nabaz-e-punjab.com

ਮਿਸ਼ਨ ਤੰਦਰੁਸਤ ਪੰਜਾਬ: ਜ਼ਿਲ੍ਹਾ ਮੁਹਾਲੀ ਵਿੱਚ ‘ਕੇਅਰ ਕੰਪੈਨੀਅਨ’ ਪ੍ਰੋਗਰਾਮ ਦੀ ਸ਼ੁਰੂਆਤ

ਸਿਹਤ ਵਿਭਾਗ ਵੱਲੋਂ ਜੱਚਾ ਤੇ ਬੱਚਾ ਦੀ ਸੰਭਾਲ ਬਾਰੇ ਕੀਤਾ ਜਾਵੇਗਾ ਜਾਗਰੂਕ: ਸਿਵਲ ਸਰਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਕਤੂਬਰ:
ਸਿਹਤ ਵਿਭਾਗ ਵੱਲੋਂ ਤੰਦਰੁਸਤ ਪੰਜਾਬ ਦੇ ਤਹਿਤ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ‘ਕੇਅਰ ਕੰਪੈਨੀਅਨ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜ਼ਿਲ੍ਹੇ ਦੀ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਕਿਹਾ ਕਿ ਜਣੇਪੇ ਮਗਰੋਂ ਜੱਚਾ ਅਤੇ ਬੱਚਾ ਦੀ ਸਿਹਤ ਦੀ ਸੰਭਾਲ ਬੇਹੱਦ ਜ਼ਰੂਰੀ ਹੁੰਦੀ ਹੈ। ਇਸ ਲਈ ਜਿੱਥੇ ਮਾਂ ਨੂੰ ਆਪਣੀ ਅਤੇ ਆਪਣੇ ਨਵ ਜੰਮੇ ਬੱਚੇ ਦੀ ਸਿਹਤ ਸੰਭਾਲ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਉੱਥੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਉਨ੍ਹਾਂ ਦਾ ਪੂਰਾ ਖਿਆਲ ਰੱਖਣ ਬਾਰੇ ਜਾਗਰੂਕ ਕਰਨ ਦੀ ਲੋੜ ਹੈ।
ਡਾ. ਰੀਟਾ ਭਾਰਦਵਾਜ ਨੇ ਕਿਹਾ ਕਿ ਇਸ ਮੰਤਵ ਲਈ ਸਮੁੱਚੇ ਜ਼ਿਲ੍ਹੇ ਅੰਦਰ ‘ਕੇਅਰ ਕੰਪੈਨੀਅਨ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿੱਚ ਸਟਾਫ਼ ਨਰਸਾਂ, ਨਰਸਿੰਗ ਵਿਦਿਆਰਥੀਆਂ ਅਤੇ ਜੱਚਾ-ਬੱਚਾ ਦੀ ਸਾਂਭ-ਸੰਭਾਲ ਨਾਲ ਜੁੜੇ ਸਟਾਫ਼ ਨੂੰ ਹਸਪਤਾਲਾਂ ਵਿੱਚ ਜੱਚਾ ਅਤੇ ਬੱਚਾ ਦੀ ਸਿਹਤ ਦਾ ਖ਼ਿਆਲ ਰੱਖਣਾ ਸਿਹਤ ਅਮਲੇ ਦਾ ਫ਼ਰਜ਼ ਅਤੇ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਸਿਹਤ ਅਮਲੇ ਨੂੰ ਜੱਚਾ ਅਤੇ ਬੱਚਾ ਦੋਵਾਂ ਨਾਲ ਚੰਗਾ ਅਤੇ ਸਨੇਹ ਭਰਿਆ ਵਿਹਾਰ ਕਰਨ ਅਤੇ ਦੋਵਾਂ ਦੀਆਂ ਲੋੜਾਂ ਦਾ ਚੰਗੀ ਤਰ੍ਹਾਂ ਖ਼ਿਆਲ ਰੱਖਣ ਅਤੇ ਹਸਪਤਾਲ ਆਉਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਨੂੰ ਲੋੜੀਂਦੀ ਜਾਣਕਾਰੀ ਦੇਣ ’ਤੇ ਜ਼ੋਰ ਦਿੱਤਾ।
ਸਿਵਲ ਸਰਜਨ ਨੇ ਕਿਹਾ ਕਿ ਜਦ ਅੌਰਤ ਆਪਣੇ ਨਵ ਜੰਮੇ ਬੱਚੇ ਨਾਲ ਹਸਪਤਾਲ ’ਚੋਂ ਛੁੱਟੀ ਮਿਲਣ ਮਗਰੋਂ ਆਪਣੇ ਘਰ ਚਲੀ ਜਾਂਦੀ ਹੈ ਤਾਂ ਦੋਵਾਂ ਨੂੰ ਸਹੀ ਦੇਖ-ਭਾਲ ਦੀ ਲੋੜ ਹੁੰਦੀ ਹੈ। ਇਸ ਲਈ ਪਰਿਵਾਰਕ ਮੈਂਬਰਾਂ ਨੂੰ ਦੋਵਾਂ ਦੀ ਸਿਹਤ ਸੰਭਾਲ ਬਾਰੇ ਪਤਾ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੱਚਾ ਅਤੇ ਬੱਚਾ ਦੀ ਸਿਹਤ ਪ੍ਰਤੀ ਲਾਪਰਵਾਹੀ ਦੋਵਾਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਕਈ ਵਾਰ ਪਰਿਵਾਰਕ ਮੈਂਬਰਾਂ ਦੀ ਅਣਗਹਿਲੀ ਕਾਰਨ ਜੱਚਾ ਅਤੇ ਬੱਚਾ ਨੂੰ ਗੰਭੀਰ ਇਨਫੈਕਸ਼ਨ ਹੋ ਸਕਦੀ ਹੈ। ਇਸ ਪ੍ਰੋਗਰਾਮ ਦੇ ਮੈਨੇਜਰ ਡਾ. ਭਾਨੂ ਪ੍ਰਤਾਪ ਨੇ ਦੱਸਿਆ ਕਰਨਾਟਕ ਮਗਰੋਂ ਪੰਜਾਬ ਦੂਜਾ ਰਾਜ ਹੈ, ਜਿੱਥੇ ਇਹ ਪ੍ਰੋਗਰਾਮ ਚਲਾਇਆ ਗਿਆ ਹੈ। ਪਹਿਲਾਂ ਇਹ ਪ੍ਰੋਗਰਾਮ ਛੇ ਜ਼ਿਲ੍ਹਿਆਂ ਵਿੱਚ ਚੱਲ ਰਿਹਾ ਸੀ ਅਤੇ ਹੁਣ ਸਾਰੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਸਟਾਫ਼ ਨਰਸਾਂ ਨੂੰ ਮਾਂ ਅਤੇ ਨਵ ਜੰਮੇ ਬੱਚੇ ਨੂੰ ਸਹੀ ਤੇ ਪੌਸ਼ਟਿਕ ਖ਼ੁਰਾਕ ਦੇਣ, ਬੱਚੇ ਨੂੰ ਦੁੱਧ ਪਿਲਾਉਣ ਦੇ ਸਹੀ ਤਰੀਕਿਆਂ, ਬੱਚੇ ਨੂੰ ਲੱਗਣ ਵਾਲੇ ਟੀਕਿਆਂ ਬਾਰੇ ਜਾਗਰੂਕ ਕੀਤਾ। ਡਾ. ਪ੍ਰਤਾਪ ਨੇ ਕਿਹਾ ਕਿ ਪ੍ਰੋਗਰਾਮ ਦਾ ਮੰਤਵ ਜੱਚਾ ਅਤੇ ਬੱਚਾ ਮੌਤ ਦਰ ਅਤੇ ਬਿਮਾਰੀਆਂ ਵਿੱਚ ਕਮੀ ਲਿਆਉਣਾ ਹੈ। ਇਹ ਤੱਦ ਹੀ ਸੰਭਵ ਹੋ ਸਕਦਾ ਹੈ ਜਦੋਂ ਦੋਵਾਂ ਦੀ ਹਸਪਤਾਲ ਅਤੇ ਘਰ ਵਿੱਚ ਚੰਗੀ ਦੇਖਭਾਲ ਹੋਵੇਗੀ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰੁਪਿੰਦਰ ਕੌਰ ਵਾਲੀਆ, ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਮਨਜੀਤ ਸਿੰਘ, ਡਾ. ਗੁਰਮਨ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …