
ਮਿਸ਼ਨ ਫਤਿਹ: ਕਰੋਨਾ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਦਾ ਆਗਾਜ਼
ਕਰੋਨਾ ਸੰਕਟ ਦੌਰਾਨ ਮਿਸ਼ਨ ਫਤਿਹ ਰਾਜ ਦੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਢੁਕਵਾਂ ਮੰਤਰ: ਪੁਰਖਾਲਵੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ:
ਕਰੋਨਾਵਾਇਰਸ ਦੀ ਮਹਾਮਾਰੀ ਨੂੰ ਲੱਕ ਤੋੜਵੀਂ ਹਾਰ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨੇ ਗਏ ਮਿਸ਼ਨ ਫਤਿਹ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਜੋਂ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਘਰ-ਘਰ ਮੁਹਿੰਮ ਵਿੱਢੀ ਗਈ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਸਰਕਾਰੀ ਆਈਟੀਆਈ (ਲੜਕੀਆਂ) ਫੇਜ਼-5 ਦੀਆਂ ਸਿੱਖਿਆਰਥਣਾਂ ਨੇ ਅੱਜ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਹੇਠ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਅਤੇ ਹੋਰ ਭੀੜ-ਭਾੜ ਵਾਲੇ ਚੌਕਾਂ ਵਿੱਚ ਇੱਕ ਵਿਸ਼ੇਸ਼ ਚੇਤਨਾ ਮੁਹਿੰਮ ਦਾ ਆਯੋਜਨ ਕਰਕੇ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਨੂੰ ਇਸ ਜਾਨਲੇਵਾ ਦੀ ਲਾਗ ਤੋਂ ਬਚਣ ਲਈ ਜਾਗਰੂਕ ਕੀਤਾ।
ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੱੁਖ ਸਕੱਤਰ ਅਨੁਰਾਗ ਵਰਮਾ ਦੀਆਂ ਹਦਾਇਤਾਂ ਅਤੇ ਪ੍ਰਿੰਸੀਪਲ ਤੇ ਜ਼ਿਲ੍ਹਾ ਨੋਡਲ ਅਫ਼ਸਰ ਸ਼ਮਸ਼ੇਰ ਪੁਰਖਾਲਵੀ ਦੀ ਅਗਵਾਈ ਹੇਠ ਆਈਟੀਆਈ ਦੇ ਸਮੂਹ ਸਟਾਫ਼ ਅਤੇ ਸਿੱਖਿਆਰਥਣਾਂ ਵੱਲੋਂ ਕਰੋਨਾ ਤੋਂ ਬਚਾਅ ਸਬੰਧੀ ਜ਼ਰੂਰੀ ਸਾਵਧਾਨੀਆਂ ਬਾਰੇ ਲਿਖੇ ਸੁਨੇਹਿਆਂ ਵਾਲੇ ਬੈਨਰ ਅਤੇ ਤਖ਼ਤੀਆਂ ਹੱਥਾਂ ਵਿੱਚ ਫੜ ਕੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਫੇਜ਼-7 ਅਤੇ ਫੇਜ਼-8 ਲਾਲ ਬੱਤੀ ਚੌਂਕ, ਫੇਜ਼-3/5 ਦੇ ਟਰੈਫ਼ਿਕ ਲਾਈਟ ਪੁਆਇੰਟ ਅਤੇ ਜ਼ਿਲ੍ਹਾ ਪ੍ਰਬੰਧਕੀ ਤੇ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਬਾਹਰ ਲਗਾਤਾਰ 3 ਘੰਟੇ ਪਹਿਰਾ ਦਿੱਤਾ ਗਿਆ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਆਈਟੀਆਈ ਦੀ ਵਰਦੀ ਵਿੱਚ ਆਈਆਂ ਸਿੱਖਿਆਰਥਣਾਂ ਨੇ ਇੰਸਟਰਕਟਰ ਸ੍ਰੀਮਤੀ ਅੰਮ੍ਰਿਤਬੀਰ ਕੌਰ ਹੁੰਦਲ ਦੀ ਨਿਗਰਾਨੀ ਹੇਠ ਸ਼ਹਿਰ ਦੇ ਪ੍ਰਮੁੱਖ ਚੌਂਕ ਚੌਰਾਹਿਆਂ ਵਿੱਚ ਖੜ੍ਹੇ ਲੋਕਾਂ ਨੂੰ ਜ਼ੁਬਾਨੀ ਅਤੇ ਵਿਸ਼ੇਸ਼ ਇਸ਼ਾਰਿਆਂ ਨਾਲ ਜਾਗਰੂਕ ਕਰਨ ਦੇ ਨਾਲ-ਨਾਲ ਪੈਂਫ਼ਲਿਟ ਵੀ ਵੰਡੇ। ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਮੁੱਚੇ ਸਟਾਫ਼ ਅਤੇ ਸਿੱਖਿਆਰਥਣਾਂ ਵੱਲੋਂ ਆਪਣੇ ਮੂੰਹ ਉੱਤੇ ਮਾਸਕ ਅਤੇ ਹੱਥਾਂ ਵਿੱਚ ਦਸਤਾਨੇ ਪਾਉਣ ਸਮੇਤ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਪ੍ਰਭਾਵਸ਼ਾਲੀ ਢੰਗ ਨਾਲ ਜਾਗਰੂਕਤਾ ਦਾ ਹੋਕਾ ਦਿੱਤਾ।