ਮਿਸ਼ਨ ਫਤਿਹ: 97 ਫੀਸਦੀ ਝੋਨੇ ਦੀ ਲਿਫ਼ਟਿੰਗ ਅਤੇ ਕਿਸਾਨਾਂ ਨੂੰ 92 ਫੀਸਦੀ ਰਾਸ਼ੀ ਦੀ ਕੀਤੀ ਅਦਾਇਗੀ: ਡੀਸੀ

ਮੁਹਾਲੀ ਜ਼ਿਲ੍ਹੇ ਵਿੱਚ ਝੋਨੇ ਦੀ 100 ਫੀਸਦੀ ਸਰਕਾਰੀ ਖ਼ਰੀਦ ਕਰਨ ਦਾ ਦਾਅਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਨਵੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀਆਂ ਅਨਾਜ ਮੰਡੀਆਂ ਸਮੇਤ ਕਿਸਾਨਾਂ ਦੀ ਸੁਵਿਧਾ ਲਈ ਸਥਾਪਿਤ ਕੀਤੇ 27 ਆਰਜ਼ੀ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਨਿਰਵਿਘਨ ਖ਼ਰੀਦ ਦਾ ਕੰਮ ਜਾਰੀ ਹੈ। ਹੁਣ ਤੱਕ ਮੰਡੀਆਂ ਵਿੱਚ 2 ਲੱਖ 12 ਹਜ਼ਾਰ 637 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਸਰਕਾਰੀ ਖ਼ਰੀਦ ਏਜੰਸੀਆਂ ਰਾਹੀਂ 100 ਫੀਸਦੀ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੰਡੀਆਂ ਵਿੱਚ ਪੁੱਜੀ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖ਼ਰੀਦਿਆਂ ਜਾਵੇਗਾ ਅਤੇ ਹੁਣ ਤੱਕ 97 ਫੀਸਦੀ ਝੋਨੇ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦਾ ਜਾਰੀ ਹੈ।
ਡੀਸੀ ਨੇ ਦਾਅਵਾ ਕੀਤਾ ਕਿ ਮੰਡੀਆਂ ਵਿੱਚ ਖ਼ਰੀਦੇ ਝੋਨੇ ਬਦਲੇ ਹੁਣ ਤੱਕ ਕਿਸਾਨਾਂ ਨੂੰ 92 ਫੀਸਦੀ ਰਾਸ਼ੀ ਦੀ ਅਦਾਇਗੀ ਕਰ ਦਿੱਤੀ ਹੈ। ਉਨ੍ਹਾਂ ਝੋਨੇ ਦੀ ਚੰਗੀ ਆਮਦ ਹੋਣ ’ਤੇ ਤਸੱਲੀ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਸਾਲ ਕੋਵਿਡ-19 ਦੇ ਚੱਲਦਿਆਂ ਕਿਸਾਨਾਂ ਨੇ ਆਪਣੀ ਮਿਹਨਤ ਨਾਲ ਝੋਨੇ ਦੀ ਫਸਲ ਦੀ ਪੈਦਾਵਾਰ ਵਿੱਚ ਘਾਟ ਮਹਿਸੂਸ ਨਹੀਂ ਹੋਣ ਦਿੱਤੀ। ਸਰਕਾਰੀ ਏਜੰਸੀਆਂ ਵੱਲੋਂ ਅਗੇਤੇ ਮਿੱਥੇ ਟੀਚੇ ਤੋਂ 35 ਫੀਸਦੀ ਝੋਨੇ ਦੀ ਫਸਲ ਕਿਸਾਨਾਂ ਵੱਲੋਂ ਵੱਧ ਪੈਦਾ ਕੀਤੀ ਗਈ ਹੈ। ਕਿਸਾਨਾਂ ਦਾ ਮਿਸ਼ਨ ਫਤਿਹ ਵਿੱਚ ਇਹ ਵੱਡਾ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਦੇ ਝੋਨੇ ਦੀ ਖ਼ਰੀਦ ਕਰਨ ਲਈ ਕੀਤੇ ਪ੍ਰਬੰਧ ਵੀ ਤਸੱਲੀਬਖ਼ਸ਼ ਹਨ।
ਡੀਸੀ ਨੇ ਦੱਸਿਆ ਕਿ ਖ਼ਰੀਦ ਕੀਤੇ ਝੋਨੇ ਦੀ ਅਦਾਇਗੀ ਯੋਗ ਰਕਮ 400 ਕਰੋੜ 62 ਲੱਖ ਰੁਪਏ ਬਣਦੀ ਹੈ। ਜਿਸ ’ਚੋਂ ਕਿਸਾਨਾਂ ਨੂੰ 368 ਕਰੋੜ 72 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਨੇ 99.15 ਕਰੋੜ, ਮਾਰਕਫੈਡ ਨੇ 132.93 ਕਰੋੜ, ਪਨਸਪ ਨੇ 64.97 ਕਰੋੜ, ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 43.97 ਕਰੋੜ, ਐਫ਼ਸੀਆਈ ਨੇ 27.70 ਕਰੋੜ ਰੁਪਏ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਨਗਰੇਨ ਵੱਲੋਂ 55 ਹਜ਼ਾਰ 507 ਮੀਟਰਿਕ ਟਨ, ਮਾਰਕਫੈੱਡ ਵੱਲੋਂ 74 ਹਜ਼ਾਰ 507 ਮੀਟਰਿਕ ਟਨ, ਪਨਸਪ ਵੱਲੋਂ 38 ਹਜ਼ਾਰ 673 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ 26 ਹਜ਼ਾਰ 068 ਮੀਟਰਿਕ ਟਨ, ਐਫ਼ਸੀਆਈ ਵੱਲੋਂ 17 ਹਜ਼ਾਰ 437 ਮੀਟਰਿਕ ਟਨ ਅਤੇ ਵਾਪਰੀਆਂ ਵੱਲੋਂ 445 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।

Load More Related Articles

Check Also

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ ਪਰਮਾਰ ਤੇ ਹੋਰਨਾਂ ਵ…