
ਮਿਸ਼ਨ ਫਤਿਹ: ਜ਼ਿਲ੍ਹਾ ਪ੍ਰਸ਼ਾਸਨ ਘਰੇਲੂ ਕੁਆਰੰਟੀਨ ਲਾਗੂ ਕਰਨ ਸਬੰਧੀ ਸਖ਼ਤੀ ਵਰਤੇਗਾ: ਡੀਸੀ
ਘਰੇਲੂ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ
ਘਰੇਲੂ ਕੁਆਰੰਟੀਨ ਅਧੀਨ ਵਿਅਕਤੀਆਂ ਨੂੰ ਮਿਲਣ ਆਉਣ ਵਾਲੇ ਵਿਅਕਤੀਆਂ ਵਿਰੁੱਧ ਵੀ ਕੀਤੀ ਜਾਵੇਗੀ ਕਾਰਵਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਕਰੋਨਾਵਾਇਰਸ ਦਾ ਖਤਰਾ ਅਜੇ ਟਲਿਆ ਨਹੀਂ ਸਗੋਂ ਸਮਾਂ ਬੀਤਣ ਦੇ ਨਾਲ ਨਾਲ ਇਹ ਹੋਰ ਵੀ ਵੱਧ ਗਿਆ ਹੈ ਅਤੇ ਲੋਕਾਂ ਦੇ ਅੰਦਰ ਇਹ ਅਵੇਸਲਾਪਣ ਆਉਣਾ ਸ਼ੁਰੂ ਹੋ ਗਿਆ ਹੈ ਕਿ ਇਹ ਵਾਇਰਸ ਜਿੰਨਾ ਸੋਚਿਆ ਜਾਂਦਾ ਹੈ ਉਨਾ ਖਤਰਨਾਕ ਨਹੀਂ ਹੈ। ਇਸੇ ਨੇ ਮੁੱਖ ਰੱਖਦੇ ਹੋਏ ਜਿਲਾ ਪ੍ਰਸ਼ਾਸ਼ਨ ਨੇ ਘਰੇਲੂ ਕੁਆਰੰਟੀਨ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਨਾਵਲ ਕਰੋਨਾ ਵਾਇਰਸ ਨੂੰ ਨੱਥ ਪਾਈ ਜਾ ਸਕੇ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਵਿੱਚ ਕੀਤਾ ਗਿਆ।
ਡੀਸੀ ਨੇ ਸਪੱਸ਼ਟ ਤੌਰ ‘ਤੇ ਇਹ ਵੀ ਕਿਹਾ ਕਿ ਉਸ ਵਿਅਕਤੀ ਖ਼ਿਲਾਫ਼ ਅਪਰਾਧਿਕ ਕਾਰਵਾਈ ਆਰੰਭੀ ਜਾਵੇਗੀ ਜੋ ਘਰੇਲੂ ਕੁਆਰੰਟੀਨ ਦੀ ਉਲੰਘਣਾ ਕਰਨਗੇ। ਇੱਥੋਂ ਤੱਕ ਕਿ ਘਰੇਲੂ ਕੁਆਰੰਟੀਨ ਅਧੀਨ ਵਿਅਕਤੀਆਂ ਨੂੰ ਮਿਲਣ ਆਉਣ ਵਾਲੇ ਲੋਕਾਂ ਨੂੰ ਵੀ ਅਪਰਾਧਿਕ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ। ਉਨ੍ਹਾਂ ਰੈਪਿਡ ਰਿਸਪਾਂਸ ਟੀਮਾਂ (ਆਰਆਰਟੀਜ਼) ਅਤੇ ਫੀਲਡ ਨਿਗਰਾਨੀ ਟੀਮਾਂ ਨੂੰ ਸਿੰਕ੍ਰੋਨਾਈਜ਼ ਕਰਨ ਦਾ ਵੀ ਆਦੇਸ਼ ਦਿੱਤਾ ਤਾਂ ਜੋ ਸੰਪਰਕ ਟਰੇਸਿੰਗ, ਡਾਕਟਰੀ ਸਹਾਇਤਾ, ਮਰੀਜ਼ਾਂ ਦੀ ਸ਼ਿਫਟਿੰਗ ਅਤੇ ਉਨ੍ਹਾਂ ਦੀ ਦੇਖਭਾਲ, ਘਰੇਲੂ ਕੁਆਰੰਟੀਨ ਅਤੇ ਇਸ ਦੇ ਸਖਤ ਲਾਗੂਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਘਰੇਲੂ ਕੁਆਰੰਟੀਨ ਨਿਯਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ, ਡੀਸੀ ਨੇ ਜ਼ਿਲ੍ਹੇ ਵਿੱਚ ਹਵਾਈ ਉਡਾਣ, ਰੇਲਗੱਡੀ ਅਤੇ ਰੋਡ ਰਾਹੀਂ ਆਉਂਦੇ ਯਾਤਰੀਆਂ ਦੇ ਅੰਕੜਿਆਂ ਦੇ ਅਸਲ ਸਮੇਂ ਦੇ ਪ੍ਰਸਾਰ ‘ਤੇ ਜ਼ੋਰ ਦਿੱਤਾ, ਜਿਨ੍ਹਾਂ ਦੀ ਡਾਕਟਰੀ ਤੌਰ ’ਤੇ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ।
ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ, ਮਾਸਕ ਪਹਿਨਣ, ਜਨਤਕ ਥਾਵਾਂ ’ਤੇ ਨਾ ਥੁੱਕਣ ਸਬੰਧੀ ਡੀਸੀ ਨੇ ਮੰਡੀਆਂ, ਬਾਜ਼ਾਰਾਂ, ਮਾਲਾਂ ਵਰਗੀਆਂ ਭਾਰੀ ਇਕੱਠ ਵਾਲੀਆਂ ਥਾਵਾਂ ਦੀ ਸਖਤ ਨਿਗਰਾਨੀ ਰੱਖਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਅਜਿਹੀਆਂ ਥਾਵਾਂ ਉੱਤੇ ਸਿਹਤ ਪ੍ਰੋਟੋਕੋਲ ਦੀ ਸਹੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਇਨ੍ਹਾਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਅਤੇ ਚਲਾਣ ਕੱਟਣ ਲਈ ਪਹਿਲਾਂ ਹੀ ਨਿਯੁਕਤ ਕੀਤੇ ਅਫ਼ਸਰਾਂ/ਅਧਿਕਾਰੀਆਂ ਦੇ ਨਾਲ ਐਮਸੀ, ਮੁਹਾਲੀ ਅਤੇ ਈਓਜ਼ ਪੱਧਰ ’ਤੇ ਟੀਮਾਂ ਦਾ ਗਠਨ ਕੀਤਾ ਹੈ।
ਬਾਹਰ ਤੋਂ ਜ਼ਿਲ੍ਹੇ ਵਿਚ ਆਉਣ ਵਾਲੇ ਯਾਤਰੀਆਂ ਦੇ ਮੁੱਦੇ ਸਬੰਧੀ ਡੀਸੀ ਨੇ ਆਦੇਸ਼ ਦਿੱਤਾ ਕਿ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਜ਼ਿਲ੍ਹੇ ਵਿਚ ਯਾਤਰੀਆਂ ਦੇ ਦਾਖ਼ਲ ਹੋਣ ਵਾਲੀਆਂ ਥਾਵਾਂ ਉੱਤੇ 5 ਨਾਕੇ ਲਗਾਏ ਜਾਣ। ਉਨ੍ਹਾਂ ਪੁਲੀਸ, ਐਸਡੀਐਮਜ਼ ਅਤੇ ਨੋਡਲ ਅਫ਼ਸਰਾਂ ਨੂੰ ਸਖ਼ਤੀ ਨਾਲ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਵੀ ਦਿੱਤੇ ਕਿ ਹਰੇਕ ਵਿਅਕਤੀ ਜ਼ਿਲ੍ਹੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਫੋਨ ਵਿਚ ਕੋਵਾ ਐਪ ਡਾਊਨਲੋਡ ਕਰੇਗਾ ਅਤੇ ਜੇ ਕੋਵਾ ਐਪ ਆਪਣੇ ਫੋਨ ਵਿੱਚ ਡਾਊਨਲੋਡ ਨਹੀਂ ਕੀਤੀ ਤਾਂ ਈ-ਪਾਸ ਬਣਾਉਣਾ ਲਾਜ਼ਮੀ ਹੋਵੇਗਾ ਅਤੇ ਇਸ ਤੱਥ ਦੇ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਨਿਰਦੇਸ਼ ਦਿਤੇ ਕਿ ਕਿ ਜ਼ਿਲ੍ਹੇ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਟੋਲ ਪਲਾਜ਼ਾ ਦੀ ਸਬੰਧਤ ਸੀਮਾ ‘ਤੇ ਪਹੁੰਚਣ ਤੋਂ ਪਹਿਲਾਂ ਆਪਣੇ ਫ਼ੋਨ ਵਿੱਚ ਕੋਵਾ ਐਪ ਡਾਊਨਲੋਡ ਕਰਨੀ ਲਾਜਮੀ ਹੈ।
ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ‘ਮਿਸ਼ਨ ਫਤਿਹ‘ ਦੇ ਮੱਦੇਨਜ਼ਰ ਕੋਵਾ ਐਪ ਡਾਊਨਲੋਡ ਕਰਕੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਏਡੀਸੀ ਆਸ਼ਿਕਾ ਜੈਨ, ਐਸਪੀ (ਐਚ) ਗੁਰਸੇਵਕ ਸਿੰਘ ਬਰਾੜ, ਸਾਰੇ ਐਸਡੀਐਮਜ਼, ਏਸੀ (ਜਨਰਲ) ਯਸ਼ਪਾਲ ਸ਼ਰਮਾ, ਏਸੀ (ਜੀ) ਹਰਕੀਰਤ ਕੌਰ ਚੰਨੀ, ਅਤੇ ਸਿਵਲ ਸਰਜਨ ਡਾ ਮਨਜੀਤ ਸਿੰਘ ਸ਼ਾਮਲ ਸਨ।