਲ-ਜੁੱਲ ਕੇ ਇਸ ਸਰਵੇ ਨੂੰ ਨੇਪਰੇ ਚਾੜ੍ਹਿਆ ਹੈ। ਉਨ੍ਹਾਂ ਪਿੰਡਾਂ ਦੇ ਲੋਕਾਂ ਖ਼ਾਸਕਰ ਸਰਪੰਚਾਂ ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਰਵੇ ਪੂਰੀ ਤਰ੍ਹਾਂ ਸਫਲ ਰਿਹਾ ਹੈ ਅਤੇ ਪਿੰਡਾਂ ਨੂੰ ਪੂਰੀ ਤਰ੍ਹਾਂ ਕੋਵਿਡ ਮੁਕਤ ਬਣਾਉਣ ਵਿੱਚ ਛੇਤੀ ਹੀ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾਂ ਦੁਹਰਾਇਆ ਕਿ ਭਾਵੇਂ ਸ਼ਹਿਰਾਂ ਅਤੇ ਪਿੰਡਾਂ ਵਿਚ ਕੋਵਿਡ ਦੇ ਮਾਮਲੇ ਕਾਫ਼ੀ ਘੱਟ ਗਏ ਹਨ ਪਰ ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਹਿਲਾਂ ਵਾਂਗ ਹੀ ਪਾਲਣਾ ਕਰਨ ਦੀ ਬੇਹੱਦ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਮਾਮਲੇ ਘਟਣ ਦਾ ਮਤਲਬ ਇਹ ਨਾ ਸਮਝਿਆ ਜਾਵੇ ਕਿ ਇਹ ਬੀਮਾਰੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਇਹ ਯਕੀਨੀ ਕਰਨ ਲਈ ਕਿ ਇਹ ਬੀਮਾਰੀ ਮੁੜ ਭਿਆਨਕ ਰੂਪ ਵਿੱਚ ਸਾਹਮਣੇ ਨਾ ਆਵੇ, ਸਾਨੂੰ ਸਾਰਿਆਂ ਨੂੰ ਮਾਸਕ ਪਾਉਣ, ਇਕ ਦੂਜੇ ਤੋਂ ਦੋ ਗਜ਼ ਦੀ ਦੂਰੀ ਰੱਖਣ ਅਤੇ ਵਾਰ-ਵਾਰ ਹੱਥ ਧੋਣ ਜਿਹੀਆਂ ਬੁਨਿਆਦੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਮਾੜੀ ਮੋਟੀ ਤਕਲੀਫ਼ ਹੋਣ ‘ਤੇ ਹਸਪਤਾਲ ਜਾਣ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …