
ਮਿਸ਼ਨ ਫਤਿਹ: ਰੇਹੜੀ-ਫੜੀ ਵਾਲਿਆਂ ਲਈ ਸਿਖਲਾਈ ਪ੍ਰੋਗਰਾਮ ਸ਼ੁਰੂ, ਸਿੱਧੂ ਨੇ ਕੀਤਾ ਉਦਘਾਟਨ
ਪੀਜੀਆਈ ਦੇ ਮਾਹਰ ਡਾਕਟਰ ਦੇਣਗੇ ਰੇਹੜੀ-ਫੜੀ ਵਾਲਿਆਂ ਨੂੰ ਕੋਵਿਡ-19 ਬਾਰੇ ਵਿਸ਼ੇਸ਼ ਸਿਖਲਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
‘ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਭਾਵਸ਼ਾਲੀ ਢੰਗ ਨਾਲ ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਕੋਈ ਵੀ ਕਸਰ ਨਹੀਂ ਛੱਡ ਰਹੀ। ਪਰ ਇਹ ਯਕੀਨੀ ਬਣਾਉਣ ਲਈ ਕਿ ਇਨ੍ਹਾਂ ਯਤਨਾਂ ਦੇ ਨਤੀਜੇ ਸਾਹਮਣੇ ਆਉਣ, ਲੋਕਾਂ ਦਾ ਤਨਦੇਹੀ ਨਾਲ ਸਹਿਯੋਗ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਹਿਰੀ ਸਟਰੀਟ ਵਿਕਰੇਤਾਵਾਂ ਲਈ ਏਕੀਕ੍ਰਿਤ ਸਿਖਲਾਈ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕੀਤਾ। ਸਮਾਗਮ ਦੀ ਪ੍ਰਧਾਨਗੀ ਸਥਾਨਕ ਸਰਕਾਰਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਕੀਤੀ। ਕਮਿਸ਼ਨਰ ਕਮਲ ਗਰਗ ਅਤੇ ਸੰਯੁਕਤ ਕਮਿਸ਼ਨਰ ਡਾ. ਕਨੂ ਥਿੰਦ ਨੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ 10 ਜੁਲਾਈ ਤੱਕ ਚੱਲੇਗਾ।
ਇਹ ਸਿਖਲਾਈ ਪ੍ਰੋਗਰਾਮ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ ਵਿਭਾਗ, ਪੀਜੀਆਈ ਚੰਡੀਗੜ੍ਹ ਵੱਲੋਂ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਪੰਜਾਬ ਰਾਜ ਸ਼ਹਿਰੀ ਜੀਵਿਕਾ ਮਿਸ਼ਨ (ਪੀਐੱਸਯੂਐੱਲਐੱਮ), ਦੀਨਦਿਆਲ ਅੰਤਿਯੋਦਿਆ ਯੋਜਨਾ-ਰਾਸ਼ਟਰੀ ਸ਼ਹਿਰੀ ਜੀਵਿਕਾ ਮਿਸ਼ਨ (ਡੇਅ-ਐਨਯੂਐਲਐਮ) ਅਧੀਨ ਭੋਜਨ ਪਦਾਰਥਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਸ਼ਹਿਰੀ ਸਟਰੀਟ ਵਿਕਰੇਤਾ ਲਈ ਕਰਵਾਇਆ ਗਿਆ ਸੀ।
ਉਨ੍ਹਾਂ ਨਗਰ ਨਿਗਮ ਕੋਲ ਰਜਿਸਟਰਡ 922 ਸਟਰੀਟ ਵਿਕਰੇਤਾਵਾਂ ਨੂੰ ਸਿਖਲਾਈ ਪ੍ਰੋਗਰਾਮ ਦਾ ਪੂਰਾ ਲਾਹਾ ਲੈਣ ਅਤੇ ਪੀਜੀਆਈ ਨਾਲ ਜੁੜੇ ਉੱਘੇ ਡਾਕਟਰਾਂ ਦੁਆਰਾ ਸਿਖਾਈ ਜਾ ਰਹੀ ਵਿਧੀ ਅਤੇ ਤਕਨੀਕਾਂ ਨੂੰ ਅਪਨਾਉਣ ਲਈ ਕਿਹਾ। ਉਨ੍ਹਾਂ ਲੋਕਾਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਉਹ ਜਿਹੜੀਆਂ ਚੀਜ਼ਾਂ ਵੇਚਦੇ ਹਨ ਉਹ ਬਿਲਕੁਲ ਸਾਫ਼ ਅਤੇ ਪੌਸ਼ਟਿਕ ਹੋਣ। ਸਵੱਛਤਾ ਨੂੰ ਜੀਵਨ ਢੰਗ ਦੇ ਰੂਪ ਵਿੱਚ ਢਾਲਣ ਦੀ ਅਪੀਲ ਕਰਦਿਆਂ ਮੰਤਰੀ ਨੇ ਕਿਹਾ ਕਿ ਸਫਾਈ ਨੂੰ ਯਕੀਨੀ ਬਣਾਉਣ ਨਾਲ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਯੋਜਨਾ ਵਿਚਾਰ ਅਧੀਨ ਹੈ ਜਿਸ ਅਨੁਸਾਰ ਵਿਕਰੇਤਾ ਅਸਾਨ ਸ਼ਰਤਾਂ ’ਤੇ 10,000 ਰੁਪਏ ਤੱਕ ਦਾ ਕਰਜ਼ਾ ਲੈ ਸਕਦਾ ਹੈ ਜਿਸ ਦਾ ਵਿਆਜ ਰਾਜ ਸਰਕਾਰ ਅਦਾ ਕਰੇਗੀ।
ਇਸ ਮੌਕੇ ਪੀਜੀਆਈ ਤੋਂ ਡਾ. ਵਿਜੇਂਦਰ, ਡਾ. ਪੂਨਮ ਖੰਨਾ ਨੇ ਸਟਰੀਟ ਵਿਕਰੇਤਾਵਾਂ ਨੂੰ ਕਰੋਨਾਵਾਇਰਸ ਕਾਰਨ ਮੌਜੂਦਾ ਪ੍ਰਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਆਪਣੀਆਂ ਵਸਤਾਂ ਸਾਫ-ਸੁਥਰੇ ਮਾਹੌਲ ਵਿਚ ਬਣਾਉਣ ’ਤੇ ਜ਼ੋਰ ਦਿੱਤਾ। ਸਟਰੀਟ ਵਿਕਰੇਤਾਵਾਂ ਨੂੰ ਸਿਹਤ ਵਿਭਾਗ ਦੇ ਪ੍ਰੋਟੋਕੋਲ ਅਨੁਸਾਰ ਸਮਾਜਿਕ ਦੂਰੀ ਬਣਾਈ ਰੱਖਣ ਤੋਂ ਇਲਾਵਾ ਮਾਸਕ ਪਹਿਨਣ, ਸਾਬਣ ਅਤੇ ਸੈਨੀਟਾਈਜ਼ਰ ਨਾਲ 20 ਸੈਕਿੰਟ ਲਈ ਆਪਣੇ ਹੱਥ ਧੋਣ ਲਈ ਜਾਗਰੂਕ ਕੀਤਾ ਗਿਆ। ਇੱਕ ਨਾਟਕ ਵੀ ਕਰਵਾਇਆ ਗਿਆ ਜੋ ਸਾਫ਼-ਸਫ਼ਾਈ ’ਤੇ ਜ਼ੋਰ ਦੇ ਰਿਹਾ ਸੀ, ਅਤੇ ਮਿਸ਼ਨ ਫਤਿਹ ਦੇ ਟੀਚਿਆਂ ਜਿਵੇਂ ਕਿ ਸਮਾਜਿਕ ਦੂਰੀ ਬਣਾਈ ਰੱਖਣ ’ਤੇ ਕੇਂਦਰਿਤ ਸੀ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸਕੱਤਰ ਰੰਜੀਵ ਕੁਮਾਰ, ਸੁਪਰਡੈਂਟ ਜਸਵਿੰਦਰ ਸਿੰਘ ਵੀ ਹਾਜ਼ਰ ਸਨ।