ਮਿਸ਼ਨ ਸ਼ਤ-ਪ੍ਰਤੀਸ਼ਤ: ਮੈਰੀਟੋਰੀਅਸ ਸਕੂਲ ਜਲੰਧਰ ਵਿੱਚ ਕੀਤੀ ਸਕੂਲ ਮੁਖੀਆਂ ਨਾਲ ਮੀਟਿੰਗ

ਸਿੱਖਿਆ ਵਿਭਾਗ ਪੰਜਾਬ ਵੱਲੋਂ ਫਰਵਰੀ ਵਿੱਚ ਲਈ ਜਾਵੇਗੀ ਪ੍ਰੀ-ਬੋਰਡ ਪ੍ਰੀਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਜਲੰਧਰ, 14 ਜਨਵਰੀ:
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਕੂਲੀ ਸਿੱਖਿਆ ਦਾ ਮਿਆਰ ਉੱਚਾ ਹੋ ਰਿਹਾ ਹੈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਮਿਸ਼ਨ ਸ਼ਤ-ਪ੍ਰਤੀਸ਼ਤ ਤਹਿਤ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਜ਼ਿਲ੍ਹਾ ਜਲੰਧਰ ਦੇ ਸਕੂਲ ਮੁਖੀਆਂ ਦੀ ਮੀਟਿੰਗ ਮੈਰੀਟੋਰੀਅਸ ਸਕੂਲ ਜਲੰਧਰ ਵਿਖੇ ਕੀਤੀ ਗਈ। ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਜਲੰਧਰ, ਉਪ-ਜ਼ਿਲ੍ਹਾ ਸਿੱਖਿਆ ਸੈਕੰਡਰੀ ਸਿੱਖਿਆ ਜਲੰਧਰ, ਸਿੱਖਿਆ ਸੁਧਾਰ ਟੀਮ ਦੇ ਮੂਖੀ ਅਤੇ ਸਮੂਹ ਮੈਂਬਰਾਂ, ਜ਼ਿਲ੍ਹਾ ਮੈਂਟਰ ਅਤੇ ਬਲਾਕ ਮੈਂਟਰਾਂ ਅੰਗਰੇਜ਼ੀ, ਸਾਇੰਸ, ਸਮਾਜਿਕ, ਹਿੰਦੀ, ਗਣਿਤ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਦੇ ਪ੍ਰਿੰਸੀਪਲ ਮੈਂਟਰਾਂ ਨੇ ਭਾਗ ਲਿਆ। ਸਕੂਲ ਮੁਖੀ ਫਰਵਰੀ ਵਿੱਚ ਹੋਣ ਵਾਲੀ ਪ੍ਰੀ-ਬੋਰਡ ਪ੍ਰੀਖਿਆ ਲਈ ਵਿਦਿਆਰਥੀਆਂ ਦੀ ਅਗਵਾਈ ਕਰਨਗੇ, ਜੋ ਹੁਣੇ ਤੋਂ ਤਿਆਰੀਆਂ ਵਿੱਚ ਜੁੱਟ ਗਏ ਹਨ।
ਇਸ ਮੌਕੇ ਐੱਸਸੀਈਆਰਟੀ ਦੇ ਸਹਾਇਕ ਡਾਇਰੈਕਟਰ ਟਰੇਨਿੰਗਾਂ ਸਲਿੰਦਰ ਸਿੰਘ ਨੇ ਸਮੂਹ ਵਿਸ਼ਾ ਮੈਂਟਰਾਂ ਨੂੰ ਕਿਹਾ ਕਿ ਉਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰ ਕੇ ਸਕੂਲ ਦੇ ਵਿਦਿਆਰਥੀਆਂ ਦੇ ਦਸੰਬਰ ਘਰੇਲੂ ਇਮਤਿਹਾਨਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਵਿਦਿਆਰਥੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਤਿਆਰੀ ਕਰਵਾਉਣ। ਉਨ੍ਹਾਂ ਕਿਹਾ ਕਿ ਮਿਸ਼ਨ ਸ਼ਤ-ਪ੍ਰਤੀਸ਼ਤ ਦਾ ਮਤਲਬ ਕਿ ਸਾਲਾਨਾ ਪ੍ਰੀਖਿਆਵਾਂ ਵਿੱਚ ਅਪੀਅਰ ਹੋਣ ਵਾਲੇ ਸਾਰੇ ਵਿਦਿਆਰਥੀ ਪਾਸ ਹੋਣ, ਵੱਧ ਤੋਂ ਵੱਧ ਵਿਦਿਆਰਥੀ 90 ਫੀਸਦੀ ਅੰਕ ਪ੍ਰਾਪਤ ਕਰਨ ਅਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕਾਂ ਦੀ ਵੇਟੇਡ ਐਵਰੇਜ ਵੱਧ ਹੋਵੇ। ਇਸ ਲਈ ਸਮੂਹ ਸਕੂਲ ਮੁਖੀਆਂ ਨੂੰ ਅੰਕੜਾ ਵਿਸ਼ਲੇਸ਼ਣ ਕਰਨ ਵਿੱਚ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਜਲੰਧਰ ਦੇ ਸਮੂਹ ਬਲਾਕਾਂ ਦੇ ਬਲਾਕ ਨੋਡਲ ਅਫ਼ਸਰਾਂ ਨੇ ਆਪਣੇ ਅਧੀਨ ਸਕੂਲਾਂ ਦੀ ਅੰਕੜਾ ਵਿਸ਼ਲੇਸ਼ਣ ਰਿਪੋਰਟਾਂ ਪੇਸ਼ ਕੀਤੀਆਂ। ਜਿਸ ਵਿੱਚ ਸਕੂਲਾਂ ਵੱਲੋਂ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫਲਤਾ ਲਈ ਉਨ੍ਹਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਅਤੇ ਰਹਿ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਕੀਤੇ ਜਾਣ ਵਾਲੇ ਕਾਰਜਾਂ ’ਤੇ ਵੀ ਵਿਚਾਰ ਚਰਚਾ ਕੀਤੀ ਗਈ। ਸਕੂਲ ਮੁਖੀਆਂ ਵੱਲੋਂ ਸਕੂਲਾਂ ਵਿੱਚ ਲਗਾਈਆਂ ਜਾ ਰਹੀਆਂ ਵਾਧੂ ਕਲਾ, ਦੁਹਰਾਈ ਲਈ ‘ਈਚ ਵਨ-ਆਸਕ ਵਨ’ ਤਹਿਤ ਬੱਚਿਆਂ ਦੀ ਸਵਾਲ ਕਰਨ ਦੀ ਯੋਗਤਾ ਅਤੇ ਉਹਨਾਂ ਦੇ ਸ਼ੰਕਿਆਂ ਦਾ ਨਿਵਾਰਣ, ਪੰਜਾਬ ਐਜੂਕੇਅਰ ਐਪ ਰਾਹੀਂ ਮਾਡਲ ਟੈਸਟ ਪੇਪਰਾਂ ਅਤੇ ਨਕਸ਼ਿਆਂ ਦੀ ਦੁਹਰਾਈ, ਐਜੂਕੇਅਰ ਐਪ ਦੀ ਵਰਤੋਂ ਆਦਿ ਬਾਰੇ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਟੀਮਾਂ ਨੇ ਆਪਣੇ ਸੁਝਾਅ ਦਿੱਤੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਿੰਦਰਪਾਲ ਸਿੰਘ ਨੇ ਸਮੂਹ ਮੈਂਟਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਵਨ ਸਟਾਪ ਸੋਲਿਊਸ਼ਨ ਐਪ ਪੰਜਾਬ ਐਜੂਕੇਅਰ ਐਪ ਬਹੁਤ ਹੀ ਜਿਆਦਾ ਫਾਇਦੇ ਮੰਦ ਹੈ। ਵਿਦਿਆਰਥੀ ਇਸ ਰਾਹੀ ਆਪਣੀ ਜਮਾਤ ਦੇ ਪਾਠਕ੍ਰਮ ਅਨੁਸਾਰ ਮਾਡਲ ਟੈਸਟ ਪੇਪਰ ਦੇਖ ਕੇ ਦੁਹਰਾਈ ਕਰ ਸਕਦੇ ਹਨ। ਇਸਦੇ ਨਾਲ ਹੀ ਵੱਖ-ਵੱਖ ਵਿਸ਼ਿਆਂ ਦੀਆਂ ਅਧਿਆਪਕਾਂ ਦੁਆਰਾ ਤਿਆਰ ਕੀਤੀਆਂ ਗਈਆਂ ਵੀਡੀਓਜ਼ ਵੀ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਬਾਰੇ ਵੀ ਬਾਖ਼ੂਬੀ ਜਾਗਰੂਕ ਕਰਨਾ ਅਧਿਆਪਕਾਂ ਅਤੇ ਮੈਂਟਰ ਅਧਿਆਪਕਾਂ ਦੀ ਇਕ ਵੱਡੀ ਜ਼ਿੰਮੇਵਾਰੀ ਬਣਦੀ ਹੈ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ, ਸਟੇਟ ਰਿਸੋਰਸ ਪਰਸਨ ਚੰਦਰ ਸ਼ੇਖਰ, ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਜਲੰਧਰ ਦੇ ਇੰਚਾਰਜ ਸੁਰਿੰਦਰ ਪਾਲ ਅਤੇ ਮੈਂਬਰ, ਜ਼ਿਲ੍ਹਾ ਮੈਂਟਰ ਗਣਿਤ ਜਸਵਿੰਦਰ ਭਮਰਾ, ਜ਼ਿਲ੍ਹਾ ਮੈਂਟਰ ਸਾਇੰਸ ਹਰਜੀਤ ਬਾਵਾ, ਡੀਐੱਸਐੱਮ ਅਸ਼ੋਕ ਬਸਰਾ, ਵੱਖ-ਵੱਖ ਵਿਸ਼ਿਆਂ ਦੇ ਜ਼ਿਲ੍ਹਾ ਅਤੇ ਬਲਾਕ ਮੈਂਟਰ, ਬਲਾਕ ਨੋਡਲ ਅਫ਼ਸਰ, ਪ੍ਰਿੰਸੀਪਲ ਮੈਂਟਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…