
ਮਿਸ਼ਨ ਫਤਿਹ: ਜ਼ਿਲ੍ਹਾ ਪੁਲੀਸ ਵੱਲੋਂ 80 ਜਨਤਕ ਵਾਲੰਟੀਅਰਾਂ ਦਾ ਵਿਸ਼ੇਸ਼ ਸਨਮਾਨ
2202 ਵਿਅਕਤੀਆਂ ਦੇ ਚਲਾਨ ਅਤੇ 6 ਲੱਖ 73 ਹਜ਼ਾਰ 700 ਜੁਰਮਾਨਾ ਵਸੂਲਿਆ
ਸਿਹਤ ਪ੍ਰੋਟੋਕਾਲ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਜ਼ਿਲ੍ਹਾ ਪੁਲੀਸ ਨੇ ਅੱਜ 80 ਜਨਤਕ ਵਲੰਟੀਅਰਾਂ ਨੂੰ ਮਿਸ਼ਨ ਫਤਿਹ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਪਾਏ ਵਿਸ਼ੇਸ਼ ਯੋਗਦਾਨ ਲਈ ਬੈਜ ਲਗਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਜਨਤਕ ਵਲੰਟੀਅਰ ਨਾਕਿਆਂ ਅਤੇ ਚੈੱਕ ਪੁਆਇੰਟਾਂ ’ਤੇ ਆਮ ਲੋਕਾਂ ਨੂੰ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਸੁਰੱਖਿਆ ਸਾਵਧਾਨੀਆਂ ਜਿਵੇਂ ਕਿ ਬਾਹਰ ਜਾਣ ਵੇਲੇ ਮਾਸਕ ਪਹਿਨਣਾ, ਜ਼ਰੂਰੀ ਫਾਸਲਾ ਬਣਾ ਕੇ ਰੱਖਣਾ ਅਤੇ 20 ਸੈਕਿੰਡ ਤੱਕ ਸਾਬਣ ਨਾਲ ਹੱਥ ਧੋਣੇ ਅਤੇ ਸੈਨੇਟਾਈਜਰ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਪੁਲੀਸ ਦੀ ਸਹਾਇਤਾ ਕਰ ਰਹੇ ਹਨ।
ਡੀਐਸਪੀ ਮਨਜੀਤ ਸਿੰਘ ਅੌਲਖ ਨੇ ਦੱਸਿਆ ਕਿ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲੀਸ ਕਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ ਸਰਗਰਮੀ ਨਾਲ ਆਮ ਲੋਕਾਂ ਨੂੰ ਸ਼ਾਮਲ ਕਰ ਰਹੀ ਹੈ। ਇਸ ਪ੍ਰਕਿਰਿਆ ਵਿੱਚ ਲੋਕਾਂ ਨੂੰ ਜਨਤਕ ਤੌਰ ’ਤੇ ਮਿਸ਼ਨ ਫਤਿਹ ਵਾਰੀਅਰ ਬਣਨ ਲਈ ਉਤਸ਼ਾਹਿਤ ਕਰ ਰਹੀ ਹੈ ਕਿਉਂਜੋ ਮਿਸ਼ਨ ਫਤਿਹ ਨੂੰ ਸਫਲ ਬਣਾਉਣ ਲਈ ਆਮ ਨਾਗਰਿਕਾਂ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ 20 ਮਈ ਤੋਂ 21 ਜੂਨ ਤੱਕ ਜ਼ਿਲ੍ਹਾ ਪੁਲੀਸ ਨੇ ਮੂੰਹ ’ਤੇ ਮਾਸਕ ਨਾ ਲਗਾਉਣਾ, ਜਨਤਕ ਥਾਵਾਂ ’ਤੇ ਥੁੱਕਣ ਅਤੇ ਉਚਿੱਤ ਸਮਾਜਿਕ ਦੂਰੀ ਬਣਾ ਕੇ ਨਾ ਰੱਖਣ ਦੇ ਦੋਸ਼ ਹੇਠ 2202 ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ ਅਤੇ 6 ਲੱਖ 73 ਹਜ਼ਾਰ 700 ਰੁਪਏ ਜੁਰਮਾਨਾ ਰਾਸੀ ਇਕੱਤਰ ਕੀਤੀ ਗਈ।
ਘਰ ਤੋਂ ਬਾਹਰ ਜਾਣ ਵੇਲੇ ਮਾਸਕ ਨਾ ਪਾਉਣ ਦੇ ਅਪਰਾਧ ਲਈ ਕੁਲ 2155 ਵਿਅਕਤੀਆਂ ਦੇ ਚਲਾਨ ਕੀਤੇ ਗਏ ਅਤੇ 6 ਲੱਖ 61 ਹਜ਼ਾਰ 400 ਰੁਪਏ ਜੁਰਮਾਨਾ, ਜਨਤਕ ਥਾਵਾਂ ’ਤੇ ਥੁੱਕਣ ਦੇ ਦੋਸ਼ ਵਿੱਚ 43 ਵਿਅਕਤੀਆਂ ਦੇ ਚਲਾਨ ਅਤੇ 4300 ਰੁਪਏ ਜੁਰਮਾਨਾ ਅਤੇ ਸਮਾਜਿਕ ਦੂਰੀ ਨਾ ਬਣਾਈ ਰੱਖਣ ਦੇ ਜੁਰਮ ਲਈ 4 ਵਿਅਕਤੀਆਂ ਦੇ ਚਲਾਨ ਕਰਕੇ ਉਨ੍ਹਾਂ ਤੋਂ 8 ਹਜ਼ਾਰ ਰੁਪਏ ਦੀ ਜੁਰਮਾਨਾ ਰਾਸ਼ੀ ਇਕੱਠੀ ਹੋਈ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਸਿਲਸਿਲਾ ਜਾਰੀ ਰਹੇਗਾ।