Nabaz-e-punjab.com

ਮਿਸ਼ਨ ਫਤਿਹ: ਕਰੋਨਾ ਸਬੰਧੀ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ’ਤੇ ਕਾਰਵਾਈ ਹੋਵੇਗੀ: ਡੀਸੀ

ਆਮ ਲੋਕਾਂ ਨੂੰ ਕਰੋਨਾ ਮਹਾਮਾਰੀ ਦਾ ਟੈੱਸਟ ਕਰਵਾਉਣ ਲਈ ਅੱਗੇ ਆਉਣ ਦੀ ਅਪੀਲ

ਸਰਕਾਰੀ ਹਸਪਤਾਲਾਂ ਵਿੱਚ ਕਰੋਨਾ ਪੀੜਤ ਮਰੀਜ਼ਾਂ ਦਾ ਕੀਤਾ ਜਾਂਦਾ ਹੈ ਮੁਫ਼ਤ ਇਲਾਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਸਤੰਬਰ:
ਕਰੋਨਾ ਵਾਇਰਸ ਇੱਕ ਖ਼ਤਰਨਾਕ ਮਹਾਮਾਰੀ ਹੈ, ਇਸ ਲਈ ਜੇਕਰ ਕਿਸੇ ਵਿਅਕਤੀ ਵਿੱਚ ਕਰੋਨਾ ਸਬੰਧੀ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਤੁਰੰਤ ਆਪਣੀ ਜਾਂਚ ਲਈ ਖ਼ੁਦ ਸਰਕਾਰੀ ਹਸਪਤਾਲ ਵਿੱਚ ਜਾਣਾ ਚਾਹੀਦਾ ਹੈ ਤਾਂ ਜੋ ਉਸ ਦਾ ਮਾਹਰ ਡਾਕਟਰਾਂ ਵੱਲੋਂ ਸਹੀ ਇਲਾਜ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਕਰੋਨਾ ਸਬੰਧੀ ਗੁਮਰਾਹਕੁਨ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਕਰੋਨਾ ਬਾਰੇ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਡੀਸੀ ਨੇ ਦੱਸਿਆ ਕਿ ਸਾਨੂੰ ਖ਼ੁਦ ਨੂੰ ਵੀ ਜ਼ਿੰਮੇਵਾਰ ਨਾਗਰਿਕ ਬਣਨਾ ਚਾਹੀਦਾ ਹੈ ਅਤੇ ਕੋਵਿਡ-19 ਦੇ ਲੱਛਣਾਂ ਵਾਲੇ ਵਿਅਕਤੀਆਂ ਬਾਰੇ ਸਿਹਤ ਵਿਭਾਗ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਸਿਹਤ ਵਿਭਾਗ ਦੀਆਂ ਟੀਮਾਂ ਪੀੜਤ ਵਿਅਕਤੀ ਦੀ ਮਰਜ਼ੀ ਅਨੁਸਾਰ ਉਸ ਨੂੰ ਹਸਪਤਾਲ ਵਿੱਚ ਜਾਂ ਉਸ ਦੇ ਘਰ ਵਿੱਚ ਹੀ ਇਕਾਂਤਵਾਸ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਇਹ ਫੈਸਲਾ ਕੀਤਾ ਹੈ ਕਿ ਜੇਕਰ ਕਿਸੇ ਵਿਅਕਤੀ ਦਾ ਟੈਸਟ ਪਾਜ਼ੇਟਿਵ ਆਉਂਦਾ ਹੈ ਅਤੇ ਉਸ ਵਿੱਚ ਕਰੋਨਾ ਦੇ ਲੱਛਣ ਨਾਂਹ ਦੇ ਬਰਾਬਰ ਹਨ, ਵੀ ਆਪਣੇ ਘਰ ਵਿੱਚ ਹੀ ਇਕਾਂਤਵਾਸ ਹੋ ਸਕਦਾ ਹੈ ਪ੍ਰੰਤੂ ਉਸ ਵਿਅਕਤੀ ਲਈ ਡਾਕਟਰਾਂ ਵੱਲੋਂ ਦੱਸੀਆਂ ਗਈਆਂ ਸਾਵਧਾਨੀਆਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਵਧਾਨੀਆਂ ਵਰਤ ਕੇ ਹੀ ਅਸੀਂ ਇਸ ਖ਼ਤਰਨਾਕ ਬਿਮਾਰੀ ਦਾ ਖ਼ਾਤਮਾ ਕਰ ਸਕਦੇ ਹਾਂ।
