
ਮਿਸ਼ਨ-2022: ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਕਾਸ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ: ਰੰਧਾਵਾ
ਪੰਜਾਬ ਦਾ ਬਹੁਪੱਖੀ ਵਿਕਾਸ ਸਰਕਾਰ ਦੀ ਮੁੱਖ ਤਰਜੀਹ: ਸੁਖਜਿੰਦਰ ਰੰਧਾਵਾ
ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਯਤਨ ਜਾਰੀ ਰੱਖਾਂਗੇ: ਬਲਬੀਰ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼ਹਿਰਾਂ ਸਮੇਤ ਪੰਜਾਬ ਦਾ ਬਹੁਪੱਖੀ ਵਿਕਾਸ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੈ। ਮੁੱਖ ਮੰਤਰੀ ਨੇ ਇਸ ਪਾਸੇ ਵਿਸ਼ੇਸ਼ ਤਵੱਜੋ ਦਿੰਦਿਆਂ ਪਿਛਲੇ 4 ਸਾਲਾਂ ਦੇ ਸਮੇਂ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਸਰਬਪੱਖੀ ਵਿਕਾਸ ਕੀਤਾ ਗਿਆ ਹੈ। ਉਹ ਅੱਜ ਇੱਥੇ ਮੇਅਰ ਦੀ ਚੋਣ ਮੀਟਿੰਗ ਵਿੱਚ ਹਿੱਸਾ ਲੈਣ ਆਏ ਸੀ। ਉਨ੍ਹਾਂ ਕਿਹਾ ਕਿ ਫਰਵਰੀ ਮਹੀਨੇ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਰਾਜ ਦੇ ਲੋਕਾਂ ਨੇ ਕਾਂਗਰਸ ਦੇ ਹੱਕ ਵਿੱਚ ਫਤਵਾ ਦੇ ਕੇ ਪੰਜਾਬ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਉੱਤੇ ਪੱਕੀ ਮੋਹਰ ਲਗਾਈ ਹੈ ਅਤੇ ਅਗਲੇ ਵਰ੍ਹੇ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਵਿਕਾਸ ਦੇ ਮੁੱਦੇ ’ਤੇ ਲੜੀਆਂ ਜਾਣਗੀਆਂ। ਸ੍ਰੀ ਰੰਧਾਵਾ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਤੌਰ ਵਿਧਾਇਕ ਅਤੇ ਮੰਤਰੀ ਮੁਹਾਲੀ ਜ਼ਿਲ੍ਹੇ ਦੀ ਬੇਮਿਸਾਲ ਸੇਵਾ ਕੀਤੀ ਹੈ ਅਤੇ ਮੁਹਾਲੀ ਦੀ ਤਰੱਕੀ ਲਈ ਸਿਰਤੋੜ ਯਤਨ ਕੀਤੇ ਹਨ।
ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨਾਲ ਮੁਹਾਲੀ ਨੂੰ ਵੱਡੇ ਪੱਧਰ ’ਤੇ ਲਾਭ ਹੋਵੇਗਾ ਕਿਉਂਕਿ ਪੰਜਾਬ ਵਿੱਚ ਸਰਕਾਰ, ਮੁਹਾਲੀ ਤੋਂ ਵਿਧਾਇਕ ਅਤੇ ਮੇਅਰ ਇਕੋ ਪਾਰਟੀ ਦੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਯਤਨ ਜਾਰੀ ਰਹਿਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਮੁਹਾਲੀ ਹੋਰ ਜ਼ਿਆਦਾ ਤਰੱਕੀ ਕਰੇਗਾ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਪਰੂਨਿੰਗ ਮਸ਼ੀਨਾਂ ਸਮੇਤ ਜੋ ਵੀ ਕਥਿਤ ਬੇਨਿਯਮੀਆਂ ਹੋਈਆਂ ਹਨ, ਉਨ੍ਹਾਂ ਸਬੰਧੀ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਹੜੇ ਸੈਕਟਰ ਨਗਰ ਨਿਗਮ ਦੀ ਹੱਦ ਤੋਂ ਬਾਹਰ ਹਨ, ਉਨ੍ਹਾਂ ਨੂੰ ਨਿਗਮ ਦੀ ਹੱਦ ਵਿੱਚ ਲਿਆ ਕੇ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ।
ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਨਵਾਂ ਮੈਡੀਕਲ ਕਾਲਜ ਤੇ ਹਸਪਤਾਲ ਲਿਆਂਦਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਅੱਵਲ ਦਰਜੇ ਦੇ ਕਮਿਊਨਿਟੀ ਸੈਂਟਰ ਸਮੇਤ ਕਰੋੜਾਂ ਰੁਪਏ ਦੇ ਪ੍ਰਾਜੈਕਟ ਜੰਗੀ ਪੱਧਰ ’ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਨੇ ਦੇਸ਼ ਹੀ ਨਹੀਂ ਬਲਕਿ ਦੁਨੀਆਂ ਦੇ ਨਕਸ਼ੇ ’ਤੇ ਵੱਖਰੀ ਪਛਾਣ ਬਣਾਈ ਹੈ ਅਤੇ ਨਵੀਂ ਚੁਣੀਂ ਟੀਮ ਸ਼ਹਿਰ ਦੇ ਵਿਕਾਸ ਲਈ ਦਿਨ ਰਾਤ ਇੱਕ ਕਰਕੇ ਸੇਵਾ ਭਾਵਨਾ ਨਾਲ ਕੰਮ ਕਰੇਗੀ।
ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ, ਕਾਂਗਰਸ ਆਗੂ ਜੀਐਸ ਰਿਆੜ, ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ, ਸੁੱਚਾ ਸਿੰਘ ਕਲੋੜ, ਰਾਜਾ ਕੰਵਰਜੋਤ ਸਿੰਘ, ਸੁਖਦੀਪ ਸਿੰਘ ਨਿਆਂ ਸ਼ਹਿਰ, ਕੁਲਬੀਰ ਸਿੰਘ, ਪ੍ਰਿਤਪਾਲ ਸਿੰਘ ਲੌਂਗੀਆਂ, ਅਜੈਬ ਸਿੰਘ, ਜਤਿੰਦਰ ਆਨੰਦ, ਜਸਵਿੰਦਰ ਸਿੰਘ ਦੁਰਾਲੀ ਅਤੇ ਸਮੂਹ ਕੌਂਸਲਰਾਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਵਰਣਨਯੋਗ ਹੈ ਕਿ ਅੱਜ ਇੱਥੇ ਨਗਰ ਨਿਗਮ ਐਸ.ਏ.ਐਸ. ਨਗਰ (ਮੁਹਾਲੀ) ਦੇ ਦਫ਼ਤਰ ਵਿਖੇ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਅਤੇ ਡਵੀਜ਼ਨਲ ਕਮਿਸ਼ਨਰ, ਰੂਪਨਗਰ ਦੀ ਪ੍ਰਧਾਨਗੀ ਅਗਵਾਈ ‘ਚ ਚੁਣੇ ਹੋਏ ਕੌਂਸਲਰਾਂ ਦੀ ਇਕੱਤਰਤਾ ਹੋਈ, ਜਿਸ ‘ਚ ਸਰਬਸੰਮਤੀ ਨਾਲ ਨਗਰ ਨਿਗਮ ਐਸ.ਏ.ਐਸ. ਨਗਰ (ਮੁਹਾਲੀ) ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਈ।