
ਮਿਸ਼ਨ ਫਤਿਹ: ਕਰੋਨਾ ਮਹਾਮਾਰੀ ਬਾਰੇ ਪਿੰਡਾਂ ਦੀਆਂ ਸੱਥਾਂ ਵਿੱਚ ਜਾਗਰੂਕਤਾ ਦਾ ਹੋਕਾ
ਖ਼ੁਸ਼ਹਾਲੀ ਦੇ ਰਾਖਿਆਂ ਨੇ ਪੇਂਡੂ ਖੇਤਰ ਵਿੱਚ ਆਮ ਲੋਕਾਂ ਅਤੇ ਪੰਚਾਂ-ਸਰਪੰਚਾਂ ਨੂੰ ਮਿਸ਼ਨ ਫਤਿਹ ਨਾਲ ਜੋੜਿਆ
ਵਧੀਆ ਪ੍ਰਚਾਰ ਗਤੀਵਿਧੀਆਂ ਲਈ ਮਿਹਰ ਸਿੰਘ ਨੇ ਜਿੱਤਿਆ ਕਾਂਸੀ ਸਰਟੀਫਿਕੇਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ:
ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਖ਼ਿਲਾਫ਼ ਵਿੱਢੀ ਜੰਗ ਮਿਸ਼ਨ ਫਤਿਹ ਤਹਿਤ ਖ਼ੁਸ਼ਹਾਲੀ ਦੇ ਰਾਖੇ ਪਿੰਡ-ਪਿੰਡ ਜਾ ਕੇ ਕੋਵਿਡ-19 ਪ੍ਰਤੀ ਜ਼ਰੂਰੀ ਸਾਵਧਾਨੀਆਂ ਰੱਖਣ ਦਾ ਪ੍ਰਚਾਰ ਕਰ ਰਹੇ ਹਨ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਜਾਗਰੂਕਤਾ ਦਾ ਹੋਕਾ ਦੇਣ ਲਈ ਮੋਹਰੀ ਭੂਮਿਕਾ ਨਿਭਾ ਰਹੇ ਹਨ। ਜ਼ਿਲ੍ਹਾ ਐਸ.ਏ.ਐਸ ਨਗਰ ਦੇ ਜੀਓਜੀਜ਼ ਦੇ ਮੁਖੀ ਬ੍ਰਿਗੇਡੀਅਰ (ਸੇਵਾਮੁਕਤ) ਮਨੋਹਰ ਸਿੰਘ ਨੇ ਦੱਸਿਆ ਕਿ ਖੁਸ਼ਹਾਲੀ ਦੇ ਰਾਖੇ ਮਿਸ਼ਨ ਫਤਿਹ ਦੇ ਬੈਜ ਲਗਾ ਕੇ ਲੋਕਾਂ ਨੂੰ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਤੋਂ ਬਚਣ ਲਈ ਦਿੱਤੇ ਸੁਨੇਹੇ ਦੇ ਪੈਂਫਲਟ ਵੰਡੇ ਜਾ ਰਹੇ ਹਨ, ਉੱਥੇ ਉਹ ਲੋਕਾਂ ਨੂੰ ਮਿਸ਼ਨ ਫਤਿਹ ਨਾਲ ਜੁੜਨ ਲਈ ਪ੍ਰੇਰਦੇ ਹੋਏ ਮੋਬਾਈਲ ਵਿੱਚ ਕੋਵਾ ਐਪ ਵੀ ਡਾਊਨਲੋਡ ਕਰਵਾ ਰਹੇ ਹਨ।
ਬ੍ਰਿਗੇਡੀਅਰ ਮਨੋਹਰ ਸਿੰਘ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਕੋਵਿਡ-19 ਮਹਾਮਾਰੀ ਨੂੰ ਹਰਾਉਣ ਲਈ ਖ਼ੁਸ਼ਹਾਲੀ ਦੇ ਰਾਖਿਆਂ ਵੱਲੋਂ ਮੋਹਤਬਰ ਵਿਅਕਤੀਆਂ ਦੇ ਨਾਲ ਨਾਲ ਗਰਾਮ ਪੰਚਾਇਤ ਦੇ ਮੈਂਬਰਾਂ ਅਤੇ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਸੁਪਰਵਾਈਜ਼ਰਾਂ ਨੂੰ ਨਾਲ ਲੈ ਕੇ ਪਿੰਡ ਵਿੱਚ ਜਾਗਰੂਕਤਾ ਦਾ ਹੋਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪਿੰਡਾਂ ਵਿੱਚ ਲੋਕਾਂ ਨੂੰ ਮਾਸਕ ਪਾਉਣ, ਇਕ ਦੂਜੇ ਤੋਂ ਆਪਸੀ ਦੂਰੀ ਬਣਾ ਰੱਖਣ, ਵਾਰ ਵਾਰ ਹੱਥ ਧੋਣ, ਇਕੱਠਾਂ ਵਿੱਚ ਨਾ ਜਾਣ ਅਤੇ ਕਰੋਨਾਵਾਇਰਸ ਤੋਂ ਬਚਣ ਲਈ ਹੋਰ ਇਹਤਿਆਤ ਵਰਤਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਖਰੜ ਤਹਿਸੀਲ ਨਾਲ ਸਬੰਧਤ ਜੀਓਜੀ ਮੇਹਰ ਸਿੰਘ ਨੇ ਵਧੀਆ ਪ੍ਰਚਾਰ ਗਤੀਵਿਧੀਆਂ ਲਈ ਮੁੱਖ ਮੰਤਰੀ ਪੰਜਾਬ ਦੇ ਦਸਖ਼ਤਾਂ ਵਾਲਾ ਕਾਂਸੀ ਸਰਟੀਫਿਕੇਟ ਜਿੱਤਿਆ ਹੈ।