ਸ੍ਰੀ ਦਿਆਲਨ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸ਼ਰਾਰਤੀ ਅਨਸਰ ਕਹਿ ਰਹੇ ਹਨ ਕਿ ਪਿੰਡ ਦੇ ਲੋਕਾਂ ਨੂੰ ਹਸਪਤਾਲ ਨਹੀਂ ਭੇਜਣਾ ਜਿਸ ਦਾ ਅਸਰ ਪਿੰਡ ਦੇ ਸਮੂਹ ਨਾਗਰਿਕਾਂ ’ਤੇ ਪੈਂਦਾ ਹੈ ਕਿਉਂਕਿ ਜੇਕਰ ਪੂਰੇ ਪਿੰਡ ’ਚੋਂ ਕਿਸੇ ਇੱਕ ਵਿਅਕਤੀ ਵਿੱਚ ਵੀ ਕਰੋਨਾ ਪਾਜ਼ੇਟਿਵ ਹੋਵੇ ਤਾਂ ਉਹ ਸਮੁੱਚੇ ਪਿੰਡ ਵਾਸੀਆਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਘਰ ਵਿੱਚ ਇਕਾਂਤਵਾਸ ਕਰਨਾ ਚਾਹੁੰਦਾ ਹੋਵੇ ਤਾਂ ਉਸ ਨੂੰ ਡਾਕਟਰਾਂ ਦੇ ਦੱਸੇ ਅਨੁਸਾਰ ਘਰ ਵਿੱਚ ਇਕਾਂਤਵਾਸ ਹੋ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹੇ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ‘ਤੇ ਯਕੀਨ ਨਾ ਕਰਨ ਸਗੋਂ ਜਿਲ੍ਹਾ ਪ੍ਰਸ਼ਾਸਨ/ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ, ਟਵੀਟਰ ਤੇ ਇੰਸਟਾਗ੍ਰਾਮ ਪੇਜਾਂ ਨੂੰ ਦੇਖਣ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਸੂਚਨਾ ਪੂਰੀ ਤਰ੍ਹਾਂ ਠੀਕ ਤੇ ਤੱਥਾਂ ’ਤੇ ਆਧਾਰਿਤ ਹੁੰਦੀ ਹੈ।
ਡੀਸੀ ਨੇ ਕਿਹਾ ਕਿ ਲੋਕਾਂ ਵੱਲੋਂ ਕਰੋਨਾ ਵਾਇਰਸ ਵਿਰੁੱਧ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਸਮਾਜ ਪ੍ਰਤੀ ਘਾਤਕ ਸਿੱਧ ਹੋ ਸਕਦੀਆਂ ਹਨ ਇਸ ਲਈ ਨਾਗਰਿਕ ਇਨ੍ਹਾਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਸਗੋਂ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕਰੋਨਾ ਦਾ ਇਲਾਜ ਮੁਫ਼ਤ ਹੁੰਦਾ ਹੈ ਅਤੇ ਜੇਕਰ ਸਰਕਾਰੀ ਹਸਪਤਾਲ ਵੱਲੋਂ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲ ਲਈ ਰੈਫਰ ਕੀਤਾ ਜਾਂਦਾ ਹੈ ਤਾਂ ਉਸ ਦਾ ਖਰਚਾ ਵੀ ਸਰਕਾਰ ਵੱਲੋਂ ਹੀ ਕੀਤਾ ਜਾਂਦਾ ਹੈ ਜਦੋਂਕਿ ਸਿੱਧੇ ਤੌਰ ’ਤੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਹੋਣ ਵਾਲੇ ਕਰੋਨਾ ਮਰੀਜ਼ਾਂ ਨੂੰ ਵੀ ਸਰਕਾਰ ਵੱਲੋਂ ਤੈਅ ਕੀਤੇ ਭਾਅ ਹੀ ਦੇਣੇ ਪੈਣਗੇ। ਉਨ੍ਹਾਂ ਲੋਕਾਂ ਅਪੀਲ ਕੀਤੀ ਕਿ ਉਹ ਕਰੋਨਾ ਟੈੱਸਟ ਦੇਣ ਤੋਂ ਨਾ ਘਬਰਾਉਣ ਸਗੋਂ ਅੱਗੇ ਆ ਕੇ ਆਪਣਾ ਟੈੱਸਟ ਕਰਵਾਉਣ ਕਿਉਂਕਿ ਅਜਿਹਾ ਕਰਨਾ ਸਮਾਜ ਦੇ ਹਿੱਤ ਵਿੱਚ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…