
ਮਿਸ਼ਨ ਫਤਿਹ: ਮੁਲਾਜ਼ਮ ਜਥੇਬੰਦੀ ਤੇ ਟਰੱਸਟ ਮੈਂਬਰਾਂ ਨੇ ਕਰੋਨਾ ਖ਼ਿਲਾਫ਼ ਸਾਈਕਲ ਜਾਗਰੂਕਤਾ ਰੈਲੀ ਕੱਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ:
ਪੰਜਾਬ ਸਿਵਲ ਸਕੱਤਰੇਤ ਇੰਪਲਾਈਜ ਕਲੱਬ ਅਤੇ ਸਮਾਜ ਸੇਵੀ ਜਥੇਬੰਦੀ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਮੁਹਾਲੀ ਵੱਲੋਂ ਦੇਸ਼ ਵਿੱਚ ਫੈਲੀ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਮਿਸ਼ਨ ਫਤਿਹ ਤਹਿਤ ਸਾਂਝੇ ਤੌਰ ’ਤੇ ਸਾਈਕਲ ਜਾਗਰੂਕਤਾ ਰੈਲੀ ਕੱਢੀ ਗਈ। ਜੋ ਫੇਜ਼-11 ਤੋਂ ਸ਼ੁਰੂ ਹੋ ਕੇ ਸੈਕਟਰ-68 ਅਤੇ ਫੇਜ਼-7 ਰਾਹੀਂ ਗੁਰਦੁਆਰਾ ਸਾਹਿਬ ਸੈਕਟਰ-22ਡੀ ਪੁੱਜੀ। ਜਿੱਥੋਂ ਕੁੱਝ ਹੋਰ ਸਮਾਜ ਸੇਵੀ ਸਾਈਕਲ ਰੈਲੀ ਸ਼ਾਮਲ ਹੋਏ। ਇਸ ਮਗਰੋਂ ਇਹ ਰੈਲੀ ਸੈਕਟਰ-21, ਸੈਕਟਰ-17 ਬੱਸ ਅੱਡਾ ਤੋਂ ਸੈਕਟਰ-7 ਤੋਂ ਹੋ ਕੇ ਸੁਖਨਾ ਝੀਲ ’ਤੇ ਪਹੁੰਚੀ। ਜਿੱਥੇ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਗੁਰਿੰਦਰ ਸਿੰਘ ਸੋਢੀ ਨੇ ਸਾਈਕਲ ਲੈ ਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਪਰੰਤ ਵਾਪਸ ਮੁਹਾਲੀ ਪਹੁੰਚ ਕੇ ਸਮਾਪਤ ਹੋਈ।
ਇਸ ਮੌਕੇ ਉੱਘੇ ਸਮਾਜ ਸੇਵੀ ਪਰਮਦੀਪ ਸਿੰਘ ਭਬਾਤ (ਸਟੇਟ ਐਵਾਰਡੀ, ਰੰਧਾਵਾ ਯਾਦਗਾਰੀ ਟਰੱਸਟ ਦੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ, ਜਨਰਲ ਸਕੱਤਰ ਭੁਪਿੰਦਰ ਸਿੰਘ ਝੱਜ, ਸਰਪ੍ਰਸਤ ਭਗਵੰਤ ਸਿੰਘ ਬੇਦੀ, ਦਵਿੰਦਰ ਜੁਗਨੀ, ਬਲਜੀਤ ਫਿੱਡਿਆਵਾਲਾ, ਨਰੇਸ਼ ਸ਼ਰਮਾ, ਹਰਪ੍ਰੀਤ ਹਨੀ, ਪਿਊਸ ਚਿੱਤਰਾ, ਉੱਘੇ ਗੀਤਕਾਰ ਲਖਵਿੰਦਰ ਲੱਕੀ ਨੇ ਕਰੋਨਾ ਨਾਲ ਸਬੰਧਤ ਗੀਤਾ, ਟੱਪਿਆਂ, ਅਤੇ ਵੱਖ-ਵੱਖ ਢੰਗਾਂ ਨਾਲ ਲੋਕਾਂ ਨੂੰ ਹੋਕਾ ਦਿੱਤਾ ਕਿ ਕਰੋਨਾ ਤੋ ਡਰਨ ਦੀ ਨਹੀਂ, ਇਸ ਨਾਲ ਲੜਨ ਦੀ ਲੋੜ ਹੈ। ਇਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਜਿਵੇਂ ਹੱਥਾ ਨੂੰ ਸਾਬਣ ਆਦਿ ਨਾਲ ਸਮੇਂ ਸਮੇਂ ਤੇ ਧੋਣਾ, ਦੂਜੇ ਵਿਅਕਤੀ ਤੋ 2 ਫੱਟ ਦੀ ਦੂਰੀ ਬਣਾ ਕੇ ਰੱਖਣੀ ਅਤੇ ਮੂੰਹ ਅਤੇ ਨੱਕ ਤੇ ਮਾਸਕ ਲਾ ਕੇ ਰੱਖਣਾ ਆਦਿ ਨੂੰ ਜ਼ਿੰਦਗੀ ਵਿੱਚ ਅਪਣਾਉਣ ਨਾਲ ਇਸ ਤੋਂ ਬੱਚਿਆਂ ਜਾ ਸਕਦਾ ਹੈ ਅਤੇ ਇਸ ’ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